ਢੋਲ ਦੀ ਪੋਲ
Dhol Di Pol
ਇਕ ਵਾਰ ਭੁੱਖ ਨਾਲ ਦੁਖੀ ਇਕ ਗਿੱਦੜ ਜੰਗਲ ਵਿਚੋਂ ਨਿਕਲ ਕੇ ਪਿੰਡ ਵੱਲ ਆ ਗਿਆ। ਉਹਨੇ ਸੋਚਿਆ ਪਿੰਡ ਵਿਚੋਂ ਕੁਝ ਨਾ ਕੁਝ ਖਾਣ ਨੂੰ ਜ਼ਰੂਰ ਮਿਲ ਜਾਵੇਗਾ। ਜੰਗਲ ਵਿਚ ਰਹਿ ਕੇ ਭੁੱਖੇ ਮਰਨ ਵਾਲੀ ਗੱਲ ਹੈ। ਪਿੰਡ ਤੋਂ ਬਾਹਰ ਚੌਕ ਵਿਚ ਥੋੜਾ-ਬਹੂਤ ਤਾਂ ਖਾਣ ਨੂੰ ਮਿਲ ਗਿਆ ਪਰ ਉਹਨੂੰ ਭੁੱਖ ਏਨੀ ਜ਼ਿਆਦਾ ਲੱਗੀ ਹੋਈ ਸੀ ਕਿ ਉਹਦਾ ਢਿੱਡ ਨਾ ਭਰ ਸਕਿਆ। ਫਿਰ ਉਹ ਪਿੰਡ ਵੱਲ ਤੁਰ ਪਿਆ। ਉਥੇ ਬੈਠੇ ਕੁੱਤਿਆਂ ਨੇ ਜਦੋਂ ਇਕ ਗਿੱਦੜ ਨੂੰ ਪਿੰਡ ਵੱਲ ਆਉਂਦਿਆਂ ਤੱਕਿਆ ਤਾਂ ਸਾਰੇ ਉਹਨੂੰ ਟੁੱਟ ਕੇ ਪੈ ਗਏ ।
ਏਨੇ ਕੁੱਤਿਆਂ ਨੂੰ ਆਪਣੇ ਵੱਲ ਆਉਂਦਿਆਂ ਵੇਖ ਕੇ ਗਿੱਦੜ ਘਬਰਾ ਗਿਆ ਅਤੇ ਸੋਚਣ ਲੱਗਾ ਕਿ ਜਾਵੇ ਤਾਂ ਜਾਵੇ ਕਿਥੇ ? ਚਾਰੇ ਪਾਸੇ ਮੌਤ ਨੱਚਦੀ ਨਜ਼ਰ ਆਉਣ ਲੱਗੀ। ਭੁੱਖ ਵਾਲੀ ਗੱਲ ਤਾਂ ਉਹ ਭੁੱਲ ਗਿਆ...ਹੁਣ ਤਾਂ ਮੌਤ ਤੋਂ ਬਚਣ ਵਾਲੀ ਗੱਲ ਉਹਦੇ ਸਾਹਮਣੇ ਅਤੇ ਦਿਮਾਗ ਵਿਚ ਸੀ।
ਕੁੱਤੇ ਉਹਦੇ ਮਗਰ ਆ ਰਹੇ ਸਨ। ਉਹ ਮੌਤ ਤੋਂ ਬਚਣ ਲਈ ਅੰਨੇਵਾਹ ਭੱਜਾ ਜਾ ਰਿਹਾ ਸੀ ਅਤੇ ਲੁਕ ਕੇ ਆਪਣੀ ਜਾਨ ਬਚਾਉਣ ਲਈ ਕੋਈ ਸੁਰੱਖਿਅਤ ਥਾਂ ਲੱਭ ਰਿਹਾ ਸੀ।
ਅੱਗੇ ਇਕ ਰੰਗਸਾਜ ਦਾ ਘਰ ਸੀ, ਉਹਨੇ ਕੱਪੜੇ ਰੰਗਣ ਲਈ ਬਹੁਤ ਵੱਡੇ ਟੱਪ ਵਿਚ ਨੀਲਾ ਰੰਗ ਕਰਕੇ ਰੱਖਿਆ ਹੋਇਆ ਸੀ ਤਾਂ ਜੋ ਸਵੇਰੇ ਉੱਠ ਕੇ ਕੱਪੜਿਆਂ ਨੂੰ ਰੰਗ ਕਰ ਸਕੇ। ਮੌਤ ਤੋਂ ਡਰਦਾ ਗਿੱਦੜ ਏਨਾ ਤੇਜ਼ ਭੱਜਿਆ ਕਿ ਸਿੱਧਾ ਉਸ ਨੀਲੇ ਰੰਗਵਾਲੇ ਟੱਪ ਵਿਚ ਜਾ ਕੇ ਡਿੱਗ ਪਿਆ। ਹੁਣ ਕੁੱਤਿਆਂ ਨੇ ਸਮਝ ਲਿਆ ਕਿ ਗਿੱਦੜ ਭੱਠੀ ਵਿਚ ਡਿੱਗ ਕੇ ਮਰ ਗਿਆ ਹੈ। ਇਸ ਲਈ ਉਹ ਸਾਰੇ ਪਿਛਾਂਹ ਮੁੜ ਗਏ। ਕੁੱਤਿਆਂ ਨੂੰ ਵਾਪਸ ਜਾਂਦਾ ਤੱਕ ਕੇ ਗਿੱਦੜ ਦੇ ਮਨ ਨੂੰ ਸ਼ਾਂਤੀ ਮਿਲ ਗਈ ਕਿ ਉਹ ਮਰਨ ਤੋਂ ਬਚ ਗਿਆ ਹੈ। ਕੁੱਤਿਆਂ ਦੇ ਜਾਂਦਿਆਂ ਹੀ ਉਹ ਟੱਪ ਵਿਚੋਂ ਬਾਹਰ ਨਿਕਲਿਆ ਅਤੇ ਰੰਗਸਾਜ ਦੇ ਘਰ ਵਿਚੋਂ ਖਾਣੇ ਦੀ ਭਾਲ ਕਰਨ ਲੱਗਾ। ਉਸ ਵਕਤ ਜੋ ਵੀ ਕੁਝ ਉਹਨੂੰ ਮਿਲਿਆ, ਉਹਨੇ ਖਾ ਲਿਆ। ਢਿੱਡ ਭਰਨ ਤੋਂ ਬਾਅਦ ਉਹ ਫਿਰ ਵਾਪਸ ਜੰਗਲ ਵੱਲ ਚਲਾ ਗਿਆ।
ਨੀਲੇ ਰੰਗ ਦੇ ਪਾਣੀ 'ਚ ਡੁੱਬ ਕੇ ਉਹ ਪੂਰਾ ਨੀਲਾ ਹੋ ਚੁੱਕਾ ਸੀ। ਉਹਨੂੰ ਇਸ ਹਾਲਤ ਵਿਚ ਵੇਖ ਕੇ ਕੋਈ ਨਹੀਂ ਸੀ ਕਹਿ ਸਕਦਾ ਕਿ ਇਹ ਕੋਈ ਗਿੱਦੜ ਹੈ।
ਜਿਉਂ ਹੀ ਉਹ ਜੰਗਲ ਵਿਚ ਵਾਪਸ ਆਇਆ ਤਾਂ ਜੰਗਲੀ ਜਾਨਵਰ ਉਹਦਾ ਗਹਿਰਾ ਨੀਲਾ ਰੰਗ ਵੇਖ ਕੇ ਬੜੀ ਹੈਰਾਨੀ ਨਾਲ ਉਹਦੇ ਵੱਲ ਤੱਕਿਆ। ਉਨ੍ਹਾਂ ਦੀ ਸਮਝ ਵਿਚ ਇਹ ਗੱਲ ਨਹੀਂ ਸੀ ਆਈ ਕਿ ਨੀਲੇ ਰੰਗ ਦਾ ਅਜੀਬ ਜਾਨਵਰ ਕੋਈ ਗਿੱਦੜ ਵੀ ਹੋ ਸਕਦਾ ਹੈ। ਸਾਰੇ ਜੰਗਲ ਵਿਚ ਇਸ ਅਜੀਬ ਜਾਨਵਰ ਨੂੰ ਵੇਖ ਕੇ ਹਲਚਲ ਜਿਹੀ ਮੱਚ ਗਈ ਸੀ। ਸਾਰੇ ਜਾਨਵਰ ਉਹਦੇ ਕੋਲੋਂ ਡਰਨ ਲੱਗੇ ਅਤੇ ਡਰਦੇ ਮਾਰੇ ਇਧਰ-ਉਧਰ ਦੌੜਣ ਲੱਗ ਪਏ।
ਗਿੱਦੜ ਸਮਝ ਗਿਆ ਕਿ ਇਹ ਸਾਰੇ ਉਹਦੇ ਕੋਲੋਂ ਡਰ ਰਹੇ ਹਨ, ਹੁਣ ਤਾਂ ਉਹਦੇ ਵਿਚ ਇਕ ਨਵਾਂ ਜੋਸ਼ ਆਗਿਆ। ਉਹਨੂੰ ਇੰਜ ਲੱਗਾ ਕਿ ਉਹ ਕਾਫ਼ੀ ਸ਼ਕਤੀਸ਼ਾਲੀ ਹੋ ਗਿਆ ਹੈ। ਫਿਰ ਉਹਨੇ ਭੱਜ ਰਹੇ ਜਾਨਵਰਾਂ ਨੂੰ ਆਵਾਜ਼ ਦਿੱਤੀ-ਭਰਾਵੋ, ਸਾਡੇ ਕੋਲੋਂ ਡਰੋ ਨਾ, ਸਾਨੂੰ ਤਾਂ ਬ੍ਰਹਮਾ ਜੀ ਨੇ ਤੁਹਾਡੀ ਰੱਖਿਆ ਕਰਨ ਲਈ ਭੇਜਿਆ ਹੈ। ਅੱਜ ਤੋਂ ਅਸੀਂ ਇਸ ਜੰਗਲ ਦੇ ਰਾਜੇ ਬਣ ਕੇ ਤੁਹਾਡੀ ਰੱਖਿਆ ਕਰਾਂਗੇ, ਤੁਸੀਂ ਸਾਡੀ ਪਰਜਾ ਹੋ। ਅੱਜ ਤੋਂ ਅਸੀਂ ਇਸ ਜੰਗਲ ਦਾ ਰਾਜ ਚਲਾਵਾਂਗੇ। ਗਿੱਦੜਦੇ ਕਹਿਣ ਤੇ ਸਾਰੇ ਜਾਨਵਰ ਵਾਪਸ ਆ ਗਏ । ਜਦੋਂ ਸਾਰਿਆਂ ਨੇ ਮਿਲ ਕੇ ਆਪਣੇ ਰਾਜੇ ਦਾ ਸਨਮਾਨ ਕਰਦੇ ਹੋਏ ਉਹਨੂੰ ਉੱਚੇ ਮੰਚ 'ਤੇ ਬਿਠਾਇਆ, ਉਦੋਂ ਹੀ ਉਸ ਗਿੱਦੜ ਨੇ ਆਪਣੇ ਮੰਤਰੀ ਮੰਡਲ ਦੀ ਘੋਸ਼ਣਾ ਕੀਤੀ।
ਸ਼ੇਰ ਨੂੰ ਸੈਨਾਪਤੀ ਅਤੇ ਮਹਾਮੰਤਰੀ ਬਣਾਇਆ ਗਿਆ। ਭੇੜੀਏ ਨੂੰ ਰੱਖਿਆ ਮੰਤਰੀ, ਹਾਥੀ ਨੂੰ ਹਿ ਮੰਤਰੀ ਬਣਾ ਕੇ ਇਸ ਤਰ੍ਹਾਂ ਗਿੱਦੜ ਨੇ ਆਪਣੇ ਆਪ ਨੂੰ ਜੰਗਲ ਦਾ ਰਾਜਾ ਘੋਸ਼ਿਤ ਕਰ ਦਿੱਤਾ। ਜਿਹੜਾ ਗਿੱਦੜ ਕੱਲ ਤਕ ਭੁੱਖਾ ਮਰਦਾ ਸੀ, ਅੱਜ ਉਹਦੀ ਸੇਵਾ ਵਿਚ ਸਾਰੇ ਜਾਨਵਰ ਤਿਆਰ ਖਲੋਤੇ ਸਨ। ਸ਼ੇਰ ਅਤੇ ਚੀਤੇ ਉਹਦੇ ਲਈ ਹਰ ਰੋਜ਼ ਨਵੇਂ-ਨਵੇਂ ਸ਼ਿਕਾਰ ਲਿਆਉਂਦੇ ਸਨ ਅਤੇ ਉਹ ਬੜੇ ਮਜ਼ੇ ਨਾਲ ਖਾਂਦਾ ਸੀ । ਛੋਟੇ-ਮੋਟੇ ਜਾਨਵਰ ਉਹਦੀ ਸੇਵਾ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਸਨ।
ਕੁਝ ਹੀ ਦਿਨਾਂ ਵਿਚ ਉਸ ਗਿੱਦੜ ਦਾ ਜੀਵਨ ਹੀ ਬਦਲ ਗਿਆ। ਹੁਣ ਉਹ ਕਾਫ਼ੀ ਮੋਟਾ-ਤਾਜ਼ਾ ਹੋ ਗਿਆ ਸੀ। ਹੁਣ ਉਹਦੇ ਜੀਵਨ ਵਿਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਸੀ। ਖੁੱਲਾ ਖਾਣਾ, ਆਰਾਮ ਨਾਲ ਸੌਣਾ।ਉਹਨੇ ਤਾਂ ਕਦੀ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ ਕਿ ਉਹ ਕਦੀ ਜੰਗਲ ਦਾ ਰਾਜਾ ਵੀ ਬਣ ਸਕੇਗਾ।
ਇਕ ਵਾਰ ਨਾਲ ਦੇ ਜੰਗਲ ਵਿਚੋਂ ਗਿੱਦੜਾਂ ਦਾ ਇਕ ਬਹੁਤ ਵੱਡਾ ਦਲ ਰੌਲਾ ਪਾਉਂਦਾ ਹੋਇਆ ਉਸ ਜੰਗਲ ਵਿਚ ਆ ਗਿਆ। ਸਾਰੇ ਮਸਤ ਹੋ ਕੇ ਨੱਚ ਰਹੇ ਸਨ, ਗਾ ਰਹੇ ਸਨ।
ਨਕਲੀ ਰਾਜਾ ਗਿੱਦੜ, ਜੀਹਨੇ ਬੜ੍ਹਮਾ ਜੀ ਦਾ ਨਾਂ ਲੈ ਕੇ ਇਨਾਂ ਸਾਰਿਆਂ ਨੂੰ ਧੋਖਾ ਦਿੱਤਾ ਸੀ, ਆਪਣੇ ਗਿੱਦੜ ਭਰਾਵਾਂ ਨੂੰ ਨੱਚਦਾ-ਗਾਉਂਦਾ ਵੇਖ ਕੇ ਆਪਣੇ ਤਖ਼ਤ ਤੋਂ ਛਾਲ ਮਾਰ ਕੇ ਥੱਲੇ ਆ ਗਿਆ ਅਤੇ ਆਪਣੇ ਭਰਾਵਾਂ ਨਾਲ ਮਿਲ ਕੇ ਉਨ੍ਹਾਂ ਦੀ ਭਾਸ਼ਾ ਵਿਚ ਹੀ ਗਾਉਣ ਅਤੇ ਨੱਚਣ ਲੱਗ ਪਿਆ।
ਦਰਬਾਰ ਵਿਚ ਬੈਠੇ ਸ਼ੇਰ, ਚੀਤੇ, ਭੇੜੀਏ ਅਤੇ ਹਾਥੀ ਆਦਿ ਨੂੰ ਸਮਝਦਿਆਂ ਦੇਰ ਨਾ ਲੱਗੀ ਕਿ ਇਹ ਜਾਨਵਰ ਅਸਲ ਵਿਚ ਗਿੱਦੜ ਹੀ ਹੈ , ਜਿਹੜਾ ਸਾਨੂੰ ਸਾਰਿਆਂ ਨੂੰ ਬ੍ਰਹਮਾ ਜੀ ਦਾ ਨਾਂ ਲੈ ਕੇ ਧੋਖਾ ਦੇ ਕੇ ਸਾਡੇ ਉੱਪਰ ਰਾਜ ਕਰ ਰਿਹਾ ਹੈ। ਅਸੀਂ ਅੱਜ ਤਕ ਇਸ ਕਮੀਨੇ ਗਿੱਦੜ ਦੀ ਜੀ-ਹਜੂਰੀ ਕਰਦੇ ਰਹੇ ਅਤੇ ਇਹ ਧੋਖੇਬਾਜ਼ ਗਿੱਦੜ ਸਾਡੇ ਉੱਪਰ ਹੁਕਮ ਚਲਾਉਂਦਾ ਰਿਹਾ। ਕਿੰਨੇ ਸ਼ਰਮ ਵਾਲੀ ਗੱਲ ਹੈ ਸਾਡੀ ਲਈ। ਉਸੇ ਵਕਤ ਗੁੱਸੇ ਨਾਲ ਭਰਿਆ ਸ਼ੇਰ ਦਹਾੜ ਮਾਰ ਕੇ ਉੱਠਿਆ ਅਤੇ ਉਸ ਧੋਖੇਬਾਜ਼ ਗਿੱਦੜ ’ਤੇ ਟੁੱਟ ਪਿਆ। ਗਿੱਦੜ ਨੇ ਆਪਣੀ ਜਾਨ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਸ਼ੇਰ ਦੇ ਅੱਗੇ ਉਹਦੀ ਇਕ ਨਾ ਚੱਲੀ। ਦੂਜਿਆਂ ਨੂੰ ਧੋਖਾ ਦੇਣ ਵਾਲਾ ਉਹ ਗਿੱਦੜ ਮਿੰਟਾਂ ਵਿਚ ਹੀ ਆਪਣੀ ਜਾਨ ਗੁਆ ਬੈਠਾ।
0 Comments