ਕਾਂ ਅਤੇ ਸਿੱਪੀ
Kaa ate Sipi
ਇਕ ਵਾਰ ਦੀ ਗੱਲ ਹੈ, ਕਿਸੇ ਕਾਂ ਨੂੰ ਨਦੀ ਦੇ ਕਿਨਾਰਿਓ ਇਕ ਸਿੱਪੀ ਲੱਭ ਗਈ । ਕਾਂ ਨੇ ਸੋਚਿਆ ਕਿ ਸਿੱਪੀ ਖਾ ਕੇ ਉਹ ਆਪਣਾ ਢਿੱਡ ਭਰ ਲਵੇਗਾ। ਇਸ ਲਈ ਕਾਂ ਸਿੱਪੀ ’ਤੇ ਚੁੰਝ ਮਾਰਦਾ ਰਿਹਾ। ਪਰ ਭਲਾ ਸਿੱਪੀ ਕਿਵੇਂ ਟੁੱਟ ਸਕਦੀ ਸੀ। ਸਿੱਪੀ ਤਾਂ ਬਹੁਤ ਕਠੋਰ ਤੇ ਸਖ਼ਤ ਹੁੰਦੀ ਹੈ।
ਏਨੇ ਚਿਰ ਨੂੰ ਇਕ ਹੋਰ ਕਾਂ ਉਥੇ ਆ ਗਿਆ ਤੇ ਕਹਿਣ ਲੱਗਾ-“ਕੀ ਗੱਲ ਏ ਦੋਸਤ ? ਕਿਹੜੇ ਕੰਮ ਵਿਚ ਰੁੱਝਾ ਹੋਇਆ ਏਂ ?
‘ਕੁਝ ਖ਼ਾਸ ਨਹੀਂ । ਪਹਿਲਾ ਕਾਂ ਬੋਲਿਆ-ਮੈਂ ਇਹ ਸਿੱਪੀ ਤੋੜ ਕੇ ਇਹਦੇ ਅੰਦਰਲਾ ਨਰਮ-ਨਰਮ ਮਾਲ ਖਾਣਾ ਚਾਹੁੰਦਾ ਸੀ, ਪਰ ਇਹ ਕੰਬਖਤ ਸਿੱਪੀ ਟੁੱਟਦੀ ਹੀ ਨਹੀਂ।
“ਓਹ ! ਮੇਰੇ ਦੋਸਤ। ਦੂਸਰਾ ਕਾਂ ਬੋਲਿਆ-“ਇਹਦੇ ਵਿਚ ਦੁਖੀ ਹੋਣ ਵਾਲੀ ਕਿਹੜੀ ਗੱਲ ਹੈ। ਇਹਨੂੰ ਤੋੜਨਾ ਤਾਂ ਬਹੁਤ ਆਸਾਨ ਹੈ। ਸਿੱਖੀ ਚੁੰਝ ਵਿਚ ਫੜ ਕੇ ਕਾਫ਼ੀ ਉੱਚਾ ਉੱਡ ਤੇ ਉਪਰ ਪਹੁੰਚ ਕੇ ਸਿੱਖੀ ਨੂੰ ਕਿਸੇ ਚੱਟਾਨ ’ਤੇ ਸੁੱਟ ਦੇ। ਜਦੋਂ ਉਹ ਉਪਰੋਂ ਥੱਲੇ ਡਿੱਗੇਗੀ ਤਾਂ ਆਪਣੇ ਆਪ ਹੀ ਟੁੱਟ ਜਾਵੇਗੀ ।
ਪਹਿਲਾ ਕਾਂ ਖ਼ੁਸ਼ ਹੋ ਗਿਆ। ਉਹਨੇ ਸਿੱਖੀ ਚੁੰਝ ਵਿਚ ਫੜੀ ਅਤੇ ਉਪਰ ਅਸਮਾਨ ਵੱਲ ਉੱਡ ਗਿਆ । ਦੂਸਰਾ ਕਾਂ ਬੜਾ ਹੀ ਚਲਾਕ ਅਤੇ ਧੋਖੇਬਾਜ਼ ਸੀ।
ਉਹ ਹਮੇਸ਼ਾ ਮੌਕੇ ਦੀ ਤਲਾਸ਼ ਵਿਚ ਰਹਿੰਦਾ ਸੀ ਅਤੇ ਆਮ ਤੌਰ 'ਤੇ ਆਪਣੇ ਮਿਲਣ-ਜੁਲਣ ਵਾਲਿਆਂ ਨੂੰ ਹੀ ਧੋਖਾ ਦੇਂਦਾ ਸੀ। ਫਲਸਰੂਪ ਉਹ ਉਹਦੇ ਨਾਲ ਹੀ ਉੱਡ ਰਿਹਾ ਸੀ, ਪਰ ਉਹਦੇ ਤੋਂ ਬਹੁਤ ਹੇਠਾਂ। ਜਦੋਂ ਪਹਿਲਾ ਕਾਂ ਕਿਸੇ ਚੱਟਾਨ ਦੇ ਉਪਰੋਂ ਲੰਘਣ ਲੱਗਾ ਤਾਂ ਉਹਨੇ ਚੰਝ ਵਿਚੋਂ ਸਿੱਪੀ ਹੇਠਾਂ ਸੁੱਟ ਦਿੱਤੀ।
ਸਿੱਪੀ ਚੱਟਾਨ ’ਤੇ ਡਿੱਗਦਿਆਂ ਹੀ ਟਕੜੇ-ਟੁਕੜੇ ਹੋ ਗਈ। ਪਹਿਲਾ ਕਾਂ ਸਿੱਪੀ ਨੂੰ ਟੁੱਟਦਿਆਂ ਵੇਖ ਕੇ ਬਹੁਤ ਖ਼ੁਸ਼ ਹੋਇਆ ਅਤੇ ਉਹਨੇ ਚੱਟਾਨ ਨੇ ਝਪੱਟਾ ਮਾਰਿਆ।
ਪਰ ਇਸ ਤੋਂ ਪਹਿਲਾਂ ਕਿ ਉਹ ਟੁੱਟੀ ਹੋਈ ਸਿੱਪੀ ਤਕ ਪਹੁੰਚਦਾ, ਦੁਸਰੇ ਕਾਂ ਨੇ ਬਿਜਲੀ ਵਰਗੀ ਫੁਰਤੀ ਨਾਲ ਸਿੱਪੀ ’ਤੇ ਹਮਲਾ ਬੋਲਿਆ ਅਤੇ ਸਿੱਪੀ ਵਿਚਲਾ ਨਰਮ-ਨਰਮ ਮਾਲ ਫੜ ਕੇ ਉੱਡ ਗਿਆ।
ਵਿਚਾਰਾ ਪਹਿਲਾ ਕਾਂ ਵੇਖਦਾ ਹੀ ਰਹਿ ਗਿਆ। ਉਹਨੂੰ ਆਪਣੇ ਮਿੱਤਰ ਦੀ ਚਲਾਕੀ ਵੇਖ ਕੇ ਹੈਰਾਨੀ ਹੋ ਰਹੀ ਸੀ।
0 Comments