ਆਦਮੀ ਅਤੇ ਉਹਦੀ ਟੋਪੀ
Aadmi ate usdi Topi
ਇਕ ਵਾਰ ਇਕ ਘੋੜਸਵਾਰ ਕਿਸੇ ਕਸਬੇ ਵਿਚੋਂ ਲੰਘ ਰਿਹਾ ਸੀ। ਉਹਨੇ ਟੋਪੀ ਪਾਈ ਹੋਈ ਸੀ ਅਤੇ ਟੋਪੀ ਵਿਚ ਲੱਗੇ ਵਾਲ ਉਹਦੇ ਸਿਰ ਦੀ ਸ਼ੋਭਾ ਵਧਾ ਰਹੇ ਸਨ। ਉਹ ਬੜੇ ਮਜ਼ੇ ਨਾਲ ਆਪਣੇ ਘੋੜੇ ਤੇ ਬਹਿ ਕੇ ਜਾ ਰਿਹਾ ਸੀ। ਏਨੇ ਚਿਰ ਨੂੰ ਬੜੀ ਤੇਜ਼ ਹਵਾ ਦਾ ਬੁੱਲਾ ਆਇਆ ਅਤੇ ਉਹਦੀ ਨਕਲੀ ਵਾਲਾਂ ਵਾਲੀ ਟੋਪੀ ਉੱਡ ਗਈ। ਇੰਜ ਉਹਦਾ ਗੰਜਾ ਸਿਰ ਸਾਰੇ ਕਸਬੇ ਦੇ ਲੋਕਾਂ ਨੂੰ ਨਜ਼ਰ ਆ ਗਿਆ। ਲੋਕ ਠਹਾਕਾ ਮਾਰ ਕੇ ਹੱਸਣ ਲੱਗ ਪਏ।
“ਓਏ ਆਹ ਵੇਖੋ। ਭੀੜ ਵਿਚੋਂ ਕਿਸੇ ਨੇ ਆਖਿਆ-ਅਜੋ ਕੁਝ ਦੇਰ ਪਹਿਲਾਂ ਇਹ ਵਿਅਕਤੀ ਨੌਜਵਾਨ ਸੀ। ਇਹਦੇ ਸਿਰ `ਤੇ ਵਾਲ ਸਨ, ਪਰ ਹੁਣ ਵੇਖੋ ਕਿੰਨੀ ਛੇਤੀ ਇਹ ਬੁੱਢਾ ਹੋ ਗਿਆ ਹੈ। ਇਹਦੇ ਸਿਰ ਦੇ ਵਾਲਾਂ ਦਾ ਕੋਈ ਅਤਾ-ਪਤਾ ਨਹੀਂ ਕਿ ਕਿਥੇ ਚਲੇ ਗਏ ਹਨ। ਕਿੰਨਾ ਅਜੀਬ ਨਜ਼ਾਰਾ ਹੈ । ਪਰ ਇਹ ਸੁਣ ਕੇ ਵੀ ਉਹ ਵਿਅਕਤੀ ਨਾ ਤਾਂ ਦੁਖੀ ਹੋਇਆ ਅਤੇ ਨਾ ਹੀ ਉਹਨੂੰ ਗੁੱਸਾ ਆਇਆ। ਉਹ ਸ਼ਾਂਤ ਰਿਹਾ ਅਤੇ ਆਪਣੇ ’ਤੇ ਹੱਸਣ ਵਾਲਿਆਂ ਦੇ ਨਾਲ-ਨਾਲ ਹੱਸਦਾ ਰਿਹਾ। ਫਿਰ ਬੋਲਿਆ-“ਵੇਖੋ ਦੋਸਤੋ, ਹਵਾ ਦੇ ਇਕ ਬੁੱਲ੍ਹੇ ਨਾਲ ਹੀ ਆਦਮੀ ਨੂੰ ਕਿੰਨੀ ਛੇਤੀ ਅਕਲ ਆ ਜਾਂਦੀ ਹੈ। ਪਰ ਇਹ ਉਦੋਂ ਹੀ ਹੁੰਦਾ ਹੈ ਜਦੋਂ ਵਿਅਕਤੀ ਅਕਲਮੰਦ ਬਣਨ ਦੇ ਯੋਗ ਹੋਵੇ।” ਇੰਨਾ ਕਹਿ ਕੇ ਉਹ ਆਪਣੇ ਉੱਪਰ ਹੱਸਣ ਵਾਲਿਆਂ ਲੋਕਾਂ ਨਾਲੋਂ ਜ਼ਿਆਦਾ ਉੱਚਾ ਹੱਸਿਆ।
ਸਿੱਟਾ : ਦੂਜਿਆਂ ਤੇ ਹੀ ਨਹੀਂ, ਖ਼ੁਦ ਉਪਰ ਵੀ ਹੱਸੋ।
0 Comments