ਬਾਂਦਰ ਅਤੇ ਲੂਮੜੀ
Bandar ate Lombdi
ਬਹੁਤ ਸਮਾਂ ਪਹਿਲਾਂ ਦੀ ਗੱਲ ਹੈ। ਜੰਗਲ ਦਾ ਰਾਜਾ ਸ਼ੇਰ ਬੁੱਢਾ ਹੋ ਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਰਾਜੇ ਦੀ ਮੌਤ ਤੋਂ ਬਾਅਦ ਜੰਗਲ ਦੇ ਸਾਰੇ ਜਾਨਵਰਾਂ ਨੇ ਨਵਾਂ ਰਾਜਾ ਚੁਣਨ ਵਾਸਤੇ ਇਕ ਸਭਾ ਬਲਾਈ। ਰਾਜਾ ਬਣਨ ਲਈ ਬਹੁਤ ਸਾਰੇ ਜਾਨਵਰ ਉਤਾਵਲੇ ਸਨ, ਪਰ ਕੋਈ ਵੀ ਇਸ ਪਦਵੀ ਦੇ ਯੋਗ ਨਹੀਂ ਸੀ ਸਮਝਿਆ ਜਾ ਰਿਹਾ| ਕਾਫ਼ੀ ਦੇਰ ਤਕ ਬਹਿਸ ਚੱਲਦੀ ਰਹੀ। ਆਖ਼ਿਰਕਾਰ ਇਕ ਬਾਂਦਰ ਨੂੰ, ਜੋ ਕਿ ਸਰੀਰ ਪੱਖੋਂ ਬਹੁਤ ਹੀ ਵਿਸ਼ਾਲ ਸੀ, ਰਾਜਾ ਚੁਣ ਲਿਆ ਗਿਆ । ਇਹ ਬਾਂਦਰ ਆਪਣੀ ਚਲਾਕੀ ਤੇ ਹਾਸੋ-ਹੀਣੇ ਚਰਿੱਤਰ ਲਈ ਵੀ ਮਸ਼ਹੂਰ ਸੀ। ਉਹਨੂੰ ਰਾਜਾ ਬਣਾਉਣ ਪਿੱਛੇ ਉਹਦੀਆਂ ਇਹੋ ਖ਼ੂਬੀਆਂ ਕੰਮ ਆਈਆਂ ਸਨ।
ਪਰ ਇਕ ਲੂੰਮੜ ਇਸ ਚੋਣ ਤੋਂ ਖ਼ੁਸ਼ ਨਹੀਂ ਸੀ। ਉਹ ਖ਼ੁਦ ਰਾਜਾ ਬਣਨਾ ਚਾਹੁੰਦਾ ਸੀ। ਇਕ ਬਾਂਦਰ ਉਹਦੇ ਉੱਤੇ ਰਾਜ ਕਰੇ, ਇਹ ਗੱਲ ਉਹਨੂੰ ਚੰਗੀ ਨਹੀਂ ਸੀ ਲੱਗ ਰਹੀ।
ਇਕ ਦਿਨ ਸਵੇਰੇ ਉਹ ਬਾਂਦਰ ਕੋਲ ਜਾ ਕੇ ਕਹਿਣ ਲੱਗਾ-“ਮਹਾਰਾਜ! ਤੁਹਾਡੀ ਜੈ ਹੋਵੇ । ਮੇਰੇ ਕੋਲ ਤੁਹਾਨੂੰ ਸੁਣਾਉਣ ਵਾਸਤੇ ਬਹੁਤ ਹੀ ਵਧੀਆ ਖ਼ਬਰ ਹੈ । ਪਰ ਇਹ ਤੁਹਾਨੂੰ ਆਪਣੇ ਤਕ ਹੀ ਰੱਖਣੀ ਪਵੇਗੀ , ਅੱਗੇ ਨਾ ਪਹੁੰਚਾਇਓ।
ਬਾਂਦਰ ਇਹ ਗੱਲ ਸੁਣ ਕੇ ਬਹੁਤ ਖ਼ੁਸ਼ ਹੋਇਆ ਅਤੇ ਪੂਰੇ ਉਤਸ਼ਾਹ ਵਿਚ ਬੋਲਿਆ-“ਹਾਂ...ਹਾਂ ! ਦੱਸ, ਕੀ ਗੱਲ ਏ ??? ਬਾਂਦਰ ਨੇ ਕਾਹਲਾ ਪੈਂਦਿਆਂ ਆਖਿਆ।
ਮਹਾਰਾਜ, ਮੈਨੂੰ ਨਾਲ ਵਾਲੇ ਜੰਗਲ ਵਿਚੋਂ ਗੁਪਤ ਖ਼ਜ਼ਾਨਾ ਲੱਭਾ ਹੈ ।” ਲੂੰਮੜ ਬੋਲਿਆ-“ਤੁਸੀਂ ਕਿਉਂਕਿ ਮਹਾਰਾਜ ਹੋ, ਇਸ ਲਈ ਇਹ ਸਾਰਾ ਧਨ ਤੁਹਾਡਾ ਹੋਣਾ ਚਾਹੀਦਾ ਹੈ। ਇਸ ਲਈ ਮੈਂ ਇਸ ਧਨ ਨੂੰ ਉਥੇ ਹੀ ਰੱਖ ਆਇਆ ਹਾਂ। ਆਓ, ਤੁਹਾਨੂੰ ਮੈਂ ਉਸ ਧਨ ਤਕ ਲੈ ਜਾਵਾਂ।
ਬਾਂਦਰ ਬਿਨਾਂ ਦੇਰ ਕੀਤਿਆਂ ਲੂੰਮੜ ਦੇ ਨਾਲ ਤੁਰ ਪਿਆ। ਲੂੰਮੜ ਬਾਂਦਰ ਨੂੰ ਇਕ ਅਜਿਹੇ ਟੋਏ ਦੇ ਨੇੜੇ ਲੈ ਗਿਆ, ਜੀਹਦੇ ਵਿਚ ਉੱਚੀਆਂ-ਉੱਚੀਆਂ ਘਾਹ ਅਤੇ ਝਾੜੀਆਂ ਉੱਗੀਆਂ ਹੋਈਆਂ ਸਨ।
“ਉਥੇ। ਲੂੰਮੜ ਬੋਲਿਆ-ਜਿਥੇ ਲੰਮਾ-ਲੰਮਾ ਘਾਹ ਹੈ, ਤੁਸੀਂ ਉਥੇ ਹੱਥ ਮਾਰ ਕੇ ਵੇਖੋ, ਤੁਹਾਨੂੰ ਖ਼ਜ਼ਾਨਾ ਲੱਭ ਪਵੇਗਾ।
ਬਾਂਦਰ ਨੇ ਲੂੰਮੜ ਦੇ ਕਹਿਣ 'ਤੇ ਉਵੇਂ ਹੀ ਕੀਤਾ। ਪਰ ਜਿਉਂ ਹੀ ਬਾਂਦਰ ਨੇ ਆਪਣਾ ਹੱਥ ਟੋਏ ਅੰਦਰ ਪਾਇਆ ਤਾਂ ਇਕ ਕਲਿਕ’ ਦੀ ਆਵਾਜ਼ ਆਈ ਅਤੇ ਬਾਂਦਰ ਦਾ ਹੱਥ ਕਿਸੇ ਫੰਦੇ ਵਿਚ ਫਸ ਗਿਆ।
ਲੂੰਮੜ ਹੱਸਣ ਲੱਗ ਪਿਆ-“ਹਾ...ਹਾ...! ਤੂੰ ਵੀ ਕਿਹੋ ਜਿਹਾ ਰਾਜਾ ਏਂ... ਤੈਨੂੰ ਤਾਂ ਜ਼ਰਾ ਜਿੰਨੀ ਵੀ ਅਕਲ ਨਹੀਂ ਹੈ...ਤੂੰ ਏਡੇ ਵੱਡੇ ਜੰਗਲ ਨੂੰ ਕਿਵੇਂ ਚਲਾ ਸਕਦਾ ਏਂ ?? ਇਹ ਕਹਿ ਕੇ ਲੂੰਮੜ ਹੱਸਦਾ ਹੋਇਆ ਵਾਪਸ ਆ ਗਿਆ।
0 Comments