ਅੱਧਾ ਘੜਾ ਛਲਕਦਾ ਹੈ
Adha Ghada Chalakda Hai
ਇਕ ਵਾਰ ਇਕ ਕਿਸਾਨ ਨੂੰ ਨਾਲ ਦੇ ਇਕ ਪਿੰਡ ਵਿਚ ਜਾਣਾ ਪਿਆ। ਪਿੰਡ ਜਾਣ ਲਈ ਇਕ ਨਦੀ ਪਾਰ ਕਰਨੀ ਜ਼ਰੂਰੀ ਸੀ। ਸਮੱਸਿਆ ਉਦੋਂ ਪੈਦਾ ਹੋਈ, ਜਦੋਂ ਉਹ ਨਦੀ ਦੇ ਕਿਨਾਰੇ ਪਹੁੰਚਿਆ। ਕਿਸਾਨ ਨੂੰ ਤੈਰਨਾ ਨਹੀਂ ਸੀ ਆਉਂਦਾ। ਉਥੇ ਬੇੜੀਆਂ ਵੀ ਨਹੀਂ ਸਨ। ਇਸ ਲਈ ਕਿਸਾਨ ਕੋਲ ਇਕ ਹੀ ਰਸਤਾ ਸੀ ਕਿ ਉਹ ਨਦੀ ਉਸ ਥਾਂ ਤੋਂ ਪਾਰ ਕਰੇ, ਜਿਥੇ ਪਾਣੀ ਜ਼ਿਆਦਾ ਡੂੰਘਾ ਨਾ ਹੋਵੇ। ਪਰ ਉਹਦੇ ਸਾਹਮਣੇ ਇਕ ਹੋਰ ਸਮੱਸਿਆ ਇਹ ਸੀ ਕਿ ਉਹਨੂੰ ਇਹ ਨਹੀਂ ਸੀ ਪਤਾ ਕਿ ਨਦੀ ਵਿਚ ਕਿਹੜੀ-ਕਿਹੜੀ ਥਾਂ ’ਤੇ ਪਾਣੀ ਘੱਟ ਡੂੰਘਾ ਹੈ। ਏਨੇ ਚਿਰ ਨੂੰ ਉਹਦੇ ਹੀ ਪਿੰਡ ਦਾ ਇਕ ਆਦਮੀ ਉਥੇ ਪਹੁੰਚ ਗਿਆ। ਜਦੋਂ ਉਹਨੇ ਕਿਸਾਨ ਨੂੰ ਕਿਸੇ ਗਹਿਰੀ ਸੋਚ ਵਿਚ ਡੁੱਬਾ ਹੋਇਆ ਵੇਖਿਆ ਤਾਂ ਉਤਸੁਕਤਾ ਦਿਖਾਉਂਦਿਆਂ ਪੁੱਛਿਆ-“ਦੋਸਤ, ਕੀ ਗੱਲ ਏ ? ਬਹੁਤ ਦੁਖੀ ਨਜ਼ਰ ਆ ਰਿਹਾ ਏਂ। ਕੀ ਮੈਂ ਤੇਰੀ ਮਦਦ ਕਰ ਸਕਦਾ ਹਾਂ ??
ਕਿਸਾਨ ਨੇ ਉਹਨੂੰ ਆਪਣੀ ਸਮੱਸਿਆ ਦੱਸੀ। ਕਿਸਾਨ ਦੀ ਗੱਲ ਸੁਣ ਕੇ ਉਹ ਆਦਮੀ ਹੱਸਿਆ ਅਤੇ ਕਹਿਣ ਲੱਗਾ-“ਦੋਸਤ, ਇਹ ਤਾਂ ਬਹੁਤ ਹੀ ਆਸਾਨ ਹੈ। ਵੇਖ, ਜਿਹੜੀ ਥਾਂ ਤੋਂ ਨਦੀ ਡੂੰਘੀ ਹੈ, ਉਥੇ ਪਾਣੀ ਬਿਲਕੁਲ ਸ਼ਾਂਤ ਹੋਵੇਗਾ। ਇਸ ਦੇ ਉਲਟ ਘੱਟ ਡੂੰਘੀ ਥਾਂ ਉੱਤੇ ਪਾਣੀ ਹਮੇਸ਼ਾ ਰੌਲਾ ਪਾਉਂਦਾ ਰਹਿੰਦਾ ਹੈ। ਉਹ ਆਦਮੀ ਮੁੜ ਹੱਸਿਆ ਅਤੇ ਕਹਿਣ ਲੱਗਾ-“ਕੀ ਤੂੰ ਉਹ ਕਹਾਵਤ ਸੁਣੀ ਹੈ ਕਿ ਅੱਧਾ ਭਰਿਆ ਘੜਾ ਹਮੇਸ਼ਾ ਛਲਕਦਾ ਹੈ, ਭਰਿਆ ਹੋਇਆ ਘੜਾ ਚੁੱਪ ਰਹਿੰਦਾ ਹੈ।
0 Comments