ਏਕਤਾ ਲਈ ਸਵਾਰਥ ਨੂੰ ਤਿਆਗ ਦਿਉ
Ekta layi Swarth nu Tiyag Diyu
ਬਹੁਤ ਦਿਨ ਪਹਿਲਾਂ ਦੀ ਗੱਲ ਹੈ ਕਿ ਪੰਛੀਆਂ ਨੇ ਸਭਾ ਸੱਦ ਕੇ ਆਪਣਾ ਰਾਜਾ ਚੁਣਨ ਦਾ ਫ਼ੈਸਲਾ ਕੀਤਾ। ਜੰਗਲ ਵਿਚ ਇਕ ਖੁੱਲ੍ਹੇ ਮੈਦਾਨ ਵਿਚ ਮਾਸਖੋਰੇ ਪੰਛੀਆਂ ਨੂੰ ਛੱਡ ਕੇ ਬਾਕੀ ਸਾਰੇ ਪੰਛੀ ਸਭਾ ਵਾਸਤੇ ਇਕੱਠੇ ਹੋ ਗਏ । ਹੰਸ ਨੇ ਪਹਿਲ ਕੀਤੀ ਅਤੇ ਸਭ ਤੋਂ ਪਹਿਲਾਂ ਸਭਾ ਨੂੰ ਸੰਬੋਧਿਤ ਕਰਦਿਆਂ ਆਖਿਆ-ਦੋਸਤੋ, ਇਹ ਸਾਡੀ ਬਦਕਿਸਮਤੀ ਹੈ ਕਿ ਸਾਨੂੰ ਇਸ ਧਰਤੀ 'ਤੇ ਆਇਆਂ ਲੱਖਾਂ ਸਾਲ ਬੀਤ ਚੁੱਕੇ ਹਨ, ਪਰ ਅੱਜ ਤਕ ਸਾਡਾ ਇਕ ਵੀ ਰਾਜਾ ਨਹੀਂ ਹੋਇਆ, ਜਿਹੜਾ ਸਾਡੇ ਉੱਪਰ ਰਾਜ ਕਰ ਸਕੇ ਅਤੇ ਸਾਨੂੰ ਮਾਸਖੋਰੇ ਪੰਛੀਆਂ ਅਤੇ ਸ਼ਿਕਾਰੀਆਂ ਕੋਲੋਂ ਬਚਾ ਸਕੇ। ਇਹੋ ਕਾਰਨ ਹੈ ਕਿ ਸਾਡੇ ਵਿਚੋਂ ਕਈ ਜਾਤੀਆਂ ਲੁਪਤ ਹੋ ਗਈਆਂ ਹਨ ਅਤੇ ਕਈ ਲੁਪਤ ਹੋਣ ਦੀ ਸੀਮਾ ਰੇਖਾ ਤਕ ਪਹੁੰਚ ਚੁੱਕੀਆਂ ਹਨ। ਸਾਡੀ ਅਗਲੀਆਂ ਜਾਤੀਆਂ ਲੁਪਤ ਨਾ ਹੋਣ, ਇਸ ਗੱਲ ਨੂੰ ਧਿਆਨ ਵਿਚ ਰੱਖ ਕੇ ਅਸੀਂ ਸਾਰੇ ਇਥੇ ਇਕੱਠੇ ਹੋਏ ਹਾਂ ਤਾਂ ਜੋ ਅਸੀਂ ਇਕ ਅਜਿਹਾ ਰਾਜਾ ਚੁਣ ਸਕੀਏ , ਜਿਹੜਾ ਭਵਿੱਖ ਵਿਚ ਸਾਡੀ ਰੱਖਿਆ ਕਰ ਸਕੇ। ਅਤੇ ਫਿਰ ਕੁਝ ਦੇਰ ਬਾਅਦ ਸਰਬ-ਸੰਮਤੀ ਨਾਲ ਮੋਰ ਨੂੰ ਰਾਜਾ ਘੋਸ਼ਿਤ ਕਰ ਦਿੱਤਾ ਗਿਆ ਅਤੇ ਫੈਸਲਾ ਕੀਤਾ ਗਿਆ ਕਿ ਤੀਹ ਦਿਨਾਂ ਬਾਅਦ ਮੁੜ ਮੀਟਿੰਗ ਬੁਲਾਈ ਜਾਵੇਗੀ।
ਸਮਾਂ ਲੰਘਦਾ ਰਿਹਾ। ਅਗਲੇ ਤੀਹ ਦਿਨਾਂ ਤਕ ਕਿਸੇ ਵੀ ਤਰਾਂ ਦੀ ਦੁਰਘਟਨਾ ਨਾ ਹੋਈ। ਸਾਰੇ ਪੰਛੀ ਬਹੁਤ ਖ਼ੁਸ਼ ਸਨ। ਇਕੱਤੀਵੇਂ ਦਿਨ ਸਾਰੇ ਪੰਛੀ, ਜਿਵੇਂ ਪਹਿਲਾਂ ਹੀ ਫ਼ੈਸਲਾ ਕੀਤਾ ਗਿਆ ਸੀ, ਸਮੇਂ ਸਿਰ ਨਵੀਂ ਸ਼ਾਸਨ ਪ੍ਰਣਾਲੀ 'ਤੇ ਚਰਚਾ ਕਰਨ ਲਈ ਇਕੱਠੇ ਹੋ ਗਏ।
ਜਦੋਂ ਬੈਠਕ ਸ਼ੁਰੂ ਹੋਈ ਤਾਂ ਇਕ ਕੋਇਲ ਉਦਾਸ ਜਿਹਾ ਮੁੰਹ ਬਣਾ ਕੇ ਸਾਹਮਣੇ ਆਈ ਅਤੇ ਕਹਿਣ ਲੱਗੀ-ਮਹਾਰਾਜ, ਤੁਹਾਡੇ ਰਾਜ ਵਿਚ ਜੇਕਰ ਅਸੀਂ ਸਾਰੇ ਅਸੁਰੱਖਿਅਤ ਰਹਾਂਗੇ ਤਾਂ ਫਿਰ ਸਾਡਾ ਸ਼ਾਸਨ ਕਿਸ ਕੰਮ ਦਾ ਹੈ । ਆਹ ਮੋਟਾ ਕਾਂ, ਜਿਹੜਾ ਸਾਹਮਣੇ ਹੀ ਬੈਠਾ ਹੈ, ਸਾਡੇ ਬੱਚੇ ਖਾ ਜਾਂਦਾ ਹੈ। ਅਸੀਂ ਕਮਜ਼ੋਰ ਹੋਣ ਕਰਕੇ ਆਪਣਾ ਬਚਾਅ ਵੀ ਨਹੀਂ ਕਰ ਸਕਦੇ।” ਇਹ ਸੁਣ ਕੇ ਸਾਰੇ ਪੰਛੀਆਂ ਨੂੰ ਬਹੁਤ ਗੁੱਸਾ ਆਇਆ। ਉਹ ਆਪਸ ਵਿਚ ਗਰਮਾ-ਗਰਮ ਬਹਿਸ ਕਰਨ ਲੱਗ ਪਏ ਅਤੇ ਸਭਾ ਵਿਚ ਹੜਬੜੀ ਮੱਚ ਗਈ।
ਉਪਰ ਅਸਮਾਨ ਵਿਚ ਉੱਡ ਰਹੀਆਂ ਇੱਲਾਂ ਨੇ ਹੇਠਾਂ ਤੱਕਿਆ ਅਤੇ ਹਜ਼ਾਰਾਂ ਪੰਛੀਆਂ ਨੂੰ ਆਪਸ ਵਿਚ ਲੜਦਿਆਂ ਤੱਕਿਆ। ਉਸਨੂੰ ਪੰਛੀਆਂ ਤੇ ਹਮਲਾ ਬੋਲਣ ਅਤੇ ਭੋਜਨ ਪ੍ਰਾਪਤ ਕਰਨ ਦਾ ਸੁਨਹਿਰਾ ਮੌਕਾ ਮਿਲ ਗਿਆ । ਬਸ ਫਿਰ ਕੀ ਸੀ-ਇੱਲਾਂ ਦਾ ਇਕ ਝੁੰਡ ਪੰਛੀਆਂ ’ਤੇ ਟੁੱਟ ਪਿਆ ਅਤੇ ਬਹੁਤ ਸਾਰੇ ਪੰਛੀ ਆਪਣੇ ਪੰਜਿਆਂ ਵਿਚ ਫਸਾ ਕੇ ਉੱਚੇ ਅਸਮਾਨ ਵਿਚ ਉੱਡ ਗਈਆਂ। ਉਨ੍ਹਾਂ ਇੱਲਾਂ ਵਿਚੋਂ ਜਿਹੜੀ ਸਭ ਤੋਂ ਵੱਧ ਤਾਕਤਵਰ ਸੀ, ਉਹ ਰਾਜਾ ਮੋਰ ਨੂੰ ਚੁੱਕ ਕੇ ਲੈ ਗਈ।
ਇਸ ਤਰ੍ਹਾਂ ਪੰਛੀਆਂ ਦੇ ਇਸ ਧਰਤੀ 'ਤੇ ਕਰੋੜਾਂ ਸਾਲਾਂ ਦੇ ਇਤਿਹਾਸ ਵਿਚ ਸਿਰਫ਼ ਤੀਹ ਦਿਨ ਹੀ ਅਜਿਹੇ ਸਨ, ਜਦੋਂ ਉਨ੍ਹਾਂ ਦਾ ਆਪਣਾ ਕੋਈ ਰਾਜਾ ਸੀ।
ਕੀ ਇਹੋ ਕਾਰਨ ਹੈ ਕਿ ਅੱਜ ਵੀ ਪੰਛੀਆਂ ਦੀਆਂ ਕੁਝ ਜਾਤੀਆਂ ਅਲੋਪ ਹੁੰਦੀਆਂ ਜਾ ਰਹੀਆਂ ਹਨ।
0 Comments