Punjabi Moral Story on "Akal Da Dhani", "ਅਕਲ ਦਾ ਧਨੀ" for Kids and Students for Class 5, 6, 7, 8, 9, 10 in Punjabi Language.

ਅਕਲ ਦਾ ਧਨੀ 
Akal Da Dhani



ਇਕ ਰਾਜ ਦਾ ਰਾਜਾ ਬੜਾ ਸਨਕੀ ਸੀ। ਉਹਨੂੰ ਰੋਜ਼ ਨਵੀਂ ਕਹਾਣੀ ਸੁਣਨ ਦੀ ਆਦਤ ਬਣੀ ਹੋਈ ਸੀ। ਸਾਰੇ ਸ਼ਹਿਰ ਵਿਚੋਂ ਕਿੱਸੇ-ਕਹਾਣੀਆਂ ਸੁਣਾਉਣ ਵਾਲੇ ਆਉਂਦੇ ਅਤੇ ਉਹਨੂੰ ਰੋਜ਼ ਨਵੇਂ-ਨਵੇਂ ਕਿੱਸੇ-ਕਹਾਣੀਆਂ ਸੁਣਾਉਂਦੇ। ਬਦਲੇ ਵਿਚ ਰਾਜਾ ਉਨ੍ਹਾਂ ਨੂੰ ਇਨਾਮ ਦੇਂਦਾ।

ਇਕ ਵਾਰ ਰਾਜੇ ਨੂੰ ਲੰਬੀ ਕਹਾਣੀ ਸੁਣਨ ਦਾ ਚਾਅ ਚੜ ਗਿਆ। ਉਹਨੇ ਸ਼ਹਿਰ ਵਿਚ ਢੰਢੋਰਾ ਪਿਟਵਾ ਦਿੱਤਾ ਕਿ ਜਿਹੜਾ ਵੀ ਉਹਨੂੰ ਲੰਬੀ ਕਹਾਣੀ ਸੁਣਾਵੇਗਾ ਉਹਨੂੰ ਉਹ ਮੂੰਹ ਮੰਗਿਆ ਇਨਾਮ ਦੇਵੇਗਾ। ਪਰ ਜੀਹਦੀ ਕਹਾਣੀ ਪਸੰਦ ਨਹੀਂ ਆਵੇਗੀ, ਉਹਨੂੰ ਇਕ ਮਹੀਨੇ ਲਈ ਜੇਲ ਵਿਚ ਰਹਿਣਾ ਪਵੇਗਾ।

ਇਹ ਸੁਣ ਕੇ ਦੇਸ਼-ਵਿਦੇਸ਼ ਦੇ ਬਹੁਤ ਵੱਡੇ-ਵੱਡੇ ਅਤੇ ਮਹਾਨ ਕਹਾਣੀਕਾਰ ਆਏ ਅਤੇ ਉਨ੍ਹਾਂ ਨੇ ਰਾਜੇ ਨੂੰ ਲੰਬੀਆਂ-ਲੰਬੀਆਂ ਕਹਾਣੀਆਂ ਸੁਣਾਈਆਂ ਪਰ ਹਰ ਕਹਾਣੀ ਸੁਣਨ ਤੋਂ ਬਾਅਦ ਰਾਜਾ ਆਖ ਦੇਂਦਾ, “ਨਹੀਂ, ਇਹ ਕਹਾਣੀ ਤਾਂ ਬਹੁਤ ਛੋਟੀ ਹੈ । ਚੰਗੀ ਵੀ ਨਹੀਂ ਹੈ ।

ਦਰਅਸਲ, ਕਹਾਣੀਆਂ ਤਾਂ ਬਹੁਤ ਲੰਬੀਆਂ ਅਤੇ ਮਜ਼ੇਦਾਰ ਸਨ ਪਰ ਰਾਜੇ ਨੇ ਸੋਚਿਆ ਕਿ ਕਹਾਣੀ ਤਾਂ ਸੁਣ ਲਈ ਹੈ, ਹੁਣ ਇਨਾਮ ਦੇਣ ਦਾ ਕੀ ਫ਼ਾਇਦਾ। ਰਾਜਾ ਇਨਾਮ ਨਹੀਂ ਸੀ ਦੇਣਾ ਚਾਹੁੰਦਾ। ਇਸ ਤਰਾਂ ਕਈ ਕਹਾਣੀਕਾਰਾਂ ਨੂੰ ਉਹਨੇ ਜੇਲ੍ਹ ਵਿਚ ਸੁੱਟ ਦਿੱਤਾ।

ਉਸੇ ਰਾਜ ਵਿਚ ਇਕ ਗਰੀਬ ਕਿਸਾਨ ਦਾ ਪੱਟ ਨਾਂ ਦਾ ਮੁੰਡਾ ਵੀ ਰਹਿੰਦਾ ਸੀ। ਉਹ ਬੜਾ ਸਮਝਦਾਰ ਸੀ। ਲੋਕਾਂ ਦੀਆਂ ਗੱਲਾਂ ਸੁਣ ਕੇ ਉਹ ਸਮਝ ਗਿਆ ਕਿ ਰਾਜਾ ਜਾਣ-ਬੁੱਝ ਕੇ ਹਰ ਕਹਾਣੀ ਨੂੰ ਛੋਟਾ ਕਹਿ ਕੇ ਇਨਾਮ ਦੇਣ ਤੋਂ ਬਚ ਜਾਂਦਾ ਹੈ। ਅਖ਼ੀਰ ਉਹਨੇ ਸੋਚਿਆ ਕਿ ਉਹ ਰਾਜੇ ਨੂੰ ਕਹਾਣੀ ਸੁਣਾਉਣ ਜਾਵੇਗਾ ਅਤੇ ਅਜਿਹੀ ਕਹਾਣੀ ਸੁਣਾਵੇਗਾ, ਜਿਹੜੀ ਕਦੀ ਵੀ ਖ਼ਤਮ ਨਹੀਂ ਹੋਵੇਗੀ।

ਉਹ ਰਾਜੇ ਦੇ ਮਹੱਲ ਵਿਚ ਗਿਆ ਅਤੇ ਦੀਵਾਨ ਦੇ ਕੋਲ ਜਾ ਕੇ ਆਪਣਾ ਨਾਂ ਲਿਖਵਾ ਦਿੱਤਾ।

ਤੈਨੂੰ ਮਹਾਰਾਜ ਦੀ ਸ਼ਰਤ ਤਾਂ ਪਤਾ ਹੀ ਹੈ ਨਾ ?? ਦੀਵਾਨ ਨੇ ਆਖਿਆ- “ਜੇਕਰ ਕਹਾਣੀ ਚੰਗੀ ਅਤੇ ਲੰਬੀ ਨਾ ਹੋਈ ਤਾਂ ਜੇਲ੍ਹ ਦੀ ਹਵਾ ਖਾਣੀ ਪਵੇਗੀ। ਪਰ ਜੇਕਰ ਮਹਾਰਾਜ ਕਹਿਣਗੇ ਕਿ ਮੇਰੀ ਕਹਾਣੀ ਲੰਬੀ ਹੈ ਤਾਂ ਮੈਂ ਮਨ ਚਾਹਿਆ ਇਨਾਮ ਲੈ ਲਵਾਂਗਾ।” ਪੱਟ ਨੇ ਮੁਸਕਰਾ ਕੇ ਆਖਿਆ।

‘‘ਹਾਂ।’’ ਦੀਵਾਨ ਨੇ ਮੁਸਕਰਾ ਕੇ ਹੁੰਗਾਰਾ ਭਰਿਆ, ਫਿਰ ਉਹਦੇ ਕੋਲੋਂ ਸ਼ਰਤਨਾਮੇ 'ਤੇ ਦਸਤਖ਼ਤ ਕਰਵਾ ਲਏ।

ਅਗਲੇ ਦਿਨ ਕਹਾਣੀ ਸੁਣਾਉਣ ਦਾ ਵਕਤ ਆ ਗਿਆ।

ਹਰ ਵਾਰ ਦੀ ਤਰ੍ਹਾਂ ਸਾਰੇ ਦਰਬਾਰੀ ਅਤੇ ਥੋੜੀ ਕੁ ਪਰਜਾ ਮਹਾਰਾਜ ਦੇ ਮਹੱਲ ਵਿਚ ਇਕੱਠੀ ਹੋਈ ਅਤੇ ਪੱਟ ਦੀ ਕਹਾਣੀ ਸ਼ੁਰੂ ਹੋਈ। ਸਾਰਿਆਂ ਨੂੰ ਵਿਸ਼ਵਾਸ ਸੀ ਕਿ ਪੱਟ ਦਾ ਵੀ ਕੁਝ ਦੇਰ ਬਾਅਦ ਉਹੀ ਹਾਲ ਹੋਵੇਗਾ ਜਿਹੜਾ ਪਹਿਲਾਂ ਆਏ ਕਹਾਣੀਕਾਰਾਂ ਦਾ ਹੋਇਆ ਹੈ। ਭਾਵ ਉਹ ਵੀ ਕੁਝ ਦੇਰ ਬਾਅਦ ਜੇਲ੍ਹ ਵਿਚ ਚਲਾ ਜਾਵੇਗਾ।

ਪਰ ਪੱਟ ਵੀ ਬੜਾ ਸਮਝਦਾਰ ਸੀ। ਉਹ ਰਾਜੇ ਵਾਸਤੇ ਅਜਿਹੀ ਕਹਾਣੀ ਕੱਢ ਕੇ ਲਿਆਇਆ ਸੀ, ਜੀਹਨੂੰ ਸੁਣਦਿਆਂ-ਸੁਣਦਿਆਂ ਰਾਜੇ ਨੇ ਅੱਕ ਜਾਣਾ ਸੀ।

“ਪੱਟ ! ਤੂੰ ਕਹਾਣੀ ਸੁਣਾਉਣ ਵਾਸਤੇ ਤਿਆਰ ਏਂ ? ਰਾਜੇ ਨੇ ਪੁੱਛਿਆ। “ਜੀ ਮਹਾਰਾਜ ।’’

ਤਾਂ ਫਿਰ । ਆਦੇਸ਼ ਮਿਲਦਿਆਂ ਹੀ ਉਹਨੇ ਕਹਾਣੀ ਸੁਣਾਉਣੀ ਸ਼ੁਰੂ ਕਰ ਦਿੱਤੀ“ਮਹਾਰਾਜ! ਇਕ ਪਿੰਡ ਵਿਚ ਇਕ ਕਿਸਾਨ ਸੀ। ਉਹਦਾ ਬਹੁਤ ਵੱਡਾ ਖੇਤ ਸੀ। ਉਹਦੇ ਵਿਚ ਜਵਾਰ ਬੀਜੀ ਹੋਈ ਸੀ। ਖੇਤ ਦੇ ਨੇੜੇ ਹੀ ਇਕ ਦਰਖ਼ਤ ’ਤੇ ਹਜ਼ਾਰਾਂ ਦੀ ਗਿਣਤੀ ਵਿਚ ਸ਼ੈਤਾਨ ਚਿੜੀਆਂ ਰਹਿੰਦੀਆਂ ਸਨ, ਜਿਹੜੀਆਂ ਕਿਸਾਨ ਦੇ ਖੇਤ ਵਿਚੋਂ ਬੀਜ ਖਾ ਜਾਂਦੀਆਂ ਸਨ। ਇਕ ਦਿਨ ਕਿਸਾਨ ਨੇ ਸੋਚਿਆ ਕਿ ਮੈਂ ਖੇਤ ਦੀ ਖ਼ੁਦ ਰਖਵਾਲੀ ਕਰਾਂਗਾ ਅਤੇ ਜਦੋਂ ਚਿੜੀਆਂ ਦਾ ਝੁੰਡ ਆਵੇਗਾ ਤਾਂ ਜਾਲ ਪਾ ਕੇ ਉਨ੍ਹਾਂ ਨੂੰ ਫੜ ਲਵਾਂਗਾ । ਪਰ ਮਹਾਰਾਜ ਚਿੜੀਆਂ ਵੀ ਬੜੀਆਂ ਚਲਾਕ ਸਨ। ਉਹ ਉਹਦੀ ਚਾਲ ਸਮਝ ਗਈਆਂ ਅਤੇ ਉਨ੍ਹਾਂ ਨੇ ਇਕ ਯੋਜਨਾ ਬਣਾਈ। ਉਸੇ ਯੋਜਨਾ ਦੇ ਮੁਤਾਬਕ ਇਕ ਚਿੜੀ ਖੇਤ ਵਿਚ ਆਈ। ਉਸ ਨੇ ਦਾਣਾ ਚੁਗਿਆ ਅਤੇ ਉੱਡ ਗਈ-ਫੁਰਰ...। “ਫਿਰ ??? ਮਹਾਰਾਜ ਨੇ ਉਤਸੁਕਤਾ ਦਿਖਾਉਂਦਿਆਂ ਪੁੱਛਿਆ।

ਫਿਰ ਦੁਸਰੀ ਚਿੜੀ ਆਈ। ਉਹਨੇ ਵੀ ਦਾਣਾ ਚੁਗਿਆ ਅਤੇ ਉਹ ਵੀ ਉੱਡ ਗਈ।''

“ਫਿਰ! “ਫਿਰ ਤੀਸਰੀ ਚਿੜੀ ਆਈ। ਉਹਨੇ ਵੀ ਦਾਣਾ ਚੁਗਿਆ ਅਤੇ ਉਹ ਵੀ ਉੱਡ ਗਈ । “ਫਿਰ...?' ਰਾਜਾ ਉਬਾਸੀਆਂ ਮਾਰਨ ਲੱਗ ਪਿਆ। “ਫਿਰ ਚੌਥੀ ਚਿੜੀ ਆਈ, ਉਹਨੇ ਵੀ ਦਾਣਾ ਚੁਗਿਆ ਅਤੇ ਉਹ ਵੀ ਉੱਡ ਗਈ। “ਫਿਰ ਪੰਜਵੀਂ ਚਿੜੀ ਆਈ, ਉਹ ਵੀ ਉੱਡ ਗਈ।” “ਠੀਕ ਏ...ਠੀਕ ਏ...ਅੱਗੇ ਕੀ ਹੋਇਆ। “ਪਹਿਲਾਂ ਸਾਰੀਆਂ ਚਿੜੀਆਂ ਨੂੰ ਆਉਣ ਤਾਂ ਦਿਓ ਮਹਾਰਾਜ, ਕਹਾਣੀ ਤਾਂ ਹੀ ਅਗਾਂਹ ਤੁਰੇਗੀ। ਫਿਰ ਛੇਵੀਂ ਆਈ, ਉਹ ਵੀ ਉੱਡ ਗਈ।

“ਠੀਕ ਏ, ਠੀਕ ਏ ।’’ ਉਹਦੀ ਫੁਰਰ-ਫੁਰਰ ਤੋਂ ਉਕਤਾ ਕੇ ਰਾਜਾ ਬੋਲਿਆ-ਹੁਣ ਫੁਰਰ-ਫੁਰਰ ਹੀ ਕਰਦਾ ਰਹੇਂਗਾ। ਚੱਲ, ਮੰਨ ਲਿਆ ਕਿ ਸਾਰੀਆਂ ਚਿੜੀਆਂ ਆਈਆਂ ਅਤੇ ਉੱਡ ਗਈਆਂ ਫੁਰਰ...ਫੁਰਰ ।।

“ਨਹੀਂ ਮਹਾਰਾਜ! ਸਾਰੀਆਂ ਚਿੜੀਆਂ ਅਜੇ ਨਹੀਂ ਆਉਣਗੀਆਂ। ਇਕ-ਇਕ ਕਰਕੇ ਆਉਣਗੀਆਂ। ਹਜ਼ਾਰਾਂ ਚਿੜੀਆਂ ਹਨ। ਸੱਤਵੀਂ ਆਈ ਅਤੇ ਉਹ ਵੀ ਉੱਡ ਗਈ ਫੁਰਰ...।

ਹੁਣ ਰਾਜਾ ਉਹਦੀ ਚਲਾਕੀ ਸਮਝ ਗਿਆ ਕਿ ਇਹ ਕਈ ਮਹੀਨੇ ਫੁਰਰ...ਫੁਰਰ ਕਰਕੇ ਚਿੜੀਆਂ ਹੀ ਉਡਾਉਂਦਾ ਰਹੇਗਾ ਅਤੇ ਇਹ ਕਹਾਣੀ ਕਦੀ ਵੀ ਖ਼ਤਮ ਨਹੀਂ ਹੋਵੇਗੀ। ਮੈਂ ਇਸ ਨੂੰ ਸਜ਼ਾ ਵੀ ਨਹੀਂ ਦੇ ਸਕਦਾ। ਸੱਚਮੁੱਚ ਪੱਟ ਬਹੁਤ ਸਮਝਦਾਰ ਮੁੰਡਾ ਹੈ, ਇਸ ਲਈ ਇਹਦੀ ਕਹਾਣੀ ਸਭ ਤੋਂ ਲੰਬੀ ਦੱਸ ਕੇ ਉਹਨੂੰ ਮੂੰਹ ਮੰਗਿਆ ਇਨਾਮ ਦੇਣ ਵਿਚ ਹੀ ਭਲਾਈ ਹੈ।

ਇਹ ਸੋਚ ਕੇ ਮਹਾਰਾਜ ਨੇ ਆਖਿਆ-“ਹੁਣ ਤਾਂ ਤੂੰ ਇਹ ਫੁਰਰ...ਫੁਰਰ ਬੰਦ ਕਰ। ਮੈਂ ਸਮਝ ਗਿਆ ਕਿ ਤੇਰੀ ਕਹਾਣੀ ਸਭ ਤੋਂ ਲੰਬੀ ਹੈ, ਹੁਣ ਤੂੰ ਦੱਸ ਕਿ ਕੀ ਇਨਾਮ ਚਾਹੁੰਦਾ ਹੈਂ ??? ?

“ਮਹਾਰਾਜ ! ਮੇਰਾ ਇਨਾਮ ਇਹੋ ਹੋਵੇਗਾ ਕਿ ਤੁਸੀਂ ਜੇਲ੍ਹ ਵਿਚ ਡੱਕੇ ਸਾਰੇ ਕਹਾਣੀਕਾਰਾਂ ਨੂੰ ਰਿਹਾਅ ਕਰ ਦਿਉ ਅਤੇ ਇਨ੍ਹਾਂ ਨੂੰ ਇਨਾਮ ਦੇ ਕੇ ਵਿਦਾ ਕਰੋ । ਮਹਾਰਾਜ! ਕਿਸੇ ਵੀ ਕਲਾਕਾਰ ਨੂੰ ਬਿਨਾਂ ਕਿਸੇ ਕਾਰਨ ਸਜ਼ਾ ਦੇਣ ਜਾਂ ਤੰਗ ਕਰਨ ਨਾਲ ਰਾਜ-ਲਕਸ਼ਮੀ ਨਰਾਜ਼ ਹੋ ਜਾਂਦੀ ਹੈ ਅਤੇ ਜਿਥੇ ਇੰਜ ਹੁੰਦਾ ਹੈ , ਉਥੋਂ ਦਾ ਰਾਜ ਅਤੇ ਰਾਜਾ ਦੋਵੇਂ ਹੀ ਤਬਾਹ ਹੋ ਜਾਂਦੇ ਹਨ। ਮੈਂ ਚਾਹੁੰਦਾ ਕਿ ਸਾਡੇ ਰਾਜ ’ਤੇ ਅਜਿਹੀ ਮੁਸੀਬਤ ਨਾ ਆਵੇ। 

ਪੱਟ ਦੀ ਗੱਲ ਸੁਣ ਕੇ ਰਾਜਾ ਨਾ ਸਿਰਫ਼ ਪ੍ਰਭਾਵਿਤ ਹੀ ਹੋਇਆ ਸਗੋਂ ਆਪਣੀ ਕਰਨੀ ’ਤੇ ਸ਼ਰਮਿੰਦਾ ਵੀ ਹੋਇਆ। ਉਹਦੇ ਕਿਸੇ ਵੀ ਮੰਤਰੀ ਨੇ ਉਹਨੂੰ ਅਜਿਹੀ ਸਲਾਹ ਨਹੀਂ ਸੀ ਦਿੱਤੀ। ਇਸਦਾ ਮਤਲਬ ਉਹ ਸਾਰੇ ਚਾਪਲੂਸ ਹਨ ਅਤੇ ਮੇਰੀਹਾਂ ਵਿਚ ਹਾਂ ਮਿਲਾਉਂਦੇ ਹਨ। ਮੰਤਰੀ ਦਾ ਫ਼ਰਜ਼ ਹੁੰਦਾ ਹੈ ਕਿ ਉਹ ਰਾਜੇ ਨੂੰ ਉਚਿਤ ਸਲਾਹ ਦੇਵੇ। ਪਰ ਇਹ ਕੰਮ ਇਸ ਗਰੀਬ ਮੁੰਡੇ ਨੇ ਕੀਤਾ ਹੈ।

ਰਾਜੇ ਨੇ ਆਖਿਆ-“ਅਸੀਂ ਵਾਅਦਾ ਕਰਦੇ ਹਾਂ ਕਿ ਸਾਰੇ ਕਲਾਕਾਰਾਂ ਨੂੰ ਛੱਡ ਦਿੱਤਾ ਜਾਵੇਗਾ। ਪਰ ਤੂੰ ਆਪਣੇ ਲਈ ਤਾਂ ਕੁਝ ਵੀ ਨਹੀਂ ਮੰਗਿਆ।

“ਮਹਾਰਾਜ! ਸਾਡੇ ਰਾਜ ਵਿਚ ਖੁਸ਼ਹਾਲੀ ਹੋਵੇ, ਤੁਹਾਡੀ ਪ੍ਰਸਿੱਧੀ ਵਧੇ, ਇਹੋ ਮੇਰਾ ਇਨਾਮ ਹੋਵੇਗਾ।

“ਵਾਹ ! ਪੱਟਵਾਹ ! ਅਸੀਂ ਖ਼ੁਸ਼ ਹੋਏ । ਤੇਰੇ ਵਰਗੇ ਸਮਝਦਾਰ ਵਿਅਕਤੀ ਨੂੰ ਤਾਂ ਸਾਡਾ ਸਹਾਇਕ ਹੋਣਾ ਚਾਹੀਦਾ ਹੈ। ਤੂੰ ਉਮਰ ਵਿਚ ਛੋਟਾ ਜ਼ਰੂਰ ਏ ਪਰ ਸੱਚਾ ਅਤੇ ਦੇਸ਼ ਭਗਤ ਏਂ। ਅਸੀਂ ਇਸੇ ਵਕਤ ਤੈਨੂੰ ਆਪਣਾ ਪ੍ਰਧਾਨ ਮੰਤਰੀ ਨਿਯੁਕਤ ਕਰਦੇ ਹਾਂ।

ਇਸ ਤਰ੍ਹਾਂ ਉਹ ਗ਼ਰੀਬ ਪੱਟ ਆਪਣੀ ਸੂਝ-ਬੂਝ , ਹੌਸਲੇ ਅਤੇ ਸੱਚ ਦੇ ਜ਼ੋਰ 'ਤੇ ਰਾਜ ਦਾ ਪ੍ਰਧਾਨ ਮੰਤਰੀ ਬਣ ਗਿਆ। ਇਸੇ ਲਈ ਆਖਿਆ ਗਿਆ ਹੈ ਕਿ ਸੱਚ ਕਹਿਣ ਤੋਂ ਡਰਨਾ ਨਹੀਂ ਚਾਹੀਦਾ ਅਤੇ ਕਿਹੋ ਜਿਹੇ ਵੀ ਹਾਲਾਤ ਹੋਣ, ਸੂਝ-ਬੂਝ ਤੋਂ ਕੰਮ ਲੈਣਾ ਚਾਹੀਦਾ ਹੈ।


Post a Comment

0 Comments