Punjabi Essay, Paragraph on "Kise Aitihasik Sthan di Yatra", "ਕਿਸੇ ਇਤਿਹਾਸਕ ਸਥਾਨ ਦੀ ਯਾਤਰਾ " for Class 10, 11, 12 of Punjab Board, CBSE Students.

ਕਿਸੇ ਇਤਿਹਾਸਕ ਸਥਾਨ ਦੀ ਯਾਤਰਾ 
Kise Aitihasik Sthan di Yatra



ਜਾਣ ਪਛਾਣ - Introduction

ਭਾਰਤ ਗੁਰੂਆਂ ਪੀਰਾਂ ਦਾ ਅਸਥਾਨ ਹੈ  ਧਾਰਮਿਕ ਅਸਥਾਨਾਂ ਦੀ ਯਾਤਰਾ ਦਾ ਇੱਥੋਂ ਦੇ ਲੋਕਾਂ ਦੇ ਸੱਭਿਆਚਾਰ ਅਤੇ ਧਾਰਮਿਕ ਜੀਵਨ ਨਾਲ ਬਹੁਤ ਗੂੜਾ ਸਬੰਧ ਹੈ  ਹਰ ਧਰਮ ਦੇ ਆਪਣੇਆਪਣੇ ਧਾਰਮਿਕ ਅਸਥਾਨ ਹਨ  ਅੰਮ੍ਰਿਤਸਰ ਸਿੱਖਾਂ ਦਾ ਧਾਰਮਿਕ ਤੇ ਪਵਿੱਤਰ ਅਸਥਾਨ ਹੈ।


ਮੇਰਾ ਆਪਣੇ ਪਿਤਾ ਜੀਨਾਲ ਅੰਮ੍ਰਿਤਸਰ ਜਾਣਾ

ਪਿਛਲੇ ਹਫਤੇ ਮੈਂ ਆਪਣੇ ਪਿਤਾਜੀਨਾਲ ਅੰਮ੍ਰਿਤਸਰ ਗਿਆ, ਉਨ੍ਹਾਂ ਦਾ ਪ੍ਰੋਗਰਾਮ ਮੈਨੂੰ ਹਰਿਮੰਦਰ ਸਾਹਿਬ ਲਿਜਾ ਕੇ ਮੱਥਾ ਟਿਕਾਉਣ ਦਾ ਸੀ । ਜਦੋਂ ਅਸੀਂ ਬੱਸ ਵਿੱਚ ਬੈਠ ਕੇ ਅੰਮ੍ਰਿਤਸਰ ਵੱਲ ਜਾ ਰਹੇ ਸਾਂ ਤਾਂ ਮੇਰੇ ਪਿਤਾ ਜੀ ਨੇ ਮੈਨੂੰ ਦੱਸਿਆ ਕਿ ਅੰਮ੍ਰਿਤਸਰ ਸਿੱਖਾਂ ਦਾ ਮਹਾਨ ਧਾਰਮਿਕ ਤੀਰਥ ਅਸਥਾਨ ਹੈ । ਇਸ ਨੂੰ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ ਵਸਾਇਆ ਤੇ ਪਹਿਲਾਂ ਇਸ ਦਾ ਨਾਂ ਰਾਮਦਾਸਪੁਰ ਸੀ । ਫਿਰ ਪਿਤਾ ਜੀ ਨੇ ਮੈਨੂੰ ਬੀਬੀ ਰਜਨੀ ਦੀ ਕਹਾਣੀ ਸੁਣਾਈ,ਜਿਸ ਦੇ ਪਤੀ ਦਾ ਉੱਥੋਂ ਦੀ ਛੱਪੜੀ ਵਿੱਚ ਨਹਾਉਣ ਨਾਲ ਕੋਹੜ ਠੀਕ ਹੋਇਆ ਸੀ । ਉਸੇ ਛੱਪੜੀ ਦੀ ਥਾਂ ਤੇ ਹੀ ਅੱਜ ਕੱਲ੍ਹ ਹਰਿਮੰਦਰ ਸਾਹਿਬ ਜੀ ਦਾ ਅੰਮ੍ਰਿਤ ਸਰੋਵਰ ਸੁਸ਼ੋਭਿਤ ਹੈ।


ਸ੍ਰੀ ਹਰਿਮੰਦਰ ਸਾਹਿਬ ਪੁੱਜਣਾ ਅਤੇ ਇੱਥੋਂ ਦਾ ਅਦਭੁੱਤ ਦ੍ਰਿਸ਼ 

ਗੱਲਾਂ ਕਰਦਿਆਂ - ਕਰਦਿਆਂ ਹੀ ਅਸੀਂ ਅੰਮ੍ਰਿਤਸਰ ਸ਼ਹਿਰ ਪਹੁੰਚ ਗਏ। ਸਾਡੀ ਬੱਸ ਅੱਡੇ ਤੇ ਰੁਕੀ ਅਤੇ ਰਿਕਸ਼ਾ ਲੈ ਕੇ ਅਸੀਂ ਸਿੱਧੇ ਹਰਿਮੰਦਰ ਸਾਹਿਬ ਪੁੱਜੇ ਹਰਿਮੰਦਰ ਸਾਹਿਬ ਦੀ ਸੀਮਾ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਅਸੀਂ ਆਪਣੀਆਂ ਜੁੱਤੀਆਂ ਬਾਹਰ ਜਮਾਂ ਕਰਾਈਆਂ  ਫਿਰ ਹੱਥ - ਮੂੰਹ ਤੇ ਪੈਰ ਧੋਣ ਪਿੱਛੋਂ ਅਸੀਂ ਵੱਡਾ ਦਰਵਾਜ਼ਾ ਲੰਘ ਕੇ ਸਰੋਵਰ ਦੀ ਪਰਿਕਰਮਾ ਵਿੱਚ ਪਹੁੰਚੇ। ਇੱਥੋਂ ਅਸੀਂ ਕੁਝ ਫੁੱਲਾਂ ਦੇ ਹਾਰ ਲਏ  ਹਰਿਮੰਦਰ ਸਾਹਿਬ ਦੀ ਸੁਨਹਿਰੀ ਇਮਾਰਤ ਜੋ ਕਿ ਸਰੋਵਰ ਦੇ ਵਿਚਕਾਰ ਬਣੀ ਹੋਈ ਹੈ ,ਦੇ ਦ੍ਰਿਸ਼ ਦਾ ਮੇਰੇ ਮਨ ਉੱਪਰ ਬਹੁਤ ਹੀ ਅਦਭੁੱਤ ਪ੍ਰਭਾਵ ਪਿਆ  ਅਸੀਂ ਪਹਿਲਾਂ ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ ਫਿਰ ਅੱਗੇ ਚੱਲ ਪਏ ਰਸਤੇ ਵਿੱਚ ਦੁੱਖ ਭੰਜਨੀ ਬੇਰੀ ਦੇ ਦਰਸ਼ਨ ਕੀਤੇ । ਉੱਥੇ ਹੀ ਬੀਬੀ ਰਜਨੀ ਦੇ ਪਤੀ ਦਾ ਕੋਹੜ ਠੀਕ ਹੋਇਆ ਸੀ । ਇੱਥੇ ਹੀ ਇਸਤਰੀਆਂ ਦੇ ਨਹਾਉਣ ਲਈ ਪੌਣਾ ਬਣਿਆ ਹੋਇਆ ਹੈ  ਪਰਿਕਰਮਾ ਵਿੱਚ ਸੇਵਾਦਾਰ ਇੱਧਰ - ਉਧਰ ਖੜ੍ਹੇ ਸਨ  ਕਈ ਇਸਤਰੀਆਂ ਝਾੜੂ ਫੇਰ ਰਹੀਆਂ ਸਨ  ਮੈਂ ਪਰਿਕਰਮਾ ਵਿੱਚ ਲੱਗੇ ਪੱਥਰਾਂ ਉੱਪਰ ਦਾਨੀਆਂ ਦੇ ਨਾਂ ਉੱਕਰੇ ਦੇਖੇ  ਹੌਲੀ-ਹੌਲੀ ਅਸੀਂ ਇੱਕ ਉਸ ਅਸਥਾਨ ਤੇ ਪਹੁੰਚੇ,ਜਿੱਥੇ ਬਾਬਾ ਦੀਪ ਸਿੰਘ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ। ਇੱਥੇ ਇੱਕ ਗੁਰਦੁਆਰਾ ਸਥਾਪਿਤ ਹੈ । ਇੱਥੇ ਅਸੀਂ ਮੱਥਾ ਟੇਕਿਆ ਤੇ ਅੱਗੇ ਪਹੁੰਚ ਕੇ ਮੇਰੇ ਪਿਤਾ ਜੀ ਨੇ 101 ਦਾ ਪ੍ਰਸ਼ਾਦ ਕਰਾਇਆ। ਪਿਤਾ ਜੀ ਨੇ ਪ੍ਰਸ਼ਾਦ ਦੀ ਥਾਲੀ ਦੋਹਾਂ ਹੱਥਾਂ ਵਿੱਚ ਫੜ ਲਈ ਤੇ ਫਿਰ ਅਸੀਂ ਦੋਵੇਂ ਦਰਸ਼ਨੀ ਡਿਊੜੀ ਰਾਹੀਂ ਪੁਲ ਉੱਪਰੋਂ ਹੁੰਦੇ ਹੋਏ ਹਰਿਮੰਦਰ ਸਾਹਿਬ ਵੱਲ ਚੱਲ ਪਏ। ਬਹੁਤ ਸਾਰੀਆਂ ਸੰਗਤਾਂ ਸਤਿਨਾਮ-ਵਾਹਿਗੁਰੂ ਦਾ ਜਾਪ ਕਰਦੀਆਂ ਅੱਗੇ ਜਾ ਰਹੀਆਂ ਸਨ। ਅਸੀਂ ਹਰਿਮੰਦਰ ਸਾਹਿਬ ਦੇ ਦਰ ਉੱਤੇ ਪੈਰ ਧਰਨ ਤੋਂ ਪਹਿਲਾਂ ਅਸੀਂ ਮੱਥਾ ਟੇਕਿਆ ਤੇ ਫਿਰ ਅੱਗੇ ਵੱਧ ਕੇ ਪ੍ਰਸਾਦ ਚੜਾਇਆ ਅਤੇ ਕੁਝ ਰੁਪਏ ਚੜਾ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਿਆ  ਕੁਝ ਦੇਰ ਅਸੀਂ ਹਰਿਮੰਦਰ ਸਾਹਿਬ ਦੇ ਅੰਦਰਲਾ ਅਦਭੁੱਤ ਨਜ਼ਾਰਾ ਦੇਖਿਆ,ਮਨੋਹਰ ਕੀਰਤਨ ਹੋ ਰਿਹਾ ਸੀ ਤੇ ਸੰਗਤਾਂ ਪ੍ਰਭੂ ਦੇ ਧਿਆਨ ਵਿੱਚ ਮਗਨ ਬੈਠੀਆਂ ਸਨ  ਹਰਿਮੰਦਰ ਸਾਹਿਬ ਦੀ ਇਮਾਰਤ ਦੇ ਅੰਦਰ ਤੇ ਬਾਹਰ ਸੋਨੇ ਦੇ ਪੱਤਰ ਚੜੇ ਹੋਏ ਹੋਏ ਹਨ ਤੇ ਉਸ ਉੱਪਰ ਮੀਨਾਕਾਰੀ ਦਾ ਕੰਮ ਬਹੁਤ ਹੀ ਕਲਾਕਾਰੀ ਨਾਲ ਹੋਇਆ ਹੈ । ਪਿਤਾ ਜੀ ਨੇ ਦੱਸਿਆ ਕਿ ਹਰਿਮੰਦਰ ਸਾਹਿਬ ਉੱਤੇ ਸੋਨਾ ਚੜ੍ਹਾਉਣ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਸੀ । ਫਿਰ ਅਸੀਂ ਹਰਿਮੰਦਰ ਸਾਹਿਬ ਵਿੱਚੋਂ ਨਿਕਲ ਕੇ ਬਾਹਰ ਜਾਣ ਲਈ ਮੁੜ ਪੁਰਾਤਨ ਪੁਲ ਤੇ ਆ ਗਏ  ਅਸੀਂ ਸਰੋਵਰ ਵਿੱਚ ਤਰਦੀਆਂ ਮੱਛੀਆਂ ਨੂੰ ਵੇਖਦੇ ਹੋਏ ਜਾ ਰਹੇ ਸਾਂ  ਬਾਹਰ ਨਿਕਲ ਕੇ ਅਸੀਂ ਦੋਵਾਂ ਹੱਥਾਂ ਨਾਲ ਪ੍ਰਸ਼ਾਦ ਲਿਆ ।


ਸਰਬ ਸਾਂਝਾ ਸਥਾਨ

ਮੇਰੇ ਪਿਤਾ ਜੀ ਨੇ ਦੱਸਿਆ ਕੇ ਹਰਿਮੰਦਰ ਸਾਹਿਬ ਦੇ ਚਾਰੇ ਦਿਸ਼ਾਵਾਂ ਵੱਲ ਦਰਵਾਜ਼ੇ ਇਸ ਗੱਲ ਦਾ ਸੂਚਕ ਹਨ ਕਿ ਇਹ ਸਭ ਦਾ ਸਾਂਝਾ ਹੈ ਤੇ ਇਹ ਕੇਵਲ ਸਿੱਖਾਂ ਦਾ ਹੀ ਧਰਮ ਸਥਾਨ ਨਹੀਂ । ਪਿਤਾ ਜੀ ਨੇ ਮੈਨੂੰ ਦੱਸਿਆ ਕਿ ਗੁਰੂ ਅਰਜਨ ਦੇਵ ਜੀ ਨੇ ਇਸ ਦੀ ਨੀਂਹ ਆਪਣੇ ਕਿਸੇ ਸਿੱਖ ਤੋਂ ਨਹੀਂ, ਸਗੋਂ ਇੱਕ ਪ੍ਰਸਿੱਧ ਮੁਸਲਮਾਨ ਫ਼ਕੀਰ ਸਾਈਂ ਮੀਆਂ ਮੀਰ ਜੀ ਤੋਂ ਰਖਵਾਈ ਸੀ।


ਅਕਾਲ ਤਖਤ ਤੇ ਸਿੱਖ ਅਜਾਇਬ ਘਰ

ਦਰਸ਼ਨੀ ਡਿਉੜੀ ਤੋਂ ਬਾਹਰ ਆ ਕੇ ਅਸੀਂ ਸਾਹਮਣੇ ਅਕਾਲ ਤਖਤ ਸਾਹਿਬ ਦੇ ਦਰਸ਼ਨ ਕਰਨ ਲਈ ਗਏ ਫਿਰ ਮੇਰੇ ਪਿਤਾ ਜੀ ਮੈਨੂੰ ਸਿੱਖ ਅਜਾਇਬ ਘਰ ਲੈ ਗਏ ਇਸ ਥਾਂ ਅਸੀਂ ਸਿੱਖ ਇਤਿਹਾਸ ਨਾਲ ਸਬੰਧਿਤ ਤਸਵੀਰਾਂ, ਪੁਰਾਤਨ ਸਿੱਖਾਂ ਦੀਆਂ ਤਸਵੀਰਾਂ, ਗੁਰੂ ਸਾਹਿਬ ਦੀਆਂ ਹੱਥ ਲਿਖਤਾਂ ਤੇ ਹਥਿਆਰ ਆਦਿ ਦੇਖੇ।


ਹੋਰ ਗੁਰਦੁਆਰਿਆਂ ਤੇ ਜਲ੍ਹਿਆਂਵਾਲੇ ਬਾਗ ਦੀ ਯਾਤਰਾ

ਇਸ ਤੋਂ ਪਿੱਛੋਂ ਅਸੀਂ ਬਾਬਾ ਅਟੱਲ, ਕੈਲਸਰ, ਰਾਮਸਰ, ਵਿਵੇਕਸਰ ਤੇ ਸੰਤੋਖਸਰ ਦੇ ਦਰਸ਼ਨ ਕੀਤੇ । ਫਿਰ ਅਸੀਂ ਜਲ੍ਹਿਆਂ ਵਾਲੇ ਬਾਗ਼ ਪਹੁੰਚੇ। ਪਿਤਾ ਜੀ ਨੇ ਦੱਸਿਆ ਕਿ ਇੱਥੇ 1919 ਦੀ ਵਿਸਾਖੀ ਨੂੰ ਅੰਗਰੇਜ਼ ਜਨਰਲ ਡਾਇਰ ਨੇ ਨਿਹੱਥੇ ਭਾਰਤੀਆਂ ਉੱਪਰ ਗੋਲੀਆਂ ਚਲਾ ਕੇ ਉਨ੍ਹਾਂ ਦੇ ਖੂਨ ਦੀਆਂ ਨਦੀਆਂ ਚਲਾਈਆਂ ਸਨ। ਇਸ ਪ੍ਰਕਾਰ ਅੰਮ੍ਰਿਤਸਰ ਦੇ ਧਾਰਮਿਕ ਤੇ ਇਤਿਹਾਸਕ ਸਥਾਨ ਦੇ ਦਰਸ਼ਨ ਕਰਨ ਮਗਰੋਂ ਅਸੀਂ ਬੱਸ ਵਿੱਚ ਬੈਠੇ ਤੇ ਘਰ ਵੱਲ ਚੱਲ ਪਏ ।



Post a Comment

1 Comments