ਚਲਾਕ ਭੇੜੀਆ ਅਤੇ ਹੰਸ
Chalak Bhediya ate Hans
ਇਕ ਭੇੜੀਆ ਜਦੋਂ ਆਪਣਾ ਸ਼ਿਕਾਰ ਖਾ ਰਿਹਾ ਸੀ ਤਾਂ ਮਾਸ ਦੀ ਇਕ ਹੱਡੀ ਉਹਦੇ ਗਲੇ ਵਿਚ ਫਸ ਗਈ। ਭੇੜੀਆ ਦਰਦ ਨਾਲ ਚੀਕਣ ਲੱਗਾ। ਗਲੇ ਦਾ ਦਰਦ ਹੌਲੀ-ਹੌਲੀ ਵਧ ਗਿਆ ਅਤੇ ਜਦੋਂ ਗੱਲ ਬਿਲਕੁਲ ਹੀ ਉਹਦੇ ਵੱਸ ਤੋਂ ਬਾਹਰ ਹੋ ਗਈ ਤਾਂ ਉਹਨੂੰ ਲੱਗਾ ਕਿ ਉਹ ਜਾਵੇਗਾ। ਉਹਨੂੰ ਸਾਹ ਲੈਣ ਵਿਚ ਵੀ ਮੁਸ਼ਕਿਲ ਆ ਰਹੀ ਸੀ। ਅਚਾਨਕ ਇਕ ਹੰਸ ਨੂੰ ਵੇਖ ਕੇ ਉਹਦੀ ਜਾਨ ਵਿਚ ਜਾਨ ਆਈ। ਉਹ ਹੰਸ ਦੇ ਨੇੜੇ ਪਹੁੰਚ ਕੇ ਰੁਕ-ਰੁਕ ਕੇ ਬੋਲਿਆ-ਹੰਸ ਭਰਾਵਾ! ਮੇਰੇ ਦੋਸਤ ! ਮੇਰੇ ਗਲੇ ਵਿਚ ਹੱਡੀ ਫਸ ਗਈ ਹੈ। ਮੈਂ ਦਰਦ ਨਾਲ ਤੜਫ਼ ਰਿਹਾ ਹਾਂ। ਮੈਂ ਸਾਰੀ ਉਮਰ ਤੇਰਾ ਅਹਿਸਾਨਮੰਦ ਰਹਾਂਗਾ ਅਤੇ ਤੈਨੂੰ ਇਨਾਮ ਵੀ ਦਿਆਂਗਾ ਜੇਕਰ ਤੂੰ ਮੇਰੇ ਗਲੇ ਵਿਚੋਂ ਹੱਡੀ ਕੱਢ ਦੇਵੇਂ।
ਹੰਸ ਨੂੰ ਭੇੜੀਏ ਦੀ ਹਾਲਤ ਵੇਖ ਕੇ ਤਰਸ ਆ ਗਿਆ। ਉਹਨੇ ਆਪਣੀ ਲੰਬੀ ਚੁੰਝ ਭੇੜੀਏ ਦੇ ਗਲੇ ਵਿਚ ਪਾਈ ਅਤੇ ਗਲੇ ਵਿਚ ਫਸੀ ਹੱਡੀ ਬਾਹਰ ਕੱਢ ਦਿੱਤੀ। ਭੇੜੀਏ ਦੀ ਮਸਾਂ ਹੀ ਜਾਨ ਵਿਚ ਜਾਨ ਆਈ। ਹੰਸ ਨੇ ਭੇੜੀਏ ਦਾ ਕੀਤਾ ਵਾਅਦਾ ਯਾਦ ਕਰਵਾਇਆ। ਉਹਦੀ ਗੱਲ ਸੁਣ ਕੇ ਭੇੜੀਏ ਨੇ ਬੜੀ ਬੇਸ਼ਰਮੀ ਨਾਲ ਆਖਿਆ-ਮੂਰਖਾ! ਤੇਰੀ ਹਿੰਮਤ ਕਿਵੇਂ ਹੋਈ ਇਨਾਮ ਮੰਗਣ ਦੀ। ਕੀ ਇਹ ਗੱਲ ਕਿਸੇ ਇਨਾਮ ਤੋਂ ਘੱਟ ਹੈ ਕਿ ਤੂੰ ਆਪਣੀ ਗਰਦਨ ਮੇਰੇ ਮੂੰਹ ਵਿਚ ਪਾਈ ਅਤੇ ਤੂੰ ਅਜੇ ਵੀ ਬਿਲਕੁਲ ਸਹੀ ਸਲਾਮਤ ਏ? ਜ਼ਰਾ ਸੋਚ, ਜੇਕਰ ਮੈਂ ਮੂੰਹ ਬੰਦ ਕਰ ਲੈਂਦਾ ਤਾਂ ਤੇਰੀ ਗਰਦਨ ਤਾਂ ਮੇਰੇ ਢਿੱਡ ਵਿਚ ਚਲੀ ਜਾਣੀ ਸੀ ਅਤੇ ਤੂੰ ਇਸ ਦੁਨੀਆ ਤੋਂ ਕੂਚ ਕਰ ਜਾਣਾ ਸੀ।’’ ਇਹ ਕਹਿ ਕੇ ਭੇੜੀਆ ਤੁਰ ਪਿਆ।
ਸਿੱਟਾ : ਨੇਕੀ ਉਹਦੇ ਨਾਲ ਹੀ ਕਰੋ , ਜਿਹੜਾ ਨੇਕ ਹੋਵੇ ।
0 Comments