ਭੇੜੀਆ ਅਤੇ ਮੇਮਣਾ
Bhediya ate Memna
ਇਕ ਵਾਰ ਇਕ ਭੇੜੀਆ ਕਿਸੇ ਪਹਾੜੀ ਨਦੀ ਵਿਚ ਇਕ ਉੱਚੀ ਜਗ੍ਹਾ ਤੇ ਪਾਣੀ ਪੀ ਰਿਹਾ ਸੀ। ਅਚਾਨਕ ਉਹਦੀ ਨਜ਼ਰ ਥੱਲੇ ਖਲੋਤੇ ਇਕ ਭੋਲੇ-ਭਾਲੇ ਮੇਮਣੇ `ਤੇ ਪਈ। ਮੇਮਣਾ ਵੀ ਪਾਣੀ ਪੀ ਰਿਹਾ ਸੀ। ਭੇੜੀਆ ਮੇਮਣੇ ਨੂੰ ਵੇਖ ਕੇ ਬਹੁਤ ਖ਼ੁਸ਼ ਹੋਇਆ ਅਤੇ ਸੋਚਣ ਲੱਗਾ-ਕਈ ਸਾਲ ਲੰਘ ਗਏ ਨੇ, ਮੈਂ ਕਿਸੇ ਮੇਮਣੇ ਦਾ ਮਾਸ ਨਹੀਂ ਖਾਧਾ। ਇਹ ਮੇਮਣਾ ਹੈ ਵੀ ਛੋਟੀ ਉਮਰ ਦਾ। ਬੜਾ ਮੁਲਾਇਮ ਮਾਸ ਹੋਵੇਗਾ ਇਹਦਾ। ਮੇਰੇ ਮੂੰਹ ਵਿਚ ਤਾਂ ਪਾਣੀ ਵੀ ਆ ਗਿਆ ਹੈ। ਕਿੰਨਾ ਚੰਗਾ ਹੁੰਦਾ, ਜੇਕਰ ਮੈਂ ਇਹਨੂੰ ਖਾ ਸਕਦਾ।
ਇਹ ਗੱਲ ਸੋਚ ਕੇ ਅਚਾਨਕ ਉਹ ਭੇੜੀਆ ਚੀਕਣ ਲੱਗ ਪਿਆ “ਓਏ ਗੰਦੇ ਜਾਨਵਰ ! ਆਹ ਕੀ ਕਰ ਰਿਹਾ ਏਂ ? ਮੇਰਾ ਪੀਣ ਵਾਲਾ ਪਾਣੀ ਕਿਉਂ ਗੰਦਾ ਕਰ ਰਿਹਾ ਏਂ? ਆਹ ਵੇਖ, ਪਾਣੀ ਵਿਚ ਕਿੰਨਾ ਗੰਦ ਰਲਾ ਦਿੱਤਾ ਏ ਤੂੰ ?”
ਮੇਮਣਾ ਉਸ ਭੇੜੀਏ ਨੂੰ ਵੇਖ ਕੇ ਸਹਿਮ ਗਿਆ । ਭੇੜੀਆ ਵਾਰ-ਵਾਰ ਆਪਣੇ ਬੁੱਲ੍ਹਾਂ 'ਤੇ ਜੀਭ ਫੇਰ ਰਿਹਾ ਸੀ। ਉਹਦੇ ਮੂੰਹ ਵਿਚ ਪਾਣੀ ਆਗਿਆ ਸੀ। ਮੇਮਣਾ ਡਰ ਨਾਲ ਕੰਬਣ ਲੱਗਾ । ਭੇੜੀਆ ਉਹਦੇ ਤੋਂ ਕੁਝ ਕੁ ਗਜ ਦੀ ਦੂਰੀ 'ਤੇ ਹੀ ਸੀ। ਫਿਰ ਵੀ ਉਹਨੇ ਹਿੰਮਤ ਇਕੱਠੀ ਕੀਤੀ ਅਤੇ ਆਖਿਆ_ ਸ਼੍ਰੀਮਾਨ! ਜਿਥੇ ਖਲੋ ਕੇ ਤੁਸੀਂ ਪਾਣੀ ਪੀਰਹੇ ਹੋ, ਉਹ ਜਗਾ ਉੱਚੀ ਹੈ। ਨਦੀ ਦਾ ਪਾਣੀ ਉਪਰੋਂ ਹੇਠਾਂ ਆ ਰਿਹਾ ਹੈ | ਸ੍ਰੀਮਾਨ ਜੀ, ਭਲਾ ਮੈਂ ਪਾਣੀ ਨੂੰ ਕਿਵੇਂ ਗੰਦਾ ਕਰ ਸਕਦਾ ਹਾਂ ???
“ਖ਼ੈਰ, ਇਹ ਦੱਸ ਕਿ ਇਕ ਸਾਲ ਪਹਿਲਾਂ ਤੂੰ ਮੈਨੂੰ ਗਾਲਾਂ ਕਿਉਂ ਕੱਢੀਆਂ ਸਨ?'' ਭੇੜੀਆ ਗੁੱਸੇ ਵਿਚ ਬੋਲਿਆ।
“ਸੀਮਾਨ ਜੀ! ਭਲਾ ਇਹ ਕਿਵੇਂ ਹੋ ਸਕਦਾ ਹੈ ? ਸਾਲ ਪਹਿਲਾਂ ਤਾਂ ਮੈਂ ਜੰਮਿਆ ਵੀ ਨਹੀਂ ਸਾਂ। ਤੁਹਾਨੂੰ ਜ਼ਰੂਰ ਕੋਈ ਗ਼ਲਤਫਹਿਮੀ ਹੋਈ ਹੋਵੇਗੀ। ਮੇਮਣਾ ਏਨਾ ਘਬਰਾ ਚੁੱਕਾ ਸੀ ਕਿ ਉਸ ਵਿਚਾਰੇ ਕੋਲੋਂ ਬੋਲਿਆ ਵੀ ਨਹੀਂ ਸੀ ਜਾਂਦਾ।
ਭੇੜੀਏ ਨੇ ਸੋਚਿਆ ਕਿ ਮੌਕਾ ਚੰਗਾ ਹੈ। ਉਹ ਕਹਿਣ ਲੱਗਾ-“ਮੂਰਖਾ ! ਤੂੰ ਬਿਲਕੁਲ ਆਪਣੇ ਪਿਉ ਵਰਗਾ ਏਂ। ਠੀਕ ਏ , ਜੇਕਰ ਤੂੰ ਗਾਲਾਂ ਨਹੀਂ ਕੱਢੀਆਂ ਹੋਣਗੀਆਂ ਤਾਂ ਉਹ ਜ਼ਰੂਰ ਤੇਰਾ ਪਿਉ ਹੋਵੇਗਾ, ਜੀਹਨੇ ਮੈਨੂੰ ਗਾਲਾਂ ਕੱਢੀਆਂ ਸਨ। ਫਿਰ ਵੀ ਮੈਂ ਤੈਨੂੰ ਨਹੀਂ ਛੱਡਾਂਗਾ। ਮੈਂ ਤੇਰੇ ਨਾਲ ਬਹਿਸ ਕਰਕੇ ਆਪਣਾ ਸ਼ਿਕਾਰ ਨਹੀਂ ਗੁਆ ਸਕਦਾ।
ਏਨਾ ਕਹਿ ਕੇ ਭੇੜੀਏ ਨੇ ਮੇਮਣੇ ਨੂੰ ਫੜ ਲਿਆ। ਉਹਨੇ ਮੇਮਣੇ ਦੀ ਦਰਦ ਨਾਲ ਭਰੀ ਚੀਕ-ਪੁਕਾਰ ਅਤੇ ਜੀਵਨ ਦਾਨ ਦੇਣ ਦੀ ਬੇਨਤੀ ਅਣਸੁਣੀ ਕਰ ਦਿੱਤੀ ਅਤੇ ਮੇਮਣੇ ਦੇ ਟੁਕੜੇ ਟੁਕੜੇ ਕਰ ਦਿੱਤੇ। ਮੇਮਣੇ ਦਾ ਮੁਲਾਇਮ ਮਾਸ ਖਾਂਦੇ ਵਕਤ ਭੇੜੀਆ ਮਨ ਹੀ ਮਨ ਖ਼ੁਸ਼ ਹੋ ਰਿਹਾ ਸੀ।
ਸਿੱਟਾ : ਬੁਰੇ ਜਾਂ ਝਗੜਾਲੂ ਕਿਸਮ ਦੇ ਲੋਕ ਝਗੜੇ ਦਾ ਕੋਈ ਨਾ ਕੋਈ ਕਾਰਨ ਲੱਭ ਹੀ ਲੈਂਦੇ ਹਨ।
0 Comments