ਬੁੱਢਾ, ਉਹਦਾ ਮੁੰਡਾ ਤੇ ਗਧਾ
Budha, Usda Munda te Gadha
ਇਕ ਵਾਰ ਇਕ ਬੁੱਢਾ ਤੇ ਉਹਦਾ ਮੁੰਡਾ ਦੋਵੇਂ ਆਪਣੇ ਗਧੇ ਨੂੰ ਨਾਲ ਲਿਜਾ ਕੇ ਬਾਜ਼ਾਰ ਜਾ ਰਹੇ ਸਨ। ਜਦੋਂ ਉਹ ਬਾਜ਼ਾਰ ਵਿਚ ਇਕ ਜਗ੍ਹਾ 'ਤੇ ਖਲੋਤੇ ਹੋਏ ਕੁਝ ਲੋਕਾਂ ਨੇੜਿਓਂ ਲੰਘੇ ਤਾਂ ਸਾਰੇ ਲੋਕ, ਜਿਨ੍ਹਾਂ ਵਿਚ ਬੱਚੇ ਵੀ ਸ਼ਾਮਿਲ ਸਨ, ਹੱਸਣ ਲੱਗ ਪਏ । ਇਕ ਵਿਅਕਤੀ ਆਖਣ ਲੱਗਾ“ਤੁਸੀਂ ਦੋਵੇਂ ਇਸ ਗਧੇ ਉੱਤੇ ਬਹਿ ਕਿਉਂ ਨਹੀਂ ਜਾਂਦੇ, ਇਹਨੂੰ ਆਪਣੇ ਨਾਲ-ਨਾਲ ਕਿਉਂ ਲੈ ਕੇ ਜਾ ਰਹੇ ਹੋ ?”
“ਓਹ ਹਾਂ।” ਬੁੱਢਾ ਆਦਮੀ ਬੋਲਿਆ-“ਤੁਸੀਂ ਠੀਕ ਆਖਦੇ ਓ। ਅਸੀਂ ਇਸ ਬਾਰੇ ਤਾਂ ਸੋਚਿਆ ਹੀ ਨਹੀਂ ਸੀ। ਕਹਿ ਕੇ ਬੁੱਢੇ ਨੇ ਆਪਣੇ ਛੋਟੇ ਮੁੰਡੇ ਨੂੰ ਗਧੇ ਉੱਤੇ ਬਿਠਾ ਦਿੱਤਾ ਤੇ ਆਪਣੀ ਯਾਤਰਾ ਮੁੜ ਸ਼ੁਰੂ ਕਰ ਦਿੱਤੀ। ਕੁਝ ਦੇਰ ਬਾਅਦ ਜਦੋਂ ਉਹ ਇਕ ਪਿੰਡ ਨੇੜਿਓਂ ਲੰਘੇ ਤਾਂ ਪਿੰਡ ਵਾਲੇ ਉਨ੍ਹਾਂ ਨੂੰ ਵੇਖ ਕੇ ਹੱਸਣ ਲੱਗ ਪਏ। ਉਹ ਆਪਸ 'ਚ ਗੱਲਾਂ ਕਰਨ ਲੱਗ ਪਏ-“ਵੇਖੋ, ਇਹ ਕੰਮ-ਚੋਰ ਮੁੰਡਾ ਤਾਂ ਆਰਾਮ ਨਾਲ ਗਧੇ 'ਤੇ ਬੈਠਾ ਹੈ ਤੇ ਬੁੱਢਾ ਪਿਉ ਉਹਦੇ ਮਗਰ-ਮਗਰ ਪੈਦਲ ਤੁਰ ਰਿਹਾ ਹੈ।ਉਏ ਮੂਰਖਾ! ਉਤਰ ਥੱਲੇ ਤੇ ਆਪਣੇ ਪਿਉ ਨੂੰ ਗਧੇ 'ਤੇ ਬਿਠਾ ।
ਬੁੱਢਾ ਪਿੰਡ ਵਾਲਿਆਂ ਦੀਆਂ ਗੱਲਾਂ ਸੁਣ ਕੇ ਘਬਰਾ ਗਿਆ ਤੇ ਆਪਣੇ ਮੁੰਡੇ ਨੂੰ ਗਧੇ ਤੋਂ ਹੇਠਾਂ ਉਤਾਰ ਕੇ ਖ਼ੁਦ ਗਧੇ `ਤੇ ਬਹਿ ਗਿਆ| ਅਜੇ ਉਹ ਥੋੜਾ ਹੀ ਅੱਗੇ ਗਏ ਸਨ ਕਿ ਇਕ ਖੂਹ ਦੇ ਕੰਢੇ ਖਲੋਤੀਆਂ ਕੁਝ ਔਰਤਾਂ ਕਹਿਣ ਲੱਗ ਪਈਆਂ-“ਓਏ , ਬੁੱਢੇ ਦੀ ਮੱਤ ਤਾਂ ਨਹੀਂ ਮਾਰੀ ਗਈ। ਕਿਵੇਂ ਮਜ਼ੇ ਨਾਲ ਆਪ ਗਧੇ `ਤੇ ਬੈਠਾ ਹੈ ਤੇ ਨਿਆਣਾ ਪੈਦਲ ਤੁਰ ਰਿਹਾ ਹੈ। ਵਿਚਾਰਾ ਕਿਵੇਂ ਹਫ਼ ਰਿਹਾ ਹੈ। ਓਏ ਬੁੱਢਿਆ, ਤੈਨੂੰ ਸ਼ਰਮ ਨਹੀਂ ਆਉਂਦੀ, ਆਪ ਨੂੰ ਗਧੇ `ਤੇ ਬੈਠਾ ਏਂ, ਨਿਆਣੇ ਨੂੰ ਵੀ ਕਿਉਂ ਨਹੀਂ ਗਧੇ ’ਤੇ ਬਿਠਾ ਲੈਂਦਾ। | ਇਹ ਸੁਣ ਕੇ ਬੁੱਢੇ ਨੇ ਬੱਚੇ ਨੂੰ ਵੀ ਗਧੇ 'ਤੇ ਆਪਣੇ ਮਗਰ ਬਿਠਾਲਿਆ ਤੇ ਅੱਗੇ ਤੁਰ ਪਿਆ।
ਬੁੱਢੇ ਨੇ ਸੋਚਿਆ-ਚਲੋ, ਘੱਟੋ-ਘੱਟ ਹੁਣ ਤਾਂ ਕੋਈ ਨਹੀਂ ਟੋਕੇਗਾ। ਪਰ ਉਹਦਾ ਸੋਚਣਾ ਗ਼ਲਤ ਸੀ। ਉਹ ਅਜੇ ਸੌ ਗਜ ਦੂਰ ਹੀ ਗਏ ਹੋਣਗੇ ਕਿ ਰਾਜਮਾਰਗ 'ਤੇ ਖਲੋਤੇ ਇਕ ਵਿਅਕਤੀ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਕਹਿਣ ਲੱਗਾ-“ਮਾਫ਼ ਕਰਿਓ ਸ਼ੀਮਾਨ ! ਇਹ ਗਧਾ ਤੁਹਾਡਾ ਹੀ ਹੈ ???
“ਹਾਂ, ਹੈ ਤਾਂ ਮੇਰਾ ਹੀ।” ਬੁੱਢਾ ਬੋਲਿਆ।
“ਭਲਾ ਕੌਣ ਸੋਚ ਸਕਦਾ ਹੈ ਕਿ ਤੁਸੀਂ ਇਸ ਵਿਚਾਰੇ ਗਧੇ ਉੱਤੇ ਏਨਾ ਭਾਰ ਲੱਦਦੇ ਹੋਵੋਗੇ।” ਇਹ ਕਹਿ ਕੇ ਉਹ ਵਿਅਕਤੀ ਹੱਸਦਾ ਹੋਇਆ ਅੱਗੇ ਤੁਰ ਪਿਆ।
ਹੁਣ ਬੁੱਢਾ ਗੁੱਸੇ 'ਚ ਬੁੜਬੁੜਾਉਣ ਲੱਗ ਪਿਆ-ਸਮਝ ਨਹੀਂ ਆਉਂਦੀ ਕਿ ਕੀ ਕਰਾਂ ਤੇ ਕੀ ਨਾ ਕਰਾਂ। ਗਧੇ 'ਤੇ ਬੋਝ ਨਹੀਂ ਲੱਦਦਾ ਤਾਂ ਦੁਨੀਆ ਘੂਰ-ਘੂਰ ਕੇ ਤੱਕਦੀ ਏਂ, ਜੇਕਰ ਅਸੀਂ ਇਸ ਗਧੇ ਤੇ ਬਹਿ ਗਏ ਹਾਂ ਤਾਂ ਬਹਿਣ ਵਾਲੇ ਨੂੰ ਚੰਗਾ-ਮਾੜਾ ਕਿਹਾ ਜਾ ਰਿਹਾ ਹੈ । ਪਰ ਹੁਣ ਜਦ ਅਸੀਂ ਦੋਵੇਂ ਪਿਉ-ਪੁੱਤਰ ਗਧੇ 'ਤੇ ਬੈਠੇ ਹੋਏ ਹਾਂ ਤਾਂ ਵੀ ਲੋਕ ਸਾਡਾ ਮਜ਼ਾਕ ਉਡਾ ਰਹੇ ਹਨ।
ਬੁੱਢਾ ਕੁਝ ਦੇਖ ਖਲੋਤਾ ਸੋਚਦਾ ਰਿਹਾ , ਫਿਰ ਉਹਨੇ ਕੁਝ ਅਜਿਹਾ ਕਰਨ ਬਾਰੇ ਸੋਚ ਲਿਆ, ਜੋ ਕਿਸੇ ਹੋਰ ਨੇ ਨਾ ਕੀਤਾ ਜਾਵੇ ।
ਉਹਨੇ ਗਧੇ ਦੇ ਚਾਰੇ ਪੈਰ ਰੱਸੀ ਨਾਲ ਬੰਨ੍ਹ ਦਿੱਤੇ ਅਤੇ ਗਾਂਧੇ ਨੂੰ ਇਕ ਬਾਂਸ ਨਾਲ ਉਲਟਾ ਲਟਕਾ ਲਿਆ। ਬਾਂਸ ਦਾ ਇਕ ਸਿਰਾ ਬੁੱਢੇ ਨੇ ਆਪਣੇ ਮੋਢੇ 'ਤੇ ਰੱਖ ਲਿਆ ਤੇ ਦੂਜਾ ਸਿਰਾ ਮੁੰਡੇ ਨੇ ਆਪਣੇ ਮੋਢੇ 'ਤੇ ਧਰ ਲਿਆ ਤੋਂ ਦੋਵੇਂ ਬਾਜ਼ਾਰ ਵੱਲ ਤੁਰ ਪਏ । ਬਾਜ਼ਾਰ ਪਹੁੰਚਦਿਆਂ ਹੀ ਨਦੀ 'ਤੇ ਬਣੇ ਇਕ ਪੁਲ ਤੋਂ ਲੰਘਣਾ ਪੈਣਾ ਸੀ।
ਗਧੇ ਨੂੰ ਬਾਂਸ ਨਾਲ ਪੁੱਠਾ ਲਟਕਿਆ ਵੇਖ ਕੇ ਸਾਰਾ ਕਸਬਾ ਹੀ ਆ ਗਿਆ। ਸਾਰੇ ਹੱਸ ਰਹੇ ਸਨ, ਚੀਖ ਰਹੇ ਸਨ, ਤਾੜੀਆਂ ਮਾਰ ਰਹੇ ਸਨ। ਕਾਫ਼ੀ ਹਾਸੋਹੀਣਾ ਨਜ਼ਾਰਾ ਸੀ । ਇਕ ਚੰਗਾ ਭਲਾ ਤੰਦਰੁਸਤ ਗਧਾ ਡੇ ਤੇ ਲਟਕਾ ਕੇ ਦੋ ਵਿਅਕਤੀ ਆਪਣੇ ਮੋਢਿਆਂ 'ਤੇ ਚੁੱਕ ਕੇ ਲਿਜਾ ਰਹੇ ਸਨ। ਹੋਣਾ ਤਾਂ ਇਹ ਚਾਹੀਦਾ ਸੀ ਕਿ ਉਹ ਦੋਵੇਂ ਗਧੇ ਤੇ ਬਹਿ ਕੇ ਯਾਤਰਾ ਕਰਦੇ। ਲੋਕਾਂ ਦੀ ਭੀੜ ਅਤੇ ਚੀਕ-ਚਿਹਾੜਾ ਸੁਣ ਕੇ ਗਧਾ ਬੁਰੀ ਤਰ੍ਹਾਂ ਹੱਥ-ਪੈਰ ਮਾਰਨ ਲੱਗ ਪਿਆ | ਅਚਾਨਕ ਗਧੇ ਦੇ ਪੈਰਾਂ ਨਾਲ ਬੱਝੀ ਰੱਸੀ ਟੁੱਟ ਗਈ ਅਤੇ ਉਹ ਪੁਲ ਤੋਂ ਹੇਠਾਂ ਨਦੀ ਵਿਚ ਡਿੱਗ ਪਿਆ ਅਤੇ ਥੋੜੀਦੇਰ ਤੜਫਣ ਤੋਂ ਬਾਅਦ ਉਹ ਡੁੱਬ ਕੇ ਮਰ ਗਿਆ।
ਬੁੱਢੇ ਨੇ ਇਕ ਵਾਰ ਨਦੀ ਵਿਚ ਵੇਖਿਆ, ਗਧਾ ਮਰ ਚੁੱਕਾ ਸੀ। ਉਹਨੇ ਮੁੰਡੇ ਨੂੰ ਗੋਦੀ ਵਿਚ ਚੁੱਕਿਆ ਤੇ ਕਾਹਲੀ ਕਾਹਲੀ ਘਰ ਵੱਲ ਤੁਰ ਪਿਆ। ਉਹ ਬਹੁਤ ਉਦਾਸ ਸੀ, ਪਰ ਉਹਨੇ ਕੋਈ ਮੂਰਖਤਾ ਨਹੀਂ ਸੀ ਕੀਤੀ। ਉਹਨੇ ਤਾਂ ਸਾਰਿਆਂ ਨੂੰ ਖ਼ੁਸ਼ ਕਰਨ ਦਾ ਭਰਪੂਰ ਯਤਨ ਕੀਤਾ ਸੀ, ਪਰ ਉਹ ਕਿਸੇ ਨੂੰ ਵੀ ਖ਼ੁਸ਼ ਨਹੀਂ ਸੀ ਕਰ ਸਕਿਆ। ਉਲਟਾ ਉਹਨੂੰ ਆਪਣਾ ਗਧਾ ਵੀ ਗੁਆਉਣਾ ਪਿਆ ਸੀ।
ਸਿੱਟਾ : ਜੇਕਰ ਤੁਸੀਂ ਸਾਰਿਆਂ ਨੂੰ ਖ਼ੁਸ਼ ਕਰਨ ਦਾ ਯਤਨ ਕਰੋਗੇ ਤਾਂ ਕਿਸੇ ਨੂੰ ਵੀ ਖ਼ੁਸ਼ ਨਹੀਂ ਕਰ ਸਕੋਗੇ।
0 Comments