ਛੋਟਿਆਂਦੀਨੇਕ ਸਲਾਹ ਵੀ ਮੰਨ ਲੈਣੀ ਚਾਹੀਦੀ ਹੈ
Chotiya di Nek salah vi mann leni chahidi hai
ਇਕ ਵਾਰ ਪੰਛੀਆਂ ਦਾ ਇਕ ਝੁੰਡ ਕਿਸੇ ਖੇਤ ਦੇ ਉਪਰੋਂ ਉਡਦਾ ਜਾ ਰਿਹਾ ਸੀ। ਉਸੋ ਝੁੰਡ ਵਿਚ ਇਕ ਅਬਾਬੀਲ ਵੀ ਸੀ। ਕਹਿੰਦੇ ਹਨ ਕਿ ਅਬਾਬੀਲ ਇਕ ਦੁਰਦਰਸ਼ੀ ਪੰਛੀ ਹੈ। ਪੰਛੀਆਂ ਨੇ ਕਿਸਾਨ ਨੂੰ ਖੇਤ ਵਿਚ ਬੀਜ ਬੀਜਦਿਆਂ ਤੱਕਿਆ। ਦੂਜੇ ਪੰਛੀਆਂ ਨੇ ਤਾਂ ਉਹਦੇ ਵੱਲ ਧਿਆਨ ਨਾ ਦਿੱਤਾ, ਜਦਕਿ ਅਬਾਈਲ ਥੱਲੇ ਉਤਰੀ ਅਤੇ ਕਿਸਾਨ ਦੇ ਸਾਰੇ ਕੰਮਾਂ ਵੱਲ ਬੜੇ ਧਿਆਨ ਨਾਲ ਵੇਖਣ ਤੋਂ ਬਾਅਦ ਮੁੜ ਉੱਡ ਕੇ ਪੰਛੀਆਂ ਨਾਲ ਜਾ ਮਿਲੀ। ਕੁਝ ਦੇਰ ਉੱਡਣ ਤੋਂ ਬਾਅਦ ਉਹ ਦੁਸਰੇ ਪੰਛੀਆਂ ਨੂੰ ਕਹਿਣ ਲੱਗੀ-ਕੀ ਤੁਹਾਨੂੰ ਪਤਾ ਹੈ ਕਿ ਕਿਸਾਨ ਕੀ ਬੀਜ ਰਿਹਾ ਸੀ ??
ਸਾਰੇ ਪੰਛੀਆਂ ਨੇ ਆਖਿਆ ਕਿ ਉਹ ਇਸ ਬਾਰੇ ਕੁਝ ਨਹੀਂ ਜਾਣਦੇ।
ਅਬਾਬੀਲ ਮੁੜ ਕਹਿਣ ਲੱਗੀ-ਉਹ ਉਨ੍ਹਾਂ ਪੌਦਿਆਂ ਦੇ ਬੀਜ ਖੇਤਾਂ ਵਿਚ ਬੀਜ ਰਿਹਾ ਸੀ, ਜਿਨ੍ਹਾਂ ਤੋਂ ਰੱਸੀਆਂ ਅਤੇ ਧਾਗੇ ਬਣਦੇ ਹਨ। ਇਨ੍ਹਾਂ ਨਾਲ ਹੀ ਪੰਛੀਆਂ ਅਤੇ ਮੱਛੀਆਂ ਨੂੰ ਫਸਾਉਣ ਵਾਲੇ ਜਾਲ ਵੀ ਬਣਦੇ ਹਨ। ਸ਼ਿਕਾਰੀ ਇਨ੍ਹਾਂ ਜਾਲਾਂ ਦੀ ਹੀ ਵਰਤੋਂ ਕਰਦੇ ਹਨ। ਚੰਗਾ ਹੋਵੇਗਾ ਕਿ ਅਸੀਂ ਇਨ੍ਹਾਂ ਬੀਜਾਂ ਨੂੰ ਪੌਦੇ ਬਣਨ ਤੋਂ ਪਹਿਲਾਂ ਹੀ ਖੇਤ ਵਿਚੋਂ ਬਾਹਰ ਕੱਢ ਦੇਈਏ।
“ਅਰੇ ਭਾਈ ! ਜਲਦੀ ਕਾਹਦੀ ਏ ? ਸਾਰੇ ਪੰਛੀ ਬੋਲੇ-“ਸਾਡੇ ਕੋਲ ਤਾਂ ਅਜੇ ਬਹੁਤ ਸਮਾਂ ਪਿਆ ਹੈ।“
ਇਸ ਤਰ੍ਹਾਂ ਪੰਛੀਆਂ ਨੇ ਅਬਾਬੀਲ ਦੀ ਗੱਲ ਨਾ ਮੰਨੀ। ਬੀਜਾਂ ਵਿਚੋਂ ਕਰੂੰਬਲਾਂ ਫੁੱਟ ਪਈਆਂ। ਫਿਰ ਵੀ ਪੰਛੀ ਖੇਤਾਂ ਵਿਚ ਨਾ ਗਏ। ਹੌਲੀ-ਹੌਲੀ ਦਿਨ ਲੰਘਦੇ ਗਏ ਅਤੇ ਬੀਜਾਂ ਵਿਚੋਂ ਪੌਦੇ ਅਤੇ ਪੌਦਿਆਂ ਵਿਚੋਂ ਹਰੀਆਂ ਪੱਤੀਆਂ ਨਿਕਲਣ ਲੱਗ ਪਈਆਂ। ਉਸ ਅਕਲਮੰਦ ਅਬਾਬੀਲ ਨੇ ਇਕ ਵਾਰ ਮੁੜ ਪੰਛੀਆਂ ਨੂੰ ਚਿਤਾਵਨੀ ਦੇਂਦਿਆਂ ਹੋਇਆ ਆਖਿਆ-“ਅਜੇ ਵੀ ਸਮਾਂ ਹੈ, ਆਓ ਅਸੀਂ ਸਾਰੇ ਮਿਲ ਕੇ ਖੇਤ ਵਿਚਲੀ ਫ਼ਸਲ ਤਬਾਹ ਕਰ ਆਈਏ।
ਪਰ ਇਸ ਵਾਰ ਵੀ ਪੰਛੀਆਂ ਨੇ ਅਬਾਬੀਲ ਦੀਆਂ ਗੱਲਾਂ ਵੱਲ ਕੋਈ ਧਿਆਨ ਨਾ ਦਿੱਤਾ। ਅਖ਼ੀਰ ਵਿਚ ਥੱਕ-ਹਾਰ ਕੇ ਅਬਾਬੀਲ ਕਿਸੇ ਦੂਜੇ ਨਗਰ ਵਿਚ ਰਹਿਣ ਚਲੀ ਗਈ।
ਕੁਝ ਹੀ ਦਿਨਾਂ ਬਾਅਦ ਕਿਸਾਨ ਦੇ ਖੇਤਾਂ ਵਿਚ ਫ਼ਸਲ ਤਿਆਰ ਹੋ ਗਈ। ਫ਼ਸਲ ਵੱਢੀ ਗਈ ਅਤੇ ਜਿਵੇਂ ਅਬਾਬੀਲ ਨੇ ਆਖਿਆ ਸੀ-ਉਸ ਫ਼ਸਲ ਨਾਲ ਰੱਸੇ ਅਤੇ ਜਾਲ ਬਣਾਏ ਗਏ। ਬਹੁਤ ਸਾਰੇ ਪੰਛੀ ਇਨ੍ਹਾਂ ਜਾਲਾਂ ਵਿਚ ਫਸ ਗਏ। ਤਦ ਪੰਛੀਆਂ ਨੇ ਇਹ ਮਹਿਸੂਸ ਕੀਤਾ ਕਿ ਅਬਾਬੀਲ ਨੇ ਤਾਂ ਸ਼ੁਰੂ ਵਿਚ ਹੀ ਇਸ ਮੁਸੀਬਤ ਨੂੰ ਜੜੋਂ ਪੁੱਟਣ ਦੀ ਸਲਾਹ ਦਿੱਤੀ ਸੀ, ਪਰ ਪੰਛੀਆਂ ਨੇ ਉਸਦੀ ਸਲਾਹ ਨਹੀਂ ਸੀ ਮੰਨੀ। ਹੁਣ ਤਾਂ ਬਹੁਤ ਦੇਰ ਹੋ ਚੁੱਕੀ ਸੀ।
ਸਿੱਟਾ : ਆਪਣੇ ਤੋਂ ਛੋਟਿਆਂਦੀਨੇਕ ਸਲਾਹ ਵੀ ਮੰਨ ਲੈਣੀ ਚਾਹੀਦੀ ਹੈ।
0 Comments