ਦਿਵਾਲੀ
Diwali
ਭਾਰਤ ਇੱਕ ਬਹੁ-ਰੰਗੀ ਦੇਸ਼ ਹੈ ਕਿਉਂਕਿ ਇਸ ਵਿੱਚ ਬਹੁਤ ਸਾਰੇ ਧਰਮਾਂ ,ਜਾਤਾਂ, ਰੰਗਾਂ ,ਨਸਲਾਂ ਦੇ ਲੋਕ ਰਹਿੰਦੇ ਹਨ। ਭਾਰਤ ਦੇਸ਼ ਇਹ ਸਭ ਆਪਣੀ ਬੁੱਕਲ ਵਿੱਚ ਸਮੇਟੀ ਦੁਨੀਆਂ ਭਰ ਦੇ ਲਈ ਧਰਮ-ਨਿਰਪੱਖਤਾ ਦੀ ਇੱਕ ਸ਼ਾਨਦਾਰ ਉਦਾਹਰਨ ਪੇਸ਼ ਕਰਦਾ ਹੈ। ਸਾਡੇ ਸੰਵਿਧਾਨ ਅਨੁਸਾਰ ਭਾਰਤ ਨੂੰ ਧਰਮ-ਨਿਰਪੱਖ ਦੇਸ਼ ਹੋਣ ਦਾ ਦਰਜਾ ਪ੍ਰਾਪਤ ਹੈ ਕਿਉਂਕਿ ਇਸ ਵਿੱਚ ਰਹਿੰਦੇ ਸਾਰੇ ਹੀ ਧਰਮਾਂ, ਜਾਤਾਂ ਦੇ ਲੋਕਾਂ ਨੂੰ ਆਪਣੇ ਇਸ਼ਟਾਂ ਨੂੰ ਧਿਆਉਣ, ਪੂਜਾ ਕਰਨ, ਧਾਰਮਿਕ ਸਥਾਨ ਉਸਾਰਨ ਅਤੇ ਤਿਉਹਾਰ ਮਨਾਉਣ ਦੀ ਪੂਰੀ ਖੁੱਲ ਹੈ। ਅੱਜ ਦੇ ਇਸ ਦੌਰ ਵਿਚ ਸੰਚਾਰ ਅਤੇ ਆਵਾਜਾਈ ਦੇ ਸਾਧਨਾਂ ਦੇ ਵਿਕਸਤ ਹੋਣ ਨਾਲ ਅਤੇ ਆਪਸੀ ਮੇਲਜੋਲ ਦੇ ਵਧਣ ਨਾਲ ਲੋਕਾਂ ਦੇ ਪਹਿਰਾਵੇ, ਖਾਣ-ਪੀਣ , ਤਿਉਹਾਰਾਂ ਅਤੇ ਸੱਭਿਆਚਾਰ ਆਦਿ ਦਾ ਇੱਕ ਦੂਜੇ ਵੱਲੋਂ ਅਪਣਾਉਣਾ ਸੁਭਾਵਿਕ ਜਿਹੀ ਗੱਲ ਹੈ। ਇਸ ਲਈ ਕਈ ਤਿਉਹਾਰਾਂ ਦਾ ਸੰਬੰਧ ਕਿਸੇ ਖ਼ਾਸ ਧਰਮ ਜਾਂ ਖਿੱਤੇ ਨਾਲ ਨਾ ਹੋ ਕੇ ਸਗੋਂ ਉਹ ਸਮੁੱਚੇ ਭਾਰਤ ਵਿੱਚ ਸਾਂਝੇ ਤੌਰ ਤੇ ਬੜੇ ਚਾਅ ਅਤੇ ਸ਼ਰਧਾ ਨਾਲ ਮਨਾਏ ਜਾਂਦੇ ਹਨ। ਅਜਿਹੇ ਤਿਉਹਾਰਾਂ ਵਿੱਚੋਂ ਦਿਵਾਲੀ ਦਾ ਤਿਉਹਾਰ ਆਪਣਾ ਇੱਕ ਖ਼ਾਸ ਸਥਾਨ ਅਤੇ ਮਹੱਤਵ ਰੱਖਦਾ ਹੈ।
ਦਿਵਾਲੀ ਸ਼ਬਦ ਸੰਸਕ੍ਰਿਤ ਦੇ ਦੋ ਸ਼ਬਦਾਂ ਦੀਵਾ ਅਤੇ ' ਆਵਲੀ ਤੋਂ ਬਣਿਆ ਹੈ ਜਿਸ ਦਾ ਅਰਥ ਹੈ- ਦੀਵਿਆਂ ਦੀ ਕਤਾਰ। ਇਹ ਤਿਉਹਾਰ ਦੁਸਹਿਰੇ ਤੋਂ ਬਾਅਦ ਵੀਹਵੇਂ ਦਿਨ ਕੱਤਕ ਮਹੀਨੇ (ਅਕਤੂਬਰਨਵੰਬਰ) ਦੀ ਮੱਸਿਆ ਨੂੰ ਮਨਾਇਆ ਜਾਂਦਾ ਹੈ। ਇਤਿਹਾਸਿਕ ਹਵਾਲਿਆਂ ਅਨੁਸਾਰ ਹਿੰਦੂ ਧਰਮ ਵਿੱਚ ਇਸਦਾ ਸੰਬੰਧ ਲਕਸ਼ਮੀ ਪੂਜਨ ਅਤੇ ਸ੍ਰੀ ਰਾਮ ਚੰਦਰ ਜੀ ਦੁਆਰਾ ਚੌਦਾਂ ਸਾਲਾਂ ਦਾ ਬਨਵਾਸ ਕੱਟ ਕੇ ਰਾਵਣ ਨੂੰ ਮਾਰਨ ਉਪਰੰਤ ਅਯੁੱਧਿਆ ਵਾਪਸ ਪਰਤਣ ਨਾਲ ਹੈ। ਮੱਸਿਆ ਦੀ ਰਾਤ ਹੋਣ ਕਾਰਨ ਲੋਕਾਂ ਨੇ ਇਸ ਦੀ ਖੁਸ਼ੀ ਘਿਓ ਦੇ ਦੀਵੇ ਜਗਾ ਕੇ ਮਨਾਈ ਸੀ। ਸਿੱਖ ਧਰਮ ਵਿੱਚ ਇਸ ਦਾ ਸੰਬੰਧ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਹੈ ਜੋ ਮੁਗ਼ਲ ਬਾਦਸ਼ਾਹ ਜਹਾਂਗੀਰ ਦੁਆਰਾ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਬਵੰਜਾ ਰਾਜਿਆਂ ਨਾਲ ਇਸ ਦਿਨ ਰਿਹਾਅ ਹੋ ਕੇ ਅੰਮ੍ਰਿਤਸਰ ਪਹੁੰਚੇ ਸਨ ਅਤੇ ਬਾਬਾ ਬੁੱਢਾ ਜੀ ਅਤੇ ਸਮੂਹ ਸਿੱਖ ਸੰਗਤਾਂ ਵੱਲੋਂ ਉਹਨਾਂ ਦੇ ਆਗਮਨ ਦੀ ਖੁਸ਼ੀ ਵਿੱਚ ਦੀਪਮਾਲਾ ਕੀਤੀ ਗਈ ਸੀ। ਸਿੱਖ ਧਰਮ ਵਿਚ ਇਸ ਨੂੰ 'ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਰੌਸ਼ਨੀਆਂ ਦਾ ਤਿਉਹਾਰ ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ।
ਦਿਵਾਲੀ ਤੋਂ ਕਈ ਦਿਨ ਪਹਿਲਾਂ ਘਰਾਂ ਦੀ ਸਫ਼ਾਈ ਕਰਨਾ,ਰੰਗ-ਰੋਗਨ ਕਰਵਾਉਣਾ,ਦਿਵਾਲੀ ਵਾਲੇ ਦਿਨ ਭਾਂਡੇ ਖਰੀਦਣਾ, ਮਠਿਆਈਆਂ ਖਾਣੀਆਂ ਅਤੇ ਵੰਡਣਾ, ਨਵੇਂ ਕੱਪੜੇ ਪਾਉਣਾ, ਲਕਸ਼ਮੀ ਦੇਵੀ ਦੀ ਪੂਜਾ-ਅਰਾਧਨਾ ਕਰਨੀ, ਰਾਤ ਵੇਲੇ ਦੀਵੇ-ਮੋਮਬੱਤੀਆਂ ਅਤੇ ਲਾਇਟਾਂ ਦੁਆਰਾ ਚਾਨਣ ਕਰਨਾ - ਇਹ ਸਭ ਲੋਕਾਂ ਦੇ ਇਸ ਤਿਉਹਾਰ ਨੂੰ ਮਨਾਉਣ ਪ੍ਰਤੀ ਉਤਸ਼ਾਹ,ਅਥਾਹ ਸ਼ਰਧਾ, ਵਿਸ਼ਵਾਸ ਅਤੇ ਮਨ ਦੀ ਖੁਸ਼ੀ ਦੇ ਭਾਵ ਨੂੰ ਉਜਾਗਰ ਕਰਦੇ ਹਨ। ਪਿੰਡਾਂ ਅਤੇ ਛੋਟੇ ਨਗਰਾਂ ਵਿੱਚ ਲਕਸ਼ਮੀ ਦੇਵੀ ਦੀ ਪੂਜਾ ਲਈ ਅੱਜ ਵੀ ਘੁਮਿਆਰਾ ਕੋਲੋਂ ਇੱਕ 'ਹਟੜੀ ਲਿਆਂਦੀ ਜਾਂਦੀ ਹੈ। ਮੂਰਤੀ ਨਾ ਹੋਣ ਦੀ ਸੂਰਤ ਵਿੱਚ ਉਸ ਵਿੱਚ ਦੀਵਾ ਜਗਾ ਦਿੱਤਾ ਜਾਂਦਾ ਹੈ ਪਤਾਸੇ , ਖਿੱਲਾਂ , ਮਖਾਣੇ ਆਦਿ ਮਿੱਟੀ ਜਾਂ ਖੋਪੇ ਦੀ ਝੂਠੀ ਵਿੱਚ ਪਾ ਕੇ ਜਗਦੇ ਦੀਵੇ ਕੋਲ ਰੱਖ ਕੇ ਲਕਸ਼ਮੀ ਨੂੰ ਭੋਗ ਲੁਆ ਕੇ ਬੱਚਿਆਂ ਵਿੱਚ ਵੰਡੇ ਜਾਂਦੇ ਹਨ ਅਤੇ ਪਰਿਵਾਰ ਦੇ ਸੁੱਖ ਅਤੇ ਘਰ ਵਿੱਚ ਲਕਸ਼ਮੀ (ਧਨ ਦੌਲਤ ) ਆਉਣ ਦੀ ਪ੍ਰਾਰਥਨਾ ਕੀਤੀ ਜਾਂਦੀ ਹੈ । ਹਟੜੀ ਦੇ ਚੁਤਰਫ਼ੀ ਖੁੱਲੇ ਬਹਿਆਂ ਵਾਂਗ ਘਰ ਦੇ ਦਰਵਾਜ਼ੇ ਵੀ ਦੇਰ ਰਾਤ ਤੱਕ ਲਕਸ਼ਮੀ ਦੇ ਘਰ ਵਿੱਚ ਪ੍ਰਵੇਸ਼ ਕਰਨ ਦੇ ਵਿਸ਼ਵਾਸ ਵਜੋਂ ਖੁੱਲ੍ਹੇ ਰੱਖੇ ਜਾਂਦੇ ਹਨ।
ਇਸ ਦਿਨ ਦੀਵੇ ਦੀ ਕਾਲਖ ਅੱਖਾਂ ਵਿੱਚ ਪਾਉਣਾ , ਜੂਆ ਖੇਡਣਾ, ਜਾਦੂ-ਟੂਣੇ ਕਰਨੇ , ਬਲੀ ਦੇਣਾ ਆਦਿ ਵਰਗੇ ਕਰਮ-ਕਾਂਡ ਕਰਨਾ -ਇਸ ਤਿਉਹਾਰ ਦੀ ਪਵਿੱਤਰਤਾ ਤੇ ਕਾਲਾ ਧੱਬਾ ਹਨ। ਇਸ ਦੇ ਨਾਲ ਹੀ ਪਟਾਖੇ ਅਤੇ ਆਤਿਸ਼ਬਾਜ਼ੀ ਤੇ ਲੱਖਾਂ-ਕਰੋੜਾਂ ਰੁਪਿਆ ਮਿੰਟਾਂਸਕਿੰਟਾਂ ਵਿੱਚ ਅੱਗ ਦੀ ਭੇਂਟ ਚੜ੍ਹਾ ਦਿੱਤਾ ਜਾਂਦਾ ਹੈ । ਕੁੱਝ ਮਿੰਟਾਂ ਦੀ ਖੁਸ਼ੀ ਸਾਡੀ ਜਮਾਂ ਪੂੰਜੀ ਦਾ ਨੁਕਸਾਨ ਅਤੇ ਸਾਡੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੀ ਕਰਦੀ ਹੈ। ਪਟਾਖਿਆਂ ਅਤੇ ਆਤਸ਼ਬਾਜੀਆਂ ਨਾਲ ਅਸੀਂ ਕੁੱਝ ਹੀ ਪਲਾਂ ਵਿਚ ਵਾਤਾਵਰਣ , ਜਿਸ ਵਿੱਚ ਅਸੀਂ ਆਪ ਹੀ ਸਾਹ ਲੈਣਾ ਹੈ , ਨੂੰ ਕਈ ਗੁਣਾਂ ਗੰਧਲਾ ਕਰ ਦਿੰਦੇ ਹਾਂ ਅਤੇ ਸ਼ੋਰ ਪ੍ਰਦੂਸ਼ਣ ਨੂੰ ਵਧਾਉਂਦੇ ਹਾਂ। ਅੱਜ ਗਲੋਬਲ ਵਾਰਮਿੰਗ ਅਤੇ ਪ੍ਰਦੂਸ਼ਣ ਦੇ ਵਧਣ ਕਾਰਨ ਵਾਤਾਵਰਣ ਦੇ ਲਈ ਇੱਕ ਵੱਡਾ ਖ਼ਤਰਾ ਪੈਦਾ ਹੋ ਗਿਆ ਹੈ। ਇਸ ਲਈ ਵਰਤਮਾਨ ਸਮੇਂ ਦੀ ਨਜ਼ਾਕਤ ਅਤੇ ਲੋੜ ਨੂੰ ਦੇਖਦੇ ਹੋਏ ਸਾਨੂੰ ਦਿਵਾਲੀ ਨੂੰ ਪਟਾਖਿਆਂ ਆਦਿ ਦਾ ਤਿਆਗ ਕਰਕੇ ਧੂੰਆ ਰਹਿਤ ਮਨਾਉਣਾ ਚਾਹੀਦਾ ਹੈ। ਆਪਣੇ ਦੋਸਤਾਂਮਿੱਤਰਾਂ , ਸਕੇ-ਸੰਬੰਧੀਆਂ ਨੂੰ ਛਾਂਦਾਰ , ਫੁੱਲਾਂ ਤੇ ਫ਼ਲਾਂ ਵਾਲੇ ਬੂਟੇ ਤੋਹਫੇ ਵਜੋਂ ਦੇਣੇ ਚਾਹੀਦੇ ਹਨ। ਸਾਡੇ ਦੁਆਰਾ ਦਿੱਤਾ ਉਰ ਬੂਟਾ ਆਪਣੇ ਵਾਧੇ ਨਾਲ ਸਾਡੇ ਆਪਸੀ ਪਿਆਰ ਨੂੰ ਵੀ ਕਈ ਵਰਿਆਂ ਤੱਕ ਮਹਿਕਾਏਗਾ। ਇਸ ਦਿਨ ਅਸੀਂ ਰੁੱਖ ਲਗਾ ਕੇ ਦੂਸਰਿਆਂ ਨੂੰ ਸਵੱਛ ਵਾਤਾਵਰਣ ਵੀ ਤੋਹਫ਼ੇ ਵਜੋਂ ਦੇ ਸਕਦੇ ਹਾਂ। ਮਿਲਾਵਟ ਦੇ ਇਸ ਦੌਰ ਵਿਚ ਨਕਲੀ ਮਠਿਆਈਆਂ ਖਾਣ ਅਤੇ ਖਵਾਉਣ ਤੋਂ ਬਚਣ ਲਈ ਆਪਣੀ ਪਹੁੰਚ ਮੁਤਾਬਕ ਫ਼ਲਾਂ ਅਤੇ ਸੁੱਕੇ ਮੇਵਿਆਂ ਨੂੰ ਤੋਹਫ਼ੇ ਵਜੋਂ ਦਿੱਤਾ ਜਾ ਸਕਦਾ ਹੈ।ਇਸ ਤਰ੍ਹਾਂ ਅਸੀਂ ਦੂਸਰਿਆਂ ਨੂੰ ਤੰਦਰੁਸਤ ਜ਼ਿੰਦਗੀ ਤੋਹਫ਼ੇ ਵਜੋਂ ਦਿੰਦੇ ਹਾਂ। ਰਾਤ ਸਮੇਂ ਮਿੱਟੀ ਦੇ ਦੀਵੇ ਜਗਾ ਕੇ ਇਸ ਤਿਉਹਾਰ ਦੀ ਖੁਸ਼ੀ ਦੇ ਅਸਲ ਚਾਨਣ ਵਿੱਚ ਵਾਧਾ ਕਰਨਾ ਚਾਹੀਦਾ ਹੈ।
ਤਿਉਹਾਰਾਂ ਨੂੰ ਸਾਂਝੇ ਤੌਰ ਤੇ ਮਨਾਉਣ ਦਾ ਮਤਲਬ ਹੀ ਆਪਸੀ ਮੇਲ-ਮਿਲਾਪ ਅਤੇ ਪਿਆਰ ਨੂੰ ਵਧਾਉਣਾ ਹੁੰਦਾ ਹੈ। ਖ਼ੁਸ਼ੀਆਂਖੇੜਿਆਂ ਨੂੰ ਆਪਸ ਵਿੱਚ ਵੰਡਦੇ ਹੋਏ ਮਨੁੱਖੀ ਰੂਹਾਂ ਨੂੰ ਇਸ ਨਾਲ ਮਹਿਕਾਉਣਾ ਹੁੰਦਾ ਹੈ। ਇਸ ਲਈ ਕਿਉਂ ਨਾ ਅਸੀਂ ਆਪਣਿਆਂ ਅਤੇ ਆਉਣ ਵਾਲੀਆਂ ਪੀੜੀਆਂ ਦੇ ਜੀਵਨ , ਤੰਦਰੁਸਤੀ ਅਤੇ ਖੁਸ਼ੀ ਦਾ ਖ਼ਿਆਲ ਕਰਦੇ ਹੋਏ ਇੱਕ ਸਵੱਛ , ਪ੍ਰਦੂਸ਼ਣ ਰਹਿਤ, ਸਾਦਗੀ ਅਤੇ ਖੁਸ਼ੀਆਂ ਭਰਪੂਰ ਵਾਤਾਵਰਣ ਸਿਰਜ ਕੇ ਉਹਨਾਂ ਨੂੰ ਇਸ ਤਿਉਹਾਰ ਮੌਕੇ ਇੱਕ ਸਦੀਵੀ ਅਤੇ ਵਡਮੁੱਲਾ ਤੋਹਫ਼ਾ ਦੇਈਏ।
ਇਸ ਤਿਉਹਾਰ ਦੀ ਧਾਰਮਿਕ ਮਹਾਨਤਾ ਨੂੰ ਕਾਇਮ ਰੱਖਦੇ ਹੋਏ ਆਪਣੇ ਇਸ਼ਟਾਂ ਦੀ ਚਰਨ-ਛੋਹ ਪ੍ਰਾਪਤ ਇਸ ਧਰਤੀ ਅਤੇ ਇਸ ਦੇ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਦੂਰ ਰੱਖਣਾ ਹੀ ਉਹਨਾਂ ਦੀ ਅਸਲੀ ਪੂਜਾ-ਅਰਾਧਨਾ ਹੋਵੇਗੀ। ਉਹਨਾਂ ਦੇ ਸੁਪਨਿਆਂ ਦੇ ਭਾਰਤ ਨੂੰ ਜਿਉਂਦਾ ਰੱਖਣਾ ਹੀ ਇਸ ਤਿਉਹਾਰ ਤੇ ਉਹਨਾਂ ਵੱਲ ਸਾਡੀ ਅਸਲੀ ਭੇਂਟ ਹੋਵੇਗੀ।
0 Comments