ਦੁਸ਼ਮਣ ਦੀ ਮਿੱਤਰਤਾ
Dushman di Mitrata
ਭਵਾਨੀਪੁਰ ਨਾਂ ਦੇ ਇਕ ਪਿੰਡ ਦੇ ਬਾਹਰ ਇਕ ਬਹੁਤ ਪੁਰਾਣਾ ਖੂਹ ਸੀ। ਉਸ ਖੂਹ ਵਿਚ ਡੱਡੂਆਂ ਦਾ ਪਰਿਵਾਰ ਰਹਿੰਦਾ ਸੀ। ਇਨ੍ਹਾਂ ਡੱਡੂਆਂ ਦੇ ਰਾਜੇ ਦਾ ਨਾਂ ਨੀਲਮਣੀ ਸੀ। ਇਕ ਵਾਰ ਨੀਲਮਣੀ ਦਾ ਆਪਣੇ ਮੰਤਰੀ ਨਾਲ ਕਿਸੇ ਗੱਲ ’ਤੇ ਮੱਤਭੇਦ ਹੋ ਗਿਆ। ਉਸ ਮੰਤਰੀ ਨੇ ਉਸਦੇ ਵਿਰੁੱਧ ਵਿਦਰੋਹ ਕਰਵਾ ਦਿੱਤਾ, ਜਿਸ ਕਾਰਨ ਨੀਲਮਣੀ ਆਪਣਾ ਦੇਸ਼ (ਖੂਹ) ਛੱਡ ਕੇ ਚਲਾ ਗਿਆ। ਜਾਂਦੇ-ਜਾਂਦੇ ਡੱਡੂ ਰਾਜਾ ਨੇ ਆਪਣੇ ਵਿਰੋਧੀ ਮੰਤਰੀਆਂ ਨੂੰ ਕਿਹਾ-ਸੁਣੋ ਧੋਖੇਬਾਜ਼, ਅੱਜ ਮੈਂ ਇਹ ਸੰਕਲਪ ਲੈ ਕੇ ਜਾ ਰਿਹਾ ਕਿ ਤੁਸੀਂ ਲੋਕਾਂ ਨੇ ਮੇਰੇ ਨਾਲ ਜਿਹੜੀ ਗੱਦਾਰੀ ਕੀਤੀ ਹੈ, ਇਕ ਦਿਨ ਮੈਂ ਇਸਦਾ ਬਦਲਾ ਲੈ ਕੇ ਰਹਾਂਗਾ। ਇਸ ਤਰਾਂ ਕ੍ਰੋਧ ਨਾਲ ਭਰਿਆ ਨੀਲਮਣੀ ਉਥੋਂ ਚਲਿਆ ਗਿਆ। ਭਟਕਦੇ-ਭਟਕਦੇ ਨੀਲਮਣੀ ਨੂੰ ਆਪਣੇ ਇਕ ਪੁਰਾਣੇ ਮਿੱਤਰ ਕਾਲੇ ਨਾਗ ਦੀ ਯਾਦ ਆਈ। ਆਪਣੇ ਪਰਿਵਾਰ ਨੂੰ ਇਕ ਹੋਰ ਤਲਾਬ ਦੇ ਕਿਨਾਰੇ ਛੱਡ ਕੇ ਉਹ ਸਿੱਧਾ ਉਸ ਕਾਲੇ ਨਾਗ ਕੋਲ ਗਿਆ ਅਤੇ ਉਸਦੀ ਖੁੱਡ ਦੇ ਬਾਹਰ ਖੜ੍ਹਾ ਹੋ ਕੇ ਉਸ ਨੂੰ ਆਵਾਜ਼ ਦਿੱਤੀ-ਭਰਾ ਨਾਗਰਾਜ...ਭਰਾ ਨਾਗਰਾਜ!
ਕੌਣ ਹੈ ??? ਅੰਦਰੋਂ ਸੱਪ ਫੁੰਕਾਰਿਆ। “ਮੈਂ ਤੁਹਾਡਾ ਪੁਰਾਣਾ ਮਿੱਤਰ ਨੀਲਮਣੀ ਡੱਡੂ ਹਾਂ। “ਅੱਛਾ...ਅੱਛਾ...ਆਉਂਦਾ ਹਾਂ।”
ਨਾਗਰਾਜ ਬਾਹਰ ਆ ਗਿਆ। ਉਸਨੇ ਆਉਂਦੇ ਹੀ ਆਪਣੇ ਪੁਰਾਣੇ ਮਿੱਤਰ ਨੂੰ ਗਲ ਨਾਲ ਲਾਉਂਦਿਆਂ ਕਿਹਾ-'ਕਹੋ ਨੀਲਮਣੀ, ਠੀਕ ਓ ਤੁਸੀਂ ?
ਮੈਂ ਕੁਝ ਠੀਕ ਨਹੀਂ ਹਾਂ। ਕੁਝ ਦਿਨਾਂ ਲਈ ਤੁਹਾਡੇ ਕੋਲ ਰਹਿਣ ਆਇਆ ਹਾਂ।”
“ਇਹ ਤਾਂ ਹੋਰ ਵੀ ਖ਼ੁਸ਼ੀ ਦੀ ਗੱਲ ਹੈ। ਜ਼ਰੂਰ ਰਹੋ...ਪਰ ਮੈਂ ਏਨਾ ਜ਼ਰੂਰ ਜਾਣਨਾ ਚਾਹਵਾਂਗਾ ਕਿ ਤੁਸੀਂ ਕਿਸ ਕਾਰਨ ਆਪਣਾ ਦੇਸ਼ ਛੱਡ ਆਏ ।
“ਨਾਗਰਾਜ! ਗੱਲ ਇਹ ਹੈ ਕਿ ਮੇਰੇ ਮੰਤਰੀਆਂ ਨੇ ਮੇਰੇ ਵਿਰੁੱਧ ਸਾਜਿਸ਼ ਰਚ ਕੇ ਮੇਰੀ ਜਨਤਾ ਨੂੰ ਮੇਰੇ ਖ਼ਿਲਾਫ਼ ਵਿਦਰੋਹ ਕਰਨ ਤੇ ਮਜਬੂਰ ਕਰ ਦਿੱਤਾ ਹੈ। ਹੁਣ ਮੈਂ ਤੁਹਾਡੇ ਕੋਲ ਸ਼ਰਨ ਲੈਣ ਆਇਆ ਹਾਂ ਤੇ ਇਹ ਵੀ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਮੇਰੀ ਸਹਾਇਤਾ ਕਰੋ ਤਾਂ ਮੇਰਾ ਗੁਆਚਾ ਹੋਇਆ ਰਾਜ ਮੈਨੂੰ ਫਿਰ ਤੋਂ ਵਾਪਸ ਮਿਲ ਜਾਏਗਾ। ਫਿਲਹਾਲ ਮੇਰਾ ਪਰਿਵਾਰ ਇਕ ਤਲਾਬ ਦੇ ਕੰਢੇ ਬੈਠਾ ਹੈ। ਜੇਕਰ ਤੁਸੀਂ ਮੇਰਾ ਰਾਜ ਮੈਨੂੰ ਵਾਪਸ ਦਿਵਾ ਦਿਉਗੇ ਤਾਂ ਮੈਂ ਆਪਣੇ ਪੁਰਾਣੇ ਦੇਸ਼ ਵਿਚ ਹੀ ਇਕ ਵਧੀਆ ਜਿਹੀ ਖੁੱਡ ਤੁਹਾਡੇ ਰਹਿਣ ਲਈ ਤਿਆਰ ਕਰਵਾ ਦੇਵਾਂਗਾ। ਇਸ ਤਰ੍ਹਾਂ ਸਾਡੀ ਮਿੱਤਰਤਾ ਹੋਰ ਮਜ਼ਬੂਤ ਹੋਵੇਗੀ।
ਸੱਪ ਉਸ ਡੱਡੂ ਦੀ ਸਹਾਇਤਾ ਕਰਨ ਲਈ ਤਿਆਰ ਹੋ ਗਿਆ। ਉਸਦੇ ਤੇਜ਼ ਦਿਮਾਗ਼ ਵਿਚ ਵੀ ਕੋਈ ਨਵੀਂ ਯੋਜਨਾ ਘੁੰਮ ਰਹੀ ਸੀ। ਸੱਪ ਨੂੰ ਲੈ ਕੇ ਨੀਲਮਣੀ ਜਿਵੇਂ ਹੀ ਵਾਪਸ ਆਪਣੇ ਖੂਹ ਵਿਚ ਆਇਆ ਤਾਂ ਉਸਦੇ ਡੱਡੂ ਮੰਤਰੀ ਸੱਪ ਨੂੰ ਵੇਖ ਕੇ ਭੈਭੀਤ ਹੋ ਉੱਠੇ । ਸੱਪ ਨੇ ਇਕ ਮੋਟੇ ਡੱਡੂ ਮੰਤਰੀ ਨੂੰ ਮਾਰ ਕੇ ਖਾ ਲਿਆ। ਫਿਰ ਤਾਂ ਸਾਰੇ ਡੰਡੁ ਮੰਤਰੀ ਡਰ ਗਏ ਅਤੇ ਨੀਲਮਣੀ ਮੁੜ ਤੋਂ ਰਾਜਾ ਬਣ ਗਿਆ। ਉਸ ਨੂੰ ਆਪਣਾ ਰਾਜ ਵਾਪਸ ਮਿਲਿਆ ਤਾਂ ਉਹ ਸੱਪ ਦਾ ਬਹੁਤ ਧੰਨਵਾਦ ਕਰਨ ਲੱਗਾ। ਆਪਣੇ ਦਿੱਤੇ ਵਚਨ ਅਨੁਸਾਰ ਉਸਨੇ ਖੂਹ ਵਿਚ ਹੀ ਸੱਪ ਦੇ ਰਹਿਣ ਲਈ ਇਕ ਪੱਕੀ ਖੁੱਡ ਤਿਆਰ ਕਰਵਾ ਦਿੱਤੀ। ਸੱਪ ਲਈ ਇਹ ਜਗਾ ਸਵਰਗ ਤੋਂ ਘੱਟ ਨਹੀਂ ਸੀ। ਰਹਿਣ ਲਈ ਪੱਕੀ ਖੁੱਡ , ਖਾਣ ਨੂੰ ਮੋਟੇ ਮੋਟੇ ਡੱਡੂ। ਸੱਪ ਡੱਡੂ ਖਾਕੇ ਸੁੱਤਾ ਰਹਿੰਦਾ। ਹੌਲੀ-ਹੌਲੀ ਨੀਲਮਣੀ ਦੇ ਸਾਰੇ ਦੁਸ਼ਮਣ ਡੱਡੂਆਂ ਨੂੰ ਸੱਪ ਨੇ ਖਾ ਲਿਆ। ਜਦ ਕੋਈ ਵੀ ਦੁਸ਼ਮਣ ਡੱਡੂ ਬਾਕੀ ਨਾ ਬਚਿਆ ਤਾਂ ਨੀਲਮਣੀ ਨੇ ਸੱਪ ਕੋਲ ਜਾ ਕੇ ਆਖਿਆ-ਦੋਸਤ ! ਹੁਣ ਤਾਂ ਸਾਰੇ ਦਸ਼ਮਣ ਤੁਸੀਂ ਖਾ ਲਏ। ਹੁਣ ਤੁਹਾਡੇ ਲਈ ਮੇਰੇ ਕੋਲ ਕੁਝ ਨਹੀਂ ਬਚਿਆ।
“ਨੀਲਮਣੀ! ਤੇਰੇ ਲਈ ਮੈਂ ਆਪਣਾ ਘਰ ਛੱਡ ਕੇ ਆਇਆ ਹਾਂ ਅਤੇ ਤੁਸੀਂ ਕਹਿੰਦੇ ਹੋ ਕਿ ਤੇਰੇ ਕੋਲ ਖਵਾਉਣ ਲਈ ਕੁਝ ਨਹੀਂ ਰਿਹਾ।
“ਨਾਗਰਾਜ! ਇਹ ਮੇਰੀ ਮਜਬੂਰੀ ਹੈ। ਮੈਂ ਤੁਹਾਡੇ ਨਾਲ ਜਿਹੜਾ ਵਾਅਦਾ ਕੀਤਾ ਸੀ, ਉਹ ਪੂਰਾ ਕਰ ਦਿੱਤਾ ਹੈ।
ਦੇਖੋ ਨੀਲਮਣੀ, ਕੱਲ੍ਹ ਤੋਂ ਤੁਸੀਂ ਆਪਣੀ ਪਰਜਾ 'ਚੋਂ ਇਕ ਡੱਡੂ ਮੇਰੇ ਭੋਜਨ ਲਈ ਭੇਜ ਦਿਆ ਕਰੋ ।’’ ਨਹੀਂ ਤਾਂ ਮੈਂ ਤੁਹਾਡੇ ਸਮੇਤ ਸਾਰੇ ਡੱਡੂਆਂ ਨੂੰ ਖਾ ਜਵਾਂਗਾ।
ਸੱਪ ਦੇ ਇਸ ਭਿਆਨਕ ਰੂਪ ਨੂੰ ਵੇਖ ਕੇ ਨੀਲਮਣੀ ਸਿਰ ਤੋਂ ਪੈਰਾਂ ਤਕ ਕੰਬ ਗਿਆ। ਮਰਦਾ ਕੀ ਨਾ ਕਰਦਾ ਵਾਲੀ ਗੱਲ ਸੀ। ਉਸ ਨੇ ਸੱਪ ਦੇ ਅੱਗੇ ਸਿਰ ਝੁਕਾ ਦਿੱਤਾ-“ਹੇ ਨਾਗਰਾਜ! ਮੈਂ ਤਾਂ ਤੁਹਾਨੂੰ ਮਿੱਤਰ ਮੰਨ ਕੇ ਇਥੇ ਲਿਆਇਆ ਸੀ ਪਰ ਤੁਸੀਂ ਤਾਂ ਮੇਰੀ ਪਰਜਾ ਨੂੰ ਹੀ ਖਾਣ ਦਾ ਮਨ ਬਣਾ ਲਿਆ।”
“ਮੈਂ ਤਾਂ ਤੁਹਾਡਾ ਦੋਸਤ ਹਾਂ ਨੀਲਮਣੀ! ਪਰ ਇਹ ਪਾਪੀ ਪੇਟ ਤਾਂ ਕਿਸੇ ਦਾ ਦੋਸਤ ਨਹੀਂ। ਇਹ ਤਾਂ ਖਾਣ ਨੂੰ ਮੰਗਦਾ ਹੈ। ਮਿੱਤਰਤਾ ਤਾਂ ਹੀ ਚੱਲਦੀ ਹੈ , ਜੇਕਰ ਢਿੱਡ ਵਿਚ ਭੋਜਨ ਜਾਵੇ।”
ਨੀਲਮਣੀ ਸਮਝ ਚੁੱਕਿਆ ਸੀ ਕਿ ਹੁਣ ਇਹ ਨਾਗ ਸਭ ਕੁਝ ਭੁੱਲ ਕੇ ਆਪਣੇ ਅਸਲੀ ਰੂਪ ਵਿਚ ਸਾਹਮਣੇ ਆ ਗਿਆ ਹੈ । ਇਸ ਨੂੰ ਕੁਝ ਵੀ ਕਹਿਣਾ ਬੇਕਾਰ ਹੈ। ਹੁਣ ਹਰ ਰੋਜ਼ ਇਕ ਡੱਡੂ ਉਸ ਕਾਲੇ ਸੱਪ ਦਾ ਭੋਜਨ ਬਣਾਇਆ ਜਾਂਦਾ ਸੀ। ਸਿਆਣਿਆਂ ਨੇ ਠੀਕ ਹੀ ਕਿਹਾ ਹੈ ਕਿ ਖਾਂਦੇ-ਖਾਂਦੇ ਤਾਂ ਖੁਹ ਵੀ ਖ਼ਾਲੀ ਹੋ ਜਾਂਦਾ ਹੈ। ਇਕ ਇਕ ਕਰਕੇ ਜਦ ਸਾਰੇ ਡੱਡੂ ਨਾਗਰਾਜ ਦਾ ਸ਼ਿਕਾਰ ਹੋ ਗਏ ਤਾਂ ਅੰਤ ਵਿਚ ਉਸਨੇ ਡੱਡੂਆਂ ਦੇ ਰਾਜਾ ਨੀਲਮਣੀ ਨੂੰ ਵੀ ਨਾ ਬਖ਼ਸ਼ਿਆ।
0 Comments