ਦੇਣ ਦਾ ਲੈਣ
Den da Len
ਇਕ ਵਾਰ ਇਕ ਬਾਜ ਇਕ ਕਬੂਤਰ ਦਾ ਪਿੱਛਾ ਕਰਦਾ ਹੋਇਆ ਇਕ ਸ਼ਿਕਾਰੀ ਦੇ ਜਾਲ ਵਿਚ ਫਸ ਗਿਆ। ਬਾਜ ਨੇ ਫੜਫੜਾ ਕੇ ਜਾਲ ਤੋੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਕਾਮਯਾਬ ਨਾ ਹੋ ਸਕਿਆ। ਅਚਾਨਕ ਉਹਨੇ ਸ਼ਿਕਾਰੀ ਨੂੰ ਆਉਂਦਿਆਂ ਤੱਕਿਆ ਤੇ ਉਹ ਡਰ ਨਾਲ ਕੰਬ ਗਿਆ।
ਉਹ ਤਰਸਮਈ ਨਜ਼ਰਾਂ ਨਾਲ ਸ਼ਿਕਾਰੀ ਵੱਲ ਤੱਕ ਕੇ ਕਹਿਣ ਲੱਗਾ-“ਸ਼੍ਰੀਮਾਨ, ਮੈਂ ਤੁਹਾਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਹੈ ਅਤੇ ਨਾ ਹੀ ਭਵਿੱਖ ਵਿਚ ਅਜਿਹੀ ਕੋਈ ਸੰਭਾਵਨਾ ਹੈ ਤਾਂ ਫਿਰ ਤੁਸੀਂ ਮੈਨੂੰ ਕਿਉਂ ਫੜ ਲਿਆ ਹੈ ? ਮੇਰੀ ਬੇਨਤੀ ਹੈ ਕਿ ਕ੍ਰਿਪਾ ਕਰਕੇ ਮੈਨੂੰ ਆਪਣੇ ਜਾਲ ਵਿਚੋਂ ਆਜ਼ਾਦ ਕਰ ਦਿਉ ।
ਇਹ ਸੁਣ ਕੇ ਸ਼ਿਕਾਰੀ ਹੱਸਿਆ ਅਤੇ ਆਖਣ ਲੱਗਾ-“ਮੈਂ ਜਾਣਦਾ ਹਾਂ ਕਿ ਤੂੰ ਮੇਰਾ ਕੋਈ ਨੁਕਸਾਨ ਨਹੀਂ ਕੀਤਾ ਹੈ ਪਰ ਇਹ ਦੱਸ ਕਿ ਕਬੂਤਰ ਨੇ ਤੇਰਾ ਕਿਹੜਾ ਨੁਕਸਾਨ ਕੀਤਾ ਸੀ ? ਇਕ ਕਬੂਤਰ ਤੇਰਾ ਕੋਈ ਨੁਕਸਾਨ ਨਹੀਂ ਕਰ ਸਕਦਾ, ਪਰ ਫਿਰ ਵੀ ਤੂੰ ਉਹਨੂੰ ਮਾਰਨਾ ਚਾਹੁੰਦਾ ਹੈਂ। ਮੈਂ ਤੈਨੂੰ ਆਜ਼ਾਦ ਨਹੀਂ ਕਰ ਸਕਦਾ। ਤੇਰੇ ਨਾਲ ਓਹੀ ਹੋਵੇਗਾ, ਜੋ ਹੋਣਾ ਚਾਹੀਦਾ ਹੈ।
ਸਿੱਟਾ : ਦੂਜਿਆਂ ਨਾਲ ਉਹੋ ਜਿਹਾ ਹੀ ਵਰਤੋ, ਜਿਹੋ ਜਿਹਾ ਤੁਸੀਂ ਆਪਣੇ ਨਾਲ ਚਾਹੁੰਦੇ ਹੋ।
0 Comments