ਗੁਰੂ ਗੋਬਿੰਦ ਸਿੰਘ ਜੀ
Guru Gobind Singh Ji
ਮੁੱਢਲੀ ਜਾਣਕਾਰੀ ਅਤੇ ਜਨਮ: ਲਾਸਾਨੀ ਸ਼ਖ਼ਸੀਅਤ ਦੇ ਮਾਲਕ , ਸਰਬੰਸਦਾਨੀ , ਸਿੱਖ ਧਰਮ ਦੇ ਦਸਵੇਂ ਗੁਰੂ , ਖਾਲਸੇ ਦੇ ਜਨਮ ਦਾਤੇ ਅਤੇ ਇਤਿਹਾਸ ਦੇ ਪੰਨਿਆਂ ਤੇ ਆਪਣੀ ਡੂੰਘੀ ਛਾਪ ਛੱਡਣ ਵਾਲੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦਰ ਅਤੇ ਮਾਤਾ ਗੁਜਰੀ ਜੀ ਦੇ ਘਰ 22 ਦਸੰਬਰ 1666 ਈਸਵੀ ਨੂੰ ਪਟਨਾ ਸਾਹਿਬ(ਬਿਹਾਰ) ਵਿਖੇ ਹੋਇਆ। ਆਪ ਦਾ ਨਾਂ ਗੋਬਿੰਦ ਰਾਏ ਰੱਖਿਆ ਗਿਆ। ਜਿਸ ਸਮੇਂ ਆਪ ਦਾ ਜਨਮ ਹੋਇਆ, ਉਸ ਸਮੇਂ ਆਪ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਸਿੱਖੀ ਪ੍ਰਚਾਰ ਲਈ ਬੰਗਾਲ ਅਤੇ ਆਸਾਮ ਦੇ ਦੌਰੇ ਤੇ ਗਏ ਹੋਏ ਸਨ।ਆਪ ਦੇ ਅਲੌਕਿਕ ਰੂਪ ਦਾ ਪਤਾ ਤਾਂ ਬਚਪਨ ਵਿੱਚ ਹੀ ਲੱਗ ਗਿਆ ਸੀ, ਜਦੋਂ ਆਪ ਨੇ ਸੱਯਦ ਪੀਰ ਭੀਖਮ ਸ਼ਾਹ ਦੁਆਰਾ ਲਿਆਂਦੇ ਦੋਹਾਂ ਕਟੋਰਿਆਂ ਤੇ ਦੋਵੇਂ ਹੱਥ ਰੱਖ ਕੇ ਸਰਬ - ਸਾਂਝੀਵਾਲਤਾ ਦਾ ਸੁਨੇਹਾ ਦਿੱਤਾ ਸੀ।
ਬਚਪਨ ਅਤੇ ਅਨੰਦਪੁਰ ਆਉਣਾ: ਪਟਨੇ ਰਹਿੰਦਿਆਂ ਹੀ ਆਪ ਨੇ ਬਹੁਤ ਸਾਰੀ ਗੁਰਬਾਣੀ ਮਾਤਾ ਗੁਜਰੀ ਜੀ ਪਾਸੋਂ ਪੜ੍ਹ ਕੇ ਕੰਠ ਕਰ ਲਈ ਸੀ। ਇੱਥੇ ਹੀ ਆਪ ਨੇ ਮੁੱਢਲੀ ਵਿੱਦਿਆ ਗੁਰਮੁਖੀ ਅਤੇ ਬਿਹਾਰੀ ਵੀ ਸਿੱਖੀ। ਇੱਥੇ ਹੀ ਆਪ ਜੀ ਛੋਟੇ ਬੱਚਿਆਂ ਨੂੰ ਦੋ ਟੋਲੀਆਂ ਵਿੱਚ ਵੰਡ ਕੇ ਨਕਲੀ ਲੜਾਈਆਂ ਲੜਨ ਦਾ ਅਭਿਆਸ ਕਰਿਆ ਕਰਦੇ ਸਨ ਅਤੇ ਜਿੱਤਣ ਵਾਲੀ ਟੋਲੀ ਨੂੰ ਮਾਤਾ ਜੀ ਪਾਸੋਂ ਇਨਾਮ ਦਿਵਾਇਆ ਕਰਦੇ ਸਨ। ਪਟਨੇ ਤੋਂ ਆਪ ਜੀ ਗੁਰੂ ਪਿਤਾ ਜੀ ਦੇ ਹੁਕਮਾਂ ਅਨੁਸਾਰ 1672 ਈਸਵੀ ਨੂੰ ਅਨੰਦਪੁਰ ਸਾਹਿਬ (ਪੰਜਾਬ) ਆ ਗਏ । ਉਸ ਸਮੇਂ ਆਪ ਦੀ ਉਮਰ ਦਾ ਛੇਵਾਂ ਸਾਲ ਚੱਲ ਰਿਹਾ ਸੀ। ਇੱਥੇ ਹੀ ਆਪ ਨੇ ਪੰਜਾਬੀ,ਫ਼ਾਰਸੀ,ਸੰਸਕ੍ਰਿਤ, ਹਿੰਦੀ ਅਤੇ ਬ੍ਰਜ ਭਾਸ਼ਾ ਦੀ ਵਿੱਦਿਆ ਪ੍ਰਾਪਤ ਕੀਤੀ।
ਪਿਤਾ ਦੀ ਕੁਰਬਾਨੀ: ਉਸ ਸਮੇਂ ਦਾ ਹਾਕਮ ਔਰੰਗਜ਼ੇਬ ਹਿੰਦੂਆਂ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਸੀ। ਉਸ ਦੀ ਸਾਜਿਸ਼ ਸੀ ਕਿ ਜੇ ਪੰਡਤਾਂ ਤੇ ਵਿਦਵਾਨਾਂ ਨੂੰ ਮੁਸਲਮਾਨ ਬਣਾ ਲਿਆ ਜਾਵੇ ਤਾਂ ਬਾਕੀ ਜਨਤਾ ਆਪਣੇ ਆਪ ਉਨ੍ਹਾਂ ਦੇ ਪਿੱਛੇ ਲੱਗ ਕੇ ਮੁਸਲਮਾਨ ਬਣ ਜਾਵੇਗੀ। ਇਸ ਮਨੋਰਥ ਨੂੰ ਪੂਰਾ ਕਰਨ ਖ਼ਾਤਰ ਉਹ ਹਿੰਦੁਆਂ ਨੂੰ ਮੁਸਲਮਾਨ ਬਣਾਉਣ ਲਈ ਅੱਤਿਆਚਾਰ ਕਰਨ ਲੱਗਾ। ਜਿਸ ਤੋਂ ਤੰਗ ਆ ਕੇ ਉਹ ਸਾਰੇ ਪੰਡਤ ਕਿਰਪਾ ਰਾਮ ਦੀ ਅਗਵਾਈ ਹੇਠ ਅਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ ਸਹਾਇਤਾ ਲਈ ਪੁੱਜੇ। ਉਨ੍ਹਾਂ ਦੀ ਗੱਲ ਧਿਆਨ ਪੂਰਵਕ ਸੁਣਨ ਤੋਂ ਬਾਅਦ ਆਪ ਜੀ ਦੇ ਪਿਤਾ ਨੇ ਕਿਹਾ ਕਿ ਕਿਸੇ ਮਹਾਪੁਰਸ਼ ਨੂੰ ਕੁਰਬਾਨੀ ਦੇਣੀ ਪਵੇਗੀ। ਆਪ ਨੇੜੇ ਹੀ ਖੜੇ ਸਭ ਕੁਝ ਬੜੇ ਧਿਆਨ ਨਾਲ ਸੁਣ ਰਹੇ ਸਨ। ਉਸ ਸਮੇਂ ਆਪ ਦੀ ਉਮਰ ਕੇਵਲ 9 ਸਾਲ ਸੀ। ਆਪਨੇ ਮਾਸੂਮੀਅਤ ਅਤੇ ਬੜੀ ਦਿੜਤਾ ਨਾਲ ਕਿਹਾ ਕਿ ਪਿਤਾ ਜੀ , ਆਪ ਤੋਂ ਵੱਡਾ ਮਹਾਪੁਰਸ਼ ਭਲਾ ਕੌਣ ਹੋ ਸਕਦਾ ਹੈ। ਇਸ ਤਰ੍ਹਾਂ ਆਪ ਨੇ ਆਪਣੇ ਪਿਤਾ ਜੀ ਨੂੰ ਔਰੰਗਜ਼ੇਬ ਦੇ ਜ਼ੁਲਮਾਂ ਵਿਰੁੱਧ ਕੁਰਬਾਨੀ ਦੇਣ ਲਈ ਦਿੱਲੀ ਭੇਜਿਆ।
ਗੁਰਗੱਦੀ: ਆਪਣੇ ਪਿਤਾ ਨੌਵੇਂ ਗੁਰੂ ਜੀ ਦੀ ਸ਼ਹਾਦਤ ਤੋਂ ਬਾਅਦ ਨੌਂ ਸਾਲ ਦੀ ਉਮਰ ਵਿੱਚ ਦਮਦਮਾ ਸਾਹਿਬ ਵਿਖੇ ਆਪ ਜੀ ਦੀ ਗੁਰਗੱਦੀ ਦੀ ਰਸਮ ਬਾਬਾ ਬੁੱਢਾ ਜੀ ਦੀ ਅੰਸ਼ ਵਿੱਚੋਂ ਰਾਮ ਕੁਇਰ ਨੇ ਪੂਰੀ ਕੀਤੀ। ਆਪ ਜੀ ਨੇ ਫੌਜੀ ਠਾਠਬਾਠ ਨੂੰ ਸੰਪੂਰਣ ਕਰਨ ਲਈ ਰਣਜੀਤ ਨਗਾਰਾ ਬਣਵਾਇਆ ,ਜਿਸ ਦੀ ਗੂੰਜ ਨਾਲ ਸੁਣਨ ਵਾਲਿਆਂ ਦੇ ਹਿਰਦੇ ਕੰਬ ਉੱਠਦੇ ਸਨ। ਆਪ ਜੀ ਨੇ ਕਈ ਕਿੱਲੇ ਵੀ ਬਣਵਾਏ।
ਸਾਹਿਤ ਰਚਨਾ: ਆਪ ਜੀ ਸੰਤ-ਸਿਪਾਹੀ ਹੋਣ ਦੇ ਨਾਲ-ਨਾਲ ਵਿਦਵਾਨ ਵੀ ਸਨ।ਆਪ ਦੇ ਦਰਬਾਰ ਵਿਚ ਬਵੰਜਾ ਕਵੀ ਸਨ। ਆਪ ਦੀਆਂ ਰਚੀਆਂ ਸਾਹਿਤਿਕ ਰਚਨਾਵਾਂ ਵਿੱਚੋਂ ਬਚਿੱਤਰ ਨਾਟਕ (ਸਵੈ ਜੀਵਨੀ) , ਜ਼ਫ਼ਰਨਾਮਾ (ਔਰੰਗਜ਼ੇਬ ਨੂੰ ਫ਼ਾਰਸੀ ਵਿੱਚ ਲਿਖੀ ਚਿੱਠੀ ,ਜਾਪੁ ਸਾਹਿਬ ਅਤੇ ਚੰਡੀ ਦੀ ਵਾਰ ਆਪ ਦੀਆਂ ਉੱਤਮ ਰਚਨਾਵਾਂ ਹਨ। ਜੰਗਾਂ ਆਪ ਜੀ ਨੂੰ ਜ਼ੁਲਮ ਦੇ ਵਿਰੁੱਧ ਇੱਕ ਦਰਜਨ ਤੋਂ ਵੱਧ ਜੰਗਾਂ ਲੜਨੀਆਂ ਪਈਆਂ। ਜਿਨ੍ਹਾਂ ਵਿੱਚੋਂ ਭੰਗਾਣੀ ਦਾ ਯੁੱਧ , ਅਨੰਦਪੁਰ ਸਾਹਿਬ ਦੀਆਂ ਜੰਗਾਂ , ਖਿਦਰਾਣੇ ਦੀ ਢਾਬ ਦੀ ਲੜਾਈ , ਚਮਕੌਰ ਦੀ ਜੰਗ ਪ੍ਰਮੁੱਖ ਹਨ। ਆਪ ਜੀ ਦੁਆਰਾ ਇਹ ਜੰਗਾਂ ਲੜਨ ਦਾ ਮਨੋਰਥ ਲੋਕਾਂ ਨਾਲ ਹੋ ਰਹੇ ਜਬਰ-ਜ਼ੁਲਮ ਅਤੇ ਧੱਕੇਸ਼ਾਹੀ ਨੂੰ ਰੋਕਣਾ ਸੀ।
ਖਾਲਸਾ ਪੰਥ ਦੀ ਸਿਰਜਨਾ: ਆਪ ਜੀ ਨੇ ਲੋਕਾਂ ਦੇ ਮਨਾਂ ਵਿੱਚੋਂ ਉਸ ਸਮੇਂ ਦੀ ਹਕੂਮਤ ਦੁਆਰਾ ਕੀਤੇ ਜਾ ਰਹੇ ਜਬਰ-ਜ਼ੁਲਮ ਦੇ ਸਹਿਮ ਨੂੰ ਦੂਰ ਕਰਨ ਲਈ ਖ਼ਾਲਸਾ ਪੰਥ ਦੀ ਸਿਰਜਨਾ ਕੀਤੀ ਅਤੇ ਲੋਕਾਂ ਨੂੰ ਇੱਜ਼ਤ ਅਤੇ ਸਵੈ-ਮਾਣ ਨਾਲ ਜ਼ਿੰਦਗੀ ਜਿਉਣ ਲਈ ਪ੍ਰੇਰਿਆ। ਆਪ ਨੇ ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਿਤ ਸਿੱਖ ਧਰਮ ਵਿੱਚ ਸਿੱਖਾਂ ਨੂੰ ਨਵਾਂ ਰੂਪ ਦੇ ਕੇ ਸਿੰਘ ਸਜਾਇਆ। 13 ਅਪ੍ਰੈਲ 1699 ਈਸਵੀ ਨੂੰ ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਵਿਸਾਖੀ ਵਾਲੇ ਦਿਨ ਪੰਜ ਪਿਆਰਿਆਂ- ਭਾਈ ਦਇਆ ਸਿੰਘ ਜੀ , ਭਾਈ ਧਰਮ ਸਿੰਘ ਜੀ , ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ ਨੂੰ ਇੱਕੋ ਖੰਡੇ ਬਾਟੇ ਵਿੱਚੋਂ ਅੰਮ੍ਰਿਤ ਛਕਾ ਕੇ ਊਚ-ਨੀਚ ਦੇ ਭੇਦ-ਭਾਵ ਨੂੰ ਖਤਮ ਕੀਤਾ | ਅਤੇ ਆਪ ਵੀ ਉਹਨਾਂ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕਿਆ ਅਤੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਆਪੇ ਗੁਰ ਚੇਲਾ' ਦੇ ਕਥਨ ਨੂੰ ਸਹੀ ਸਿੱਧ ਕੀਤਾ।
ਕੁਰਬਾਨੀਆਂ: ਆਪ ਜੀ ਨੂੰ ਮੁਗਲ ਹਾਕਮਾਂ ਦੇ ਜ਼ੁਲਮਾਂ ਵਿਰੁੱਧ ਛਿੜੇ ਇਸ ਧਰਮ ਯੁੱਧ ਦੇ ਚਲਦੇ 1704 ਈਸਵੀ ਨੂੰ ਦਸੰਬਰ ਦੇ ਤੀਜੇ ਹਫ਼ਤੇ ਅਨੰਦਪੁਰ ਸਾਹਿਬ ਛੱਡਣਾ ਪਿਆ। ਸਰਸਾ ਨਦੀ ਪਾਰ ਕਰਦਿਆਂ ਆਪ ਜੀ ਦਾ ਸਾਰਾ ਪਰਿਵਾਰ ਵਿੱਛੜ ਗਿਆ। ਆਪ ਦੇ ਰਸੋਈਏ ਗੰਗੂ ਬਾਹਮਣ ਦੀ ਬਦਨੀਤੀ ਤੇ ਲਾਲਚ ਕਾਰਨ ਉਸਨੇ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਨੂੰ ਸਰਹੰਦ ਦੇ ਸੂਬੇਦਾਰ ਕੋਲ ਗ੍ਰਿਫਤਾਰ ਕਰਵਾ ਦਿੱਤਾ। ਆਪ ਜੀ ਦੇ ਦੋ ਵੱਡੇ ਸਾਹਿਬਜ਼ਾਦੇ - ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ। ਖਿਦਰਾਣੇ ਦੀ ਢਾਬ ਦੀ ਜੰਗ ਅਤੇ ਚਮਕੌਰ ਸਾਹਿਬ ਦੀ ਜੰਗ-ਇਹ ਦੋਵੇ ਜੰਗਾਂ ਸੰਸਾਰ ਵਿਚ ਸਭ ਤੋਂ ਵੱਧ ਅਸਾਂਵੀਆਂ ਸਨ।
ਇਨਾਂ ਵਿਚ ਆਪ ਜੀ ਨੇ ਸਿੱਧ ਕਰ ਦਿੱਤਾ ਸੀ ਕਿ ਇੱਕ-ਇੱਕ ਸਿੰਘ ਅਣਗਿਣਤ | ਦੁਸ਼ਮਣਾਂ ਦਾ ਦਲੇਰੀ ਨਾਲ ਸਾਹਮਣਾ ਕਰਨ ਦੀ ਸ਼ਕਤੀ ਰੱਖਦਾ ਹੈ।
ਸਵਾ ਲਾਖ ਸੇ ਏਕ ਲੜਾਊ॥
ਤਬੈ ਗੋਬਿੰਦ ਸਿੰਘ ਨਾਮ ਕਹਾਉ॥
ਦੋਨੋਂ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ ਨੂੰ ਸਰਹੰਦ ਦੇ ਸੂਬੇਦਾਰ ਵੱਲੋਂ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਗਿਆ ਅਤੇ ਮਾਤਾ ਗੁਜਰੀ ਜੀ ਸਰਹੰਦ ਦੇ ਠੰਡੇ ਬੁਰਜ ਵਿੱਚ ਸ਼ਹੀਦੀ ਪਾ ਗਏ। ਸਰਬੰਸ ਕੁਰਬਾਨ ਹੋ ਜਾਣ ਦੇ ਬਾਵਜੂਦ ਵੀ ਆਪ ਅਡੋਲ, ਸਹਿਜ ਅਤੇ ਚੜ੍ਹਦੀ ਕਲਾ ਵਿਚ ਰਹੇ ਕਿਉਂਕਿ ਆਪ ਦਾ ਨਿਸ਼ਾਨਾ ਮੁਗਲਾਂ ਦੇ ਜ਼ੁਲਮ ਦੀਆਂ ਜੜ੍ਹਾਂ ਪੁੱਟਣਾ ਸੀ।
ਅੰਤਿਮ ਸਮਾਂ: ਆਪ ਜੀ ਨੇ ਤਲਵੰਡੀ ਸਾਬੋ ਵਿਖੇ ਆਦਿ ਗ੍ਰੰਥ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ਼ਾਮਿਲ ਕੀਤੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਦਾ ਦਰਜਾ ਦਿੱਤਾ। ਆਪ ਜੀ ਨੇ ਆਪਣੇ ਜੀਵਨ ਕਾਲ ਦਾ ਆਖ਼ਰੀ ਸਮਾਂ ਨਾਂਦੇੜ (ਮਹਾਂਰਾਸ਼ਟਰ ਵਿੱਚ ਗੁਜ਼ਾਰਿਆ। ਇੱਥੇ ਹੀ ਆਪ ਨੇ ਮਾਧੋ ਦਾਸ ਬੈਰਾਗੀ ਨੂੰ ਸਿੱਧੇ ਰਸਤੇ ਪਾਇਆ। ਉਸ ਨੂੰ ਸਿੰਘ ਸਜਾ ਕੇ ਉਸਦਾ ਨਾਂ 'ਬੰਦਾ ਸਿੰਘ ਬਹਾਦਰ ਰੱਖਿਆ ਅਤੇ ਮੁਗਲ ਰਾਜ ਨਾਲ ਟੱਕਰ ਲੈਣ ਲਈ ਪੰਜਾਬ ਵੱਲ ਤੋਰਿਆ। ਇੱਥੇ ਹੀ ਆਪ 1708 ਈ: ਨੂੰ ਜੋਤੀ - ਜੋਤਿ ਸਮਾ ਗਏ।
ਸਾਰ-ਅੰਸ਼: ਆਪ ਜੀ ਬਹਾਦਰ, ਯੋਧੇ ,ਜਰਨੈਲ ਅਤੇ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ।ਆਪ ਨੂੰ ਪੁੱਤਰਾਂ ਦਾ ਦਾਨੀ ,ਸਰਬੰਸਦਾਨੀ , ਬਾਜਾਂ ਵਾਲਾ, ਕਲਗੀਆਂ ਵਾਲਾ ਆਦਿ ਨਾਵਾਂ ਨਾਲ ਵੀ ਸੰਬੋਧਿਤ ਕੀਤਾ ਜਾਂਦਾ ਹੈ। ਆਪ ਜੀ ਦੁਆਰਾ ਕੀਤੀਆਂ ਗਈਆਂ ਕੁਰਬਾਨੀਆਂ ਦੀ ਮਿਸਾਲ ਇਤਿਹਾਸ ਵਿੱਚ ਪਹਿਲਾਂ ਕਦੇ ਵੀ ਵੇਖਣ ਨੂੰ ਨਹੀਂ ਮਿਲਦੀ। ਆਪ ਨੇ ਆਪਣਾ ਸਾਰਾ ਜੀਵਨ ਸੰਘਰਸ਼ ਕਰਦਿਆਂ ਹੋਇਆ ਮਨੁੱਖਤਾ ਦੇ ਭਲੇ ਲਈ ਗੁਜ਼ਾਰਿਆ।
ਸਾਨੂੰ ਗੁਰੂ ਜੀ ਦੇ ਦੱਸੇ ਮਾਰਗ ਤੇ ਚਲਦਿਆਂ ਊਚ-ਨੀਚ ਅਤੇ ਜਾਤ-ਪਾਤ ਦੇ ਭੇਦ-ਭਾਵ ਨੂੰ ਮਿਟਾ ਕੇ ਉਨ੍ਹਾਂ ਦੁਆਰਾ ਦਿੱਤਾ ਸਰਬ-ਸਾਂਝੀਵਾਲਤਾ ਦਾ ਸੰਦੇਸ਼ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚਾਉਂਦੇ ਹੋਏ ਨਰੋਏ ਸਮਾਜ ਦੀ ਸਿਰਜਣਾ ਕਰਨੀ ਚਾਹੀਦੀ ਹੈ।
0 Comments