ਦੁਸ਼ਟਾਂ ਦੀ ਸੰਗਤ
Dushta Di Sangat
ਇਕ ਕਿਸਾਨ ਦੇ ਖੇਤ ਵਿਚ ਰੋਜ਼ ਕਿਤਿਓਂ ਕਾਵਾਂ ਦਾ ਇਕ ਵਿਸ਼ਾਲ ਝੁੰਡ ਆ ਜਾਂਦਾ ਤੇ ਉਸਦੀ ਫ਼ਸਲ ਤਹਿਸ ਨਹਿਸ ਕਰ ਦਿੰਦਾ। ਕਿਸਾਨ ਇਸ ਕਾਰਨ ਬਹੁਤ ਪ੍ਰੇਸ਼ਾਨ ਸੀ। ਉਸਨੇ ਖੇਤ ਵਿਚ ਕਈ ਵਾਰ ਕੱਪੜੇ ਦੇ ਪੁਤਲੇ ਖੜ੍ਹੇ ਕੀਤੇ ਪਰ ਕਾਂ ਉਸਦੇ ਧੋਖੇ ਵਿਚ ਨਾ ਆਏ । ਕਾਵਾਂ ਨੇ ਉਨ੍ਹਾਂ ਪੁਤਲਿਆਂ ਨੂੰ ਵੀ ਤਹਿਸ-ਨਹਿਸ ਕਰ ਦਿੱਤਾ। ਜਦ ਕਿਸਾਨ ਬੇਹੱਦ ਦੁਖੀ ਹੋ ਗਿਆ ਤਾਂ ਉਸਨੇ ਖੇਤ ਵਿਚ ਜਾਲ ਵਿਛਾ ਦਿੱਤਾ ਅਤੇ ਜਾਲ ਉਪਰ ਅਨਾਜ ਦੇ ਕੁਝ ਦਾਣੇ ਖਲਾਰ ਦਿੱਤੇ। ਨਾਲ ਹੀ
ਕਾਵਾਂ ਦੀ ਨਜ਼ਰ ਦਾਣਿਆਂ ’ਤੇ ਪਈ ਤਾਂ ਬਿਨਾਂ ਸੋਚੇ ਸਮਝੇ ਉਹ ਦਾਣਿਆਂ 'ਤੇ ਟੁੱਟ ਪਏ । ਜਿਵੇਂ ਹੀ ਉਹ ਦਾਣੇ ਚੁਗਣ ਲਈ ਹੇਠਾਂ ਉਤਰੇ , ਸਾਰੇ ਦੇ ਸਾਰੇ ਜਾਲ ਵਿਚ ਫ਼ਸ ਗਏ ।
ਕਿਸਾਨ ਜਾਲ ਵਿਚ ਫਸੇ ਕਾਵਾਂ ਨੂੰ ਵੇਖ ਕੇ ਬਹੁਤ ਖ਼ੁਸ਼ ਹੋਇਆ। ਉਸ ਨੇ ਆਖਿਆ-ਅੱਜ ਫਸੇ ਹੋ ਮੇਰੇ ਚੁੰਗਲ ਵਿਚ ਦੁਸ਼ਟੋ। ਹੁਣ ਮੈਂ ਤੁਹਾਡੇ ਚੋਂ ਕਿਸੇ ਨੂੰ ਨਹੀਂ ਛੱਡਾਂਗਾ।’’ਤਦ ਕਿਸਾਨ ਨੂੰ ਇਕ ਕਰੁਣਾ ਭਰੀ ਆਵਾਜ਼ ਸੁਣਾਈ ਦਿੱਤੀ। ਉਸ ਨੂੰ ਸੁਣ ਕੇ ਕਿਸਾਨ ਨੂੰ ਬੜੀ ਹੈਰਾਨੀ ਹੋਈ। ਉਸਨੇ ਧਿਆਨ ਨਾਲ ਜਾਲ ਵੱਲ ਵੇਖਿਆ। ਕਾਵਾਂ ਦੇ ਨਾਲ ਇਕ ਕਬੂਤਰ ਵੀ ਫਸਿਆ ਹੋਇਆ ਸੀ।
ਕਿਸਾਨ ਨੇ ਕਬੂਤਰ ਨੂੰ ਆਖਿਆ-“ਏਸ ਟੋਲੀ ਵਿਚ ਤੂੰ ਕਿਵੇਂ ਸ਼ਾਮਿਲ ਹੋ ਗਿਆ। ਪਰ ਮੈਂ ਤੈਨੂੰ ਵੀ ਛੱਡਣ ਵਾਲਾ ਨਹੀਂ। ਕਿਉਂਕਿ ਤੂੰ ਬੁਰੇ ਲੋਕਾਂ ਦੀ ਸੰਗਤ ਕਰਦਾ ਏ। ਬੁਰੇ ਲੋਕਾਂ ਦੀ ਸੰਗਤ ਦਾ ਫਲ ਤਾਂ ਤੈਨੂੰ ਵੀ ਭੋਗਣਾ ਪਵੇਗਾ।
ਫਿਰ ਕਿਸਾਨ ਨੇ ਆਪਣੇ ਸ਼ਿਕਾਰੀ ਕੁੱਤਿਆਂ ਨੂੰ ਇਸ਼ਾਰਾ ਕਰ ਦਿੱਤਾ। ਕੁੱਤੇ ਦੌੜਦੇ ਹੋਏ ਆਏ ਤੇ ਪੰਛੀਆਂ`ਤੇ ਟੁੱਟ ਪਏ । ਇਕ ਇਕ ਕਰਕੇ ਉਨ੍ਹਾਂ ਸਭ ਦਾ ਕੰਮ ਤਮਾਮ ਕਰ ਦਿੱਤਾ।
0 Comments