ਭੇੜੀਆ ਅਤੇ ਸ਼ੇਰ
Bhediya ate Sher
ਇਕ ਵਾਰ ਦੀ ਗੱਲ ਹੈ ਕਿ ਇਕ ਭੇੜੀਆ ਅਤੇ ਇਕ ਸ਼ੇਰ ਸ਼ਿਕਾਰ ਦੀ ਤਲਾਸ਼ ਵਿਚ ਇਕੱਠੇ ਘੁੰਮ ਰਹੇ ਸਨ। ਇਕ ਰਿਸ਼ਤੇ ਤੋਂ ਭੇੜੀਆ ਸ਼ੇਰ ਦਾ ਮੰਤਰੀ ਸੀ। ਉਹ ਉਹਦੀ ਚਾਪਲੂਸੀ ਅਤੇ ਜੀ- ਹਜੂਰੀ ਵਿਚ ਲੱਗਾ ਰਹਿੰਦਾ। ਉਹਦੀ ਇਹੋ ਕੋਸ਼ਿਸ਼ ਹੁੰਦੀ ਕਿ ਸ਼ੇਰ ਖ਼ੁਸ ਰਹੇ ਅਤੇ ਸ਼ਿਕਾਰ ਕਰਨ ਉੱਤੇ ਉਹਨੂੰ ਮੋਟਾ ਹਿੱਸਾ ਇਨਾਮ ਵਜੋਂ ਦੇਵੇ।
ਸ਼ੇਰ ਦਾ ਸੁਭਾਅ ਵੀ ਮੁਡੀ ਸੀ। ਕਦੀ ਉਹ ਖ਼ੁਸ਼ ਹੋ ਜਾਂਦਾ, ਕਦੀ ਨਹੀਂ। ਪਰ ਇਕ ਗੱਲ ਪੱਕੀ ਸੀ ਕਿ ਉਹ ਭੇੜੀਏ ਦੀ ਸਲਾਹ ’ਤੇ ਵਿਚਾਰ ਜ਼ਰੂਰ ਕਰਦਾ ਸੀ। ਘੁੰਮਦੇ ਵਕਤ ਅਚਾਨਕ ਭੇੜੀਏ ਨੂੰ ਭੇਡਾਂ ਦੇ ਮਿਆਉਣ ਦੀ ਆਵਾਜ਼ ਸੁਣੀ।
“ਤੁਹਾਨੂੰ ਭੇਡਾਂ ਦੇ ਮਿਮਿਆਣ ਦੀ ਆਵਾਜ਼ ਸੁਣੀ ਏ ਮਹਾਰਾਜ ??? ਭੇੜੀਏ ਨੇ ਸ਼ੇਰ ਨੂੰ ਪੁੱਛਿਆ ਤੇ ਫਿਰ ਬੋਲਿਆ-“ਤੁਸੀਂ ਏਥੇ ਹੀ ਰੁਕੋ ! ਮੈਂ ਜਾ ਕੇ ਵੇਖਦਾ ਹਾਂ ਅਤੇ ਜੇਕਰ ਹੋ ਸਕਿਆ ਤਾਂ ਤੁਹਾਡੇ ਖਾਣ ਲਈ ਇਕ ਮੋਟੀ-ਤਾਜ਼ੀ ਭੇਡ ਦਾ ਬੰਦੋਬਸਤ ਵੀ ਕਰਦਾ ਹਾਂ।
ਠੀਕ ਏ।' ਸ਼ੇਰ ਬੋਲਿਆ-“ਪਰ ਜ਼ਿਆਦਾ ਵਕਤ ਨਾ ਲਾਵੀਂ। ਮੈਂ ਭੁੱਖਾ ਹਾਂ।
ਭੇੜੀਆ ਭੇਡ ਦੀ ਭਾਲ ਵਿਚ ਚਲਾ ਗਿਆ । ਅਜੇ ਉਹ ਤਕਰੀਬਨ ਸੌ ਗਜ਼ ਦੂਰ ਹੀ ਗਿਆ ਸੀ ਕਿ ਉਹਨੂੰ ਭੇਡਾਂ ਦਾ ਝੁੰਡ ਨਜ਼ਰ ਆਇਆ। ਪਰ ਇਹ ਵੇਖ ਕੇ ਭੇੜੀਏ ਦਾ ਮੁੰਹ ਉਦਾਸ ਹੋ ਗਿਆ ਕਿ ਭੇਡਾਂ ਇਕ ਕਮਰੇ ਵਿਚ ਡੱਕੀਆਂ ਹੋਈਆਂ ਹਨ ਤੇ ਉਹ ਕਮਰਾ ਚੰਗੀ ਤਰ੍ਹਾਂ ਬੰਦ ਹੈ ਅਤੇ ਖ਼ਤਰਨਾਕ ਕੁੱਤੇ ਵੀ ਭੇਡਾਂ ਦੀ ਰਾਖੀ ਕਰ ਰਹੇ ਸਨ।
ਭੇੜੀਆ ਸਮਝ ਗਿਆ ਕਿ ਉਥੇ ਉਹਦੀ ਦਾਲ ਨਹੀਂ ਗਲਣ ਵਾਲੀ। ਹੁਣ ਉਹ ਕੀ ਕਰੇ? ਉਹਨੇ ਸੋਚਿਆ ਕਿ ਜਾਨ ਜੋਖਮ ਵਿਚ ਪਾਉਣ ਨਾਲੋਂ ਤਾਂ ਚੰਗਾ ਹੈ ਕਿ ਵਾਪਸ ਜਾ ਕੇ ਕੋਈ ਚੰਗਾ ਜਿਹਾ ਬਹਾਨਾ ਬਣਾ ਕੇ ਸ਼ੇਰ ਨੂੰ ਟਾਲ ਦਿੱਤਾ ਜਾਵੇ।
ਇਹ ਸੋਚ ਕੇ ਭੇੜੀਆ ਵਾਪਸ ਆ ਗਿਆ ਤੇ ਸ਼ੇਰ ਨੂੰ ਕਹਿਣ ਲੱਗਾ ਮਹਾਰਾਜ! ਉਨਾਂ ਭੇਡਾਂ ਦਾ ਸ਼ਿਕਾਰ ਕਰਨਾ ਫ਼ਜ਼ੂਲ ਹੈ। ਉਹ ਬਹੁਤ ਪਤਲੀਆਂ ਤੇ ਬਿਮਾਰ ਜਿਹੀਆਂ ਲੱਗ ਰਹੀਆਂ ਹਨ। ਉਨ੍ਹਾਂ ਦੇ ਸਰੀਰ ’ਤੇ ਜਰਾ ਵੀ ਮਾਸ ਨਹੀਂ ਹੈ।ਉਨ੍ਹਾਂ ਨੂੰ ਖਾਣ ਨਾਲੋਂ ਤਾਂ ਭੁੱਖੇ ਰਹਿਣਾ ਹੀ ਚੰਗਾ ਹੈ। ਜਦੋਂ ਉਨ੍ਹਾਂ ਦੇ ਸਰੀਰ ’ਤੇ ਚਰਬੀ ਚੜ ਜਾਵੇਗੀ ਤਾਂ ਉਨ੍ਹਾਂ ਨੂੰ ਖਾਣਾ ਬਿਹਤਰ ਹੋਵੇਗਾ ਅਤੇ ਉਂਜ ਵੀ ਮੋਟੀਆਂ-ਤਾਜ਼ੀਆਂ ਭੇਡਾਂ ਨੂੰ ਖਾ ਕੇ ਹੀ ਸਾਡੀ ਭੁੱਖ ਮਿਟ ਸਕਦੀ ਹੈ।
ਸਿੱਟਾ : ਡਰਪੋਕ ਵਿਅਕਤੀ ਖ਼ਤਰੇ ਤੋਂ ਬਚਣ ਲਈ ਕੋਈ ਨਾ ਕੋਈ ਬਹਾਨਾ ਲੱਭ ਹੀ ਲੈਂਦਾ ਹੈ।
0 Comments