ਕਾਂ ਦੀ ਸੂਝ
Kaa Di Soojh
ਗਰਮੀਆਂ ਦੇ ਦਿਨ ਸਨ। ਇਕ ਕਾਂ ਬਹੁਤ ਪਿਆਸਾ ਸੀ । ਉਸਦਾ ਗਲਾ ਸੁੱਕ ਰਿਹਾ ਸੀ। ਜਿਸ ਜੰਗਲ ਵਿਚ ਉਹ ਰਹਿੰਦਾ ਸੀ, ਗਰਮੀ ਕਾਰਨ ਉਥੋਂ ਦੇ ਸਾਰੇ ਤਲਾਬ ਸੁੱਕ ਚੁੱਕੇ ਸਨ। ਏਨੀ ਗਰਮੀ ਵਿਚ ਉੱਡ ਕੇ ਕਿਤੇ ਦੂਰ ਜਾਣਾ ਵੀ ਮੁਸ਼ਕਿਲ ਸੀ। ਪਰ ਪਿਆਸ ਨੇ ਉਸ ਨੂੰ ਬੇਹਾਲ ਕਰ ਦਿੱਤਾ ਸੀ। ਇਸ ਹਾਲਤ ਵਿਚ ਉਹ ਪਾਣੀ ਦੀ ਤਲਾਸ਼ ਲਈ ਉੱਡ ਪਿਆ। ਉਹ ਜੰਗਲ ਵਿਚੋਂ ਸ਼ਹਿਰ ਵੱਲ ਆ ਗਿਆ। ਇਕ ਮਕਾਨ ਉਪਰੋਂ ਉੱਡਦਿਆਂ ਹੋਇਆਂ ਉਸਨੂੰ ਇਕ ਦਰਖ਼ਤ ਹੇਠਾਂ ਘੜਾ ਪਿਆ ਨਜ਼ਰ ਆਇਆ। ਉਹ ਘੜੇ ਦੇ ਉਪਰ ਬਹਿ ਗਿਆ।
ਉਹਨੇ ਘੜੇ ਵਿਚ ਝਾਕ ਕੇ ਵੇਖਿਆ। ਉਸ ਵਿਚ ਥੋੜ੍ਹਾ ਜਿਹਾ ਪਾਣੀ ਸੀ। ਉਸਦੀ ਚੁੰਝ ਕਿੰਨੇ ਹੀ ਯਤਨ ਕਰਨ 'ਤੇ ਵੀ ਪਾਣੀ ਤਕ ਨਹੀਂ ਸੀ ਪਹੁੰਚ ਰਹੀ। ਉਹ ਸੋਚਣ ਲੱਗਾ ਕਿ ਕੀ ਕਰਾਂ ?
ਅਚਾਨਕ ਉਸ ਨੂੰ ਇਕ ਉਪਾਅ ਸੁੱਝਿਆ। ਉਹ ਜ਼ਮੀਨ ਤੋਂ ਇਕ ਇਕ ਕੰਕਰ ਚੁੱਕ ਕੇ ਘੜੇ ਵਿਚ ਪਾਉਣ ਲੱਗਾ। ਹੌਲੀ-ਹੌਲੀ ਘੜੇ ਦਾ ਪਾਣੀ ਉਪਰ ਆਉਣ ਲੱਗਾ। ਕੁਝ ਹੀ ਦੇਰ 'ਚ ਪਾਣੀ ਏਨਾ ਉਪਰ ਆ ਗਿਆ ਕਿ ਹੁਣ ਉਹਦੀ ਚੁੰਝ ਆਸਾਨੀ ਨਾਲ ਪਾਣੀ ਤਕ ਪਹੁੰਚ ਸਕਦੀ ਸੀ।
ਕਾਂ ਨੇ ਰੱਜ ਕੇ ਪਾਣੀ ਪੀਤਾ ਤੇ ਖ਼ੁਸ਼ੀ ਨਾਲ ਕਾਂ-ਕਾਂ ਕਰਦਾ ਉੱਡ ਗਿਆ।
0 Comments