ਭੇੜੀਆ ਅਤੇ ਕੁੱਤਾ
Bhediya ate Kutta
ਕਿਸੇ ਜੰਗਲ ਵਿਚ ਇਕ ਭੇੜੀਆ ਰਹਿੰਦਾ ਸੀ। ਇਕ ਵਾਰ ਉਹਨੂੰ ਕਈ ਦਿਨਾਂ ਤਕ ਭੋਜਨ ਨਾ ਮਿਲਿਆ। ਵਿਚਾਰਾ ਪਤਲਾ ਅਤੇ ਕਮਜ਼ੋਰ ਹੋ ਗਿਆ।
ਇਕ ਦਿਨ ਉਸ ਭੇੜੀਏ ਨੇ ਸ਼ਹਿਰ ਜਾਣ ਦੀ ਯੋਜਨਾ ਬਣਾਈ। ਸ਼ਹਿਰ ਵਿਚ ਘੁੰਮਦਿਆਂ ਹੋਇਆਂ ਉਹਨੂੰ ਇਕ ਕੁੱਤਾ ਮਿਲ ਗਿਆ, ਜਿਹੜਾ ਕਿ ਕਾਫ਼ੀ ਰਿਸ਼ਟ-ਪੁਸ਼ਟ ਸੀ। ਉਹ ਹੌਲੀ-ਹੌਲੀ ਉਸ ਕੁੱਤੇ ਦੇ ਨੇੜੇ ਪਹੁੰਚ ਗਿਆ। ਕੁੱਤਾ ਵੀ ਭੇੜੀਏ ਨੂੰ ਵੇਖ ਕੇ ਉਹਦੇ ਸਵਾਗਤ ਵਿਚ ਆਪਣੀ ਪੂੰਛ ਹਿਲਾਉਣ ਲੱਗ ਪਿਆ।
ਭੇੜੀਏ ਨੇ ਕੁੱਤੇ ਨੂੰ ਆਖਿਆ-"ਦੋਸਤ ! ਤੂੰ ਤਾਂ ਬਹੁਤ ਐਸ਼ਾਂ ਕਰ ਰਿਹਾ ਏਂ। ਤੂੰ ਕਾਫ਼ੀ ਮੋਟਾ-ਤਾਜ਼ਾ ਏਂ ਤੇ ਤੇਰੀ ਚਮੜੀਵੀ ਕਾਫ਼ੀ ਮੁਲਾਇਮ ਹੈ। ਮੈਂ ਸੋਚਦਾ ਹਾਂ ਕਿ ਕਾਸ਼ ! ਮੇਰਾ ਜੀਵਨ ਵੀ ਤੇਰੇ ਵਰਗਾ ਅਰਾਮਦਾਇਕ ਹੋ ਜਾਂਦਾ। ਪਰ ਕਿਵੇਂ ? ਮੇਰੇ ਵਰਗੇ ਬਦਕਿਸਮਤ ਜਾਨਵਰਾਂ ਨੂੰ ਤਾਂ ਕਦੀ-ਕਦੀ ਕਈ-ਕਈ ਦਿਨਾਂ ਤਕ ਭੁੱਖਾ ਹੀ ਰਹਿਣਾ ਪੈਂਦਾ ਹੈ। ਮੈਨੂੰ ਹੀ ਵੇਖ ਲੈ। ਮੈਨੂੰ ਬਹੁਤ ਘੱਟ ਭੋਜਨ ਖਾਣ ਨੂੰ ਮਿਲਦਾ ਹੈ। ਮੇਰੀ ਬਿਨਾਂ ਚਮੜੀ ਉਧੇੜਿਆਂ ਹੀ ਕੋਈ ਵੀ ਮੇਰੀਆਂ ਹੱਡੀਆਂ ਗਿਣ ਸਕਦਾ ਹੈ ।
“ਓਹ !’’ ਕੁੱਤਾ ਬੜੇ ਪਿਆਰ ਨਾਲ ਬੋਲਿਆ-“ਜੇਕਰ ਤੂੰ ਚਾਹਵੇਂ ਤਾਂ ਮੇਰੇ ਨਾਲ ਰਹਿ ਸਕਦਾ ਏਂ...ਫਿਰ ਤੂੰ ਮੇਰੇ ਵਾਂਗ ਹੀ ਜ਼ਿੰਦਗੀ ਦੇ ਮਜ਼ੇ ਲੁੱਟ ਸਕਦਾ ਏਂ।
ਭੇੜੀਆ ਮਨ ਹੀ ਮਨ ਬਹੁਤ ਖੁਸ਼ ਹੋਇਆ ਅਤੇ ਕੁੱਤੇ ਦਾ ਪ੍ਰਸਤਾਵ ਉਹਨੇ ਤੁਰੰਤ ਮੰਨ ਲਿਆ। ਦੋਵੇਂ ਇਕੱਠੇ ਤੁਰਨ ਲੱਗ ਪਏ । ਜਦੋਂ ਉਹ ਇਕੱਠੇ ਤੁਰ ਰਹੇ ਸਨ ਤਾਂ ਭੇੜੀਆ ਠਿਠਕ ਕੇ ਖਲੋ ਗਿਆ ਅਤੇ ਕਹਿਣ ਲੱਗਾ-“ਇਹ ਤੇਰੀ ਗਰਦਨ ਦੇ ਵਾਲਾਂ ਨੂੰ ਕੀ ਹੋਇਆ ਹੈ? ਇਹ ਵਾਲ ਏਨੇ ਪਤਲੇ ਅਤੇ ਘਿਰੇ ਹੋਏ ਹਨ ਕਿ...???
“ਓਹ ! ਇਹ ਕੋਈ ਖ਼ਾਸ ਗੱਲ ਨਹੀਂ ਹੈ। ਕੁੱਤੇ ਨੇ ਜਵਾਬ ਦਿੱਤਾ-“ਇਹ ਉਹ ਜਗਾ ਹੈ, ਜਿਥੇ ਪਟਾ ਬੱਧਾ ਹੋਇਆ ਸੀ । ਇਹਨੂੰ ਪਟੇ ਦਾ ਨਿਸ਼ਾਨ ਕਹਿ ਸਕਦਾ ਏ । ਮੇਰਾ ਮਾਲਿਕ ਜਦੋਂ ਮੈਨੂੰ ਘਰ ਵਿਚ ਬੰਨ ਕੇ ਰੱਖਦਾ ਹੈ। ਤਾਂ ਮੇਰੇ ਗਲੇ ਵਿਚ ਇਕ ਪਟਾ ਪਾ ਦੇਂਦਾ ਹੈ । ਪਰ ਇੰਜ ਕਰਨ ਨਾਲ ਮੈਨੂੰ ਕੋਈ ਤਕਲੀਫ਼ ਨਹੀਂ ਹੁੰਦੀ।
‘‘ਤਕਲੀਫ਼ ਨਹੀਂ ਹੁੰਦੀ।’’ ਭੇੜੀਆ ਰੁਖੀ ਜਿਹੀ ਆਵਾਜ਼ ਵਿਚ ਬੋਲਿਆ-“ਹੋ ਸਕਦਾਏ ਪਟਾ ਪੈਣ ਨਾਲ ਤੇਰੀ ਗਰਦਨ ਨੂੰ ਕੋਈ ਤਕਲੀਫ਼ ਨਾ ਹੁੰਦੀ ਹੋਵੇ, ਪਰ ਇੰਜ ਕਰਨ ਨਾਲ ਤੇਰੀ ਆਤਮਾ ਨੂੰ ਜ਼ਰੂਰ ਤਕਲੀਫ਼ ਦੀ ਹੋਵੇਗੀ ? ਨਮਸਤੇ ਦੋਸਤ ! ਜੇਕਰ ਮੈਨੂੰ ਇਸੇ ਤਰ੍ਹਾਂ ਰਹਿਣਾ ਪੈਣਾ ਹੈ ਮੈਂ ਭੁੱਖਾ ਰਹਿਣਾ ਹੀ ਪਸੰਦ ਕਰਾਂਗਾ, ਬਜਾਇ ਇਸਦੇ ਕਿ ਸਵਾਦ ਭੋਜਨ ਲਈ ਮੈਨੂੰ ਪਟਾ ਪਾਕੇ ਸੰਗਲੀ ਨਾਲ ਬੰਨ੍ਹ ਦਿੱਤਾ ਜਾਵੇ। ਮੈਂ ਗੁਲਾਮੀ ਜ਼ਿੰਦਗੀ ਜਿਊਣ ਨਾਲੋਂ ਭੁੱਖਾ ਮਰ ਜਾਣਾ ਜ਼ਿਆਦਾ ਪਸੰਦ ਕਰਾਂਗਾ।”
ਸਿੱਟਾ: ਆਰਾਮਦਾਇਕ ਗੁਲਾਮੀ ਦੀ ਜ਼ਿੰਦਗੀ ਆਜ਼ਾਦੀ ਨਾਲੋਂ ਕਿਤੇ ਜ਼ਿਆਦਾ ਮਹਿੰਗੀ ਹੁੰਦੀ ਹੈ ।
0 Comments