ਲੁਕਿਆ ਹੋਇਆ ਧਨ
Lukiya Hoiya Dhan
ਇਕ ਕਿਸਾਨ ਨੇ ਸਾਰੀ ਉਮਰ ਸਖ਼ਤ ਮਿਹਨਤ ਕੀਤੀ ਅਤੇ ਬੇਸ਼ੁਮਾਰ ਪੈਸਾ ਕਮਾਇਆ। ਉਹਦੇ ਚਾਰ ਮੁੰਡੇ ਸਨ, ਪਰ ਚਾਰੇ ਹੀ ਨਿਕੰਮੇ ਅਤੇ ਵਿਹਲੜ ਸਨ। ਕਿਸਾਨ ਚਾਹੁੰਦਾ ਸੀ ਕਿ ਉਹਦੇ ਪੁੱਤਰ ਵੀ ਉਹਦੇ ਵਾਂਗ ਮਿਹਨਤ ਕਰਨ। ਪਰ ਕਿਸਾਨ ਦੀ ਕਿਸੇ ਵੀ ਗੱਲ ਦਾ ਉਨ੍ਹਾਂ 'ਤੇ ਕੋਈ ਅਸਰ ਨਾ ਹੋਇਆ। ਇਸ ਕਾਰਨ ਕਿਸਾਨ ਮਨ-ਹੀ-ਮਨ ਬੇਹੱਦ ਦੁਖੀ ਰਹਿੰਦਾ ਸੀ। ਜਦੋਂ ਉਹ ਬੁੱਢਾ ਹੋ ਗਿਆ ਤਾਂ ਉਹਨੂੰ ਲੱਗਣ ਲੱਗਾ ਕਿ ਹੁਣ ਉਹ ਕੁਝ ਦਿਨਾਂ ਦਾ ਹੀ ਮਹਿਮਾਨ ਹੈ ਤਾਂ ਇਕ ਦਿਨ ਉਹਨੇ ਆਪਣੇ ਚਾਰਾਂ ਮੁੰਡਿਆਂ ਨੂੰ ਸੱਦਿਆ ਅਤੇ ਆਖਿਆ-“ਸੁਣੋ ਪੁੱਤਰੋ ! ਮੇਰੀ ਜੀਵਨਲੀਲਾ ਛੇਤੀ ਹੀ ਖ਼ਤਮ ਹੋਣ ਵਾਲੀ ਹੈ । ਪਰ ਮਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਕ ਭੇਤ ਵਾਲੀ ਗੱਲ ਦੱਸਣਾ ਚਾਹੁੰਦਾ ਹਾਂ। ਸਾਡੇ ਖੇਤਾਂ ਵਿਚ ਬੇਸ਼ੁਮਾਰ ਪੈਸਾ ਦੱਬਿਆ ਪਿਆ ਹੈ । ਤੁਸੀਂ ਸਾਰੇ ਮੇਰੀ ਮੌਤ ਤੋਂ ਬਾਅਦ ਉਸ ਖੇਤ ਨੂੰ ਪੁੱਟਿਓ ਅਤੇ ਉਹਦੇ ਵਿਚ ਪਿਆ ਬੇਸ਼ੁਮਾਰ ਪੈਸਾ ਕੱਢ ਲਿਉ।
ਕਿਸਾਨ ਦੀ ਗੱਲ ਸੁਣ ਕੇ ਉਹਦੇ ਮੁੰਡੇ ਬਹੁਤ ਖ਼ੁਸ਼ ਹੋਏ ਕਿ ਬਾਪ ਦੇ ਮਰਨ ਤੋਂ ਬਾਅਦ ਵੀ ਕੁਝ ਨਹੀਂ ਕਰਨਾ ਪਵੇਗਾ ਅਤੇ ਬਾਕੀ ਦੀ ਜ਼ਿੰਦਗੀ ਵੀ ਮਜ਼ੇ ਨਾਲ ਗੁਜ਼ਾਰਾਂਗੇ। ਪਰ ਦਿਖਾਵਾ ਕਰਨ ਲਈ ਉਹ ਰੋਣ-ਪਿੱਟਣ ਲੱਗ ਪਏ।
ਕੁਝ ਦਿਨਾਂ ਬਾਅਦ ਕਿਸਾਨ ਦੀ ਮੌਤ ਹੋ ਗਈ। ਪਿਉ ਦੇ ਮਰਦਿਆਂ ਹੀ ਉਹਦੇ ਮੁੰਡਿਆਂ ਨੇ ਤੁਰੰਤ ਉਹਦਾ ਅੰਤਿਮ ਸਸਕਾਰ ਕਰ ਦਿੱਤਾ। ਅਗਲੇ ਹੀ ਦਿਨ ਕਹੀਆਂ ਲਿਆ ਕੇ ਖੇਤ ਪੁੱਟਣਾ ਸ਼ੁਰੂ ਕਰ ਦਿੱਤਾ। ਪਰ ਕਈ ਦਿਨ ਮਿਹਨਤ ਕਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਪੈਸਾ ਹਾਸਿਲ ਨਾ ਹੋਇਆ। ਅਖ਼ੀਰ ਸਾਰੇ ਨਿਰਾਸ਼ ਤੇ ਉਦਾਸ ਹੋ ਗਏ। ਉਨ੍ਹਾਂ ਨੂੰ ਆਪਣੇ ਪਿਉ ਦੇ ਝੂਠ ਤੇ ਬਹੁਤ ਗੁੱਸਾ ਆਇਆ। ਚਾਰਾਂ ਪੁੱਤਰਾਂ ਨੇ ਰੱਜ ਕੇ ਪਿਉ ਨੂੰ ਗਾਲਾਂ ਕੱਢੀਆਂ। ਪਰ ਹੁਣ ਕੀ ਕੀਤਾ ਜਾਵੇ ? ਚਾਰਾਂ ਨੇ ਸਲਾਹ ਕੀਤੀ ਕਿ ਜਦੋਂ ਖੇਤ ਪੱਟਿਆ ਹੀ ਗਿਆ ਹੈ ਤਾਂ ਕਿਉਂ ਨਾ ਇਹਨੂੰ ਹਲ ਨਾਲ ਵਾਹ ਦਿੱਤਾ ਜਾਵੇ। ਚਾਰਾਂ ਨੇ ਖੇਤ ਨੂੰ ਹਲ ਨਾਲ ਵਾਹ ਕੇ ਉਹਦੇ ਵਿਚ ਕਣਕ ਬੀਜ ਦਿੱਤੀ। ਖੇਤ ਦੀ ਵਹਾਈ ਬਹੁਤ ਵਧੀਆ ਤਰੀਕੇ ਨਾਲ ਹੋਈ ਸੀ, ਇਸ ਕਰਕੇ ਫਸਲ ਬਹੁਤ ਵਧੀਆ ਹੋਈ ਅਤੇ ਕਿਸਾਨ ਦੇ ਮੁੰਡਿਆਂ ਨੂੰ ਉਮੀਦ ਤੋਂ ਜ਼ਿਆਦਾ ਧਨ ਪ੍ਰਾਪਤ ਹੋਇਆ । ਹੁਣ ਕਿਸਾਨ ਦੇ ਪੁੱਤਰਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਉਨ੍ਹਾਂ ਦੇ ਪਿਤਾ ਜੀ ਦੇ ਇਹ ਕਹਿਣ ਦਾ ਕਿ ਖੇਤਾਂ ਵਿਚ ਕਾਫ਼ੀ ਪੈਸਾ ਦੱਬਿਆ ਪਿਆ ਹੈ, ਕੀ ਮਤਲਬ ਸੀ।
ਉਨਾਂ ਨੂੰ ਇਸ ਗੱਲ 'ਤੇ ਬੜੀ ਸ਼ਰਮਿੰਦਗੀ ਹੋਈ ਕਿ ਉਨ੍ਹਾਂ ਨੇ ਆਪਣੇ ਪਿਉ ਨੂੰ ਬੁਰਾ-ਭਲਾ ਆਖਿਆ । ਸੱਚ ਤਾਂ ਇਹ ਹੈ ਕਿ ਉਹ (ਪਿਤਾ ਜੀ) ਸਾਨੂੰ ਮਿਹਨਤੀ ਬਣਾਉਣਾ ਚਾਹੁੰਦੇ ਸਨ। ਉਸੇ ਦਿਨ ਤੋਂ ਚਾਰਾਂ ਭਰਾਵਾਂ ਨੇ ਮਿਹਨਤ ਕਰਨ ਦਾ ਫ਼ੈਸਲਾ ਕਰ ਲਿਆ, ਕਿਉਂਕਿ ਮਿਹਨਤ ਕਰਕੇ ਜਿਹੜਾ ਪੈਸਾ ਉਨ੍ਹਾਂ ਨੂੰ ਮਿਲਿਆ ਸੀ, ਉਸ ਤੋਂ ਉਨ੍ਹਾਂ ਨੂੰ ਅਪਾਰ ਖੁਸ਼ੀ ਹੋ ਰਹੀ ਸੀ।
0 Comments