ਅੱਖੀਂ ਡਿੱਠਾ ਮੇਲਾ
Ankhon Dekha Mela
ਭੂਮਿਕਾ
ਮੇਲੇ ਵੇਖਣ ਦਾ ਮੈਨੂੰ ਬਹੁਤ ਸ਼ੌਕ ਹੈ। ਸਾਡੇ ਪਿੰਡ ਦੇ ਨੇੜੇ-ਨੇੜੇ ਸਾਲ ਵਿੱਚ ਕਈ ਮੇਲੇ ਲੱਗਦੇ ਹਨ। ਇਹਨਾਂ ਸਾਰਿਆਂ ਨੂੰ ਵੇਖਣ ਦਾ ਬੜਾ ਚਾਅ ਹੁੰਦਾ ਹੈ ਪਰ ਦਸਹਿਰੇ ਦਾ ਮੇਲਾ ਇਹਨਾਂ ਸਾਰਿਆਂ ਵਿਚੋਂ ਵੱਡਾ ਹੁੰਦਾ ਹੈ। ਮੈਨੂੰ ਇਸ ਦੀ ਸਭ ਤੋਂ ਵੱਧ ਖਿੱਚ ਹੁੰਦੀ ਹੈ। ਇਸ ਵਾਰੀ ਮੇਲੇ ਦੀ ਯਾਦ ਮੇਰੇ ਮਨ ਵਿੱਚ ਹੁਣ ਤੱਕ ਤਾਜ਼ਾ ਹੈ।
ਮੇਲੇ ਦੀ ਆਮਦ
ਅਸੀਂ ਇਸ ਮੇਲੇ ਦੀ ਕਾਫ਼ੀ ਸਮੇਂ ਤੋਂ ਉਡੀਕ ਕਰ ਰਹੇ ਸੀ। ਉਂਝ ਤਾਂ ਇਸ ਮੇਲੇ ਦਾ ਅਰੰਭ ਇੱਕ ਤਰ੍ਹਾਂ ਨਾਲ ਰਾਮ-ਲੀਲ੍ਹਾ ਨਾਲ਼ ਹੀ ਹੋ ਗਿਆ ਸੀ। ਹਰ ਰੋਜ਼ ਸ਼ਾਮ ਨੂੰ ਖੂਬ ਰੌਣਕ ਹੁੰਦੀ ਹੈ। ਫਿਰ ਵੀ ਦੁਸਹਿਰੇ ਦੇ ਦਿਨ ਦੀ ਆਪਣੀ ਹੀ ਖਿੱਚ ਸੀ। ਘਰ ਵਿੱਚ ਉੱਗਦੇ ਜੋਂ ਸਾਨੂੰ ਆਉਣ ਵਾਲੇ ਮੇਲੇ ਦੀ ਯਾਦ ਦਿਵਾਉਂਦੇ। ਮੈਂ ਤੇ ਮੇਰੀ ਭੈਣ ਨੇ ਘਰਦਿਆਂ ਤੋਂ ਭਾਨ ਲੈ ਕੇ ਮੇਲੇ ਲਈ ਕਾਫ਼ੀ ਪੈਸੇ ਇਕੱਠੇ ਲਏ ਸਨ। ਸਕੂਲ ਵਿੱਚ ਅਤੇ ਘਰ ਵਿੱਚ ਅਸੀਂ ਰਾਮ-ਲੀਲ੍ਹਾ ਦੀਆਂ ਝਾਕੀਆਂ ਖੇਡਦੇ ਜਾਂ ਉਹਨਾਂ ਪਾਤਰਾਂ ਦੇ ਵਾਰਤਾਲਾਪ ਦੀਆਂ ਨਕਲਾਂ ਲਾਹੁੰਦੇ। ਇੰਝ ਪਤਾ ਹੀ ਨਾ ਲੱਗਾ ਕਿ ਮੇਲੇ ਦਾ ਦਿਨ ਕਦੋਂ ਆ ਗਿਆ।
ਘਰ ਵਿੱਚ ਖਾਣ
ਪੀਣ ਦੀਆਂ ਚੀਜ਼ਾਂ ਤਿਆਰ ਕਰਨਾ - ਸਵੇਰੇ ਘਰ ਵਿੱਚ ਦਸਹਿਰੇ ਦੇ ਤਿਉਹਾਰ ਦੀਆਂ ਰਸਮਾਂ ਲਈ ਕਈ ਤਰ੍ਹਾਂ ਦੀਆਂ ਖਾਣ ਵਾਲੀਆਂ ਚੀਜ਼ਾਂ ਬਣਾਈਆਂ ਗਈਆਂ। ਰਸੋਈ ਵੱਲੋਂ ਵੱਖ-ਵੱਖ ਤਰ੍ਹਾਂ ਦੀ ਖੁਸ਼ਬੋ ਦੀਆਂ ਲਪਟਾਂ ਦੱਸ ਰਹੀਆਂ ਸਨ ਕਿ ਅੱਜ ਦਸਹਿਰਾ ਹੈ। ਦੁਪਹਿਰ ਤੱਕ ਅਸੀਂ ਘਰ ਵਿੱਚ ਬਣੀਆਂ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਕਈ ਵਾਰੀ ਖਾਧੀਆਂ ਅਤੇ ਵਿੱਚ-ਵਿਚਾਲੇ ਮੇਲੇ ਵਾਲੇ | ਮੈਦਾਨ ਵਿੱਚ ਵੀ ਚੱਕਰ ਲਾਉਂਦੇ ਰਹੇ। ਉੱਥੇ ਸਵੇਰ ਤੋਂ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਵੱਡੇ-ਵੱਡੇ ਪੁਤਲੇ ਖੜ੍ਹੇ ਕੀਤੇ ਜਾ ਰਹੇ
ਸਨ।
ਮੇਲੇ ਵਾਲੀ ਥਾਂ 'ਤੇ ਪਹੁੰਚਣਾ
ਦੁਪਹਿਰ ਪਿੱਛੋਂ ਅਸੀਂ ਮੇਲੇ ਵੱਲ ਚੱਲ ਪਏ। ਗਲੀਆਂ-ਬਜ਼ਾਰਾਂ ਵਿੱਚ ਮੇਲੇ ਨੂੰ ਜਾਂਦੇ ਲੋਕਾਂ ਦੀ ਭੀੜ ਸੀ। ਮੇਲੇ ਵਾਲੀ ਥਾਂ ਇੱਕ ਵੱਖਰਾ ਹੀ ਸੰਸਾਰ ਵੱਸਿਆ ਹੋਇਆ ਸੀ। ਪਿੰਡਾਂ ਵੱਲੋਂ ਵੀ ਹਰ ਉਮਰ ਦੇ ਲੋਕੀ ਰੰਗ-ਬਰੰਗੇ ਕੱਪੜਿਆਂ ਨਾਲ | ਸਜੇ ਚਾਈਂ-ਚਾਈਂ ਮੇਲੇ ਵੱਲ ਆ ਰਹੇ ਸਨ। ਦੁਕਾਨਾਂ ਨਾਲ਼ ਸਜੇ ਬਜ਼ਾਰ ਅਤੇ ਵੇਖਣ ਆਏ ਲੋਕ ਭਾਈਚਾਰਕ ਏਕੇ ਨੂੰ ਪ੍ਰਗਟਾ ਰਹੇ
ਸਨ।
ਮੇਲੇ ਦਾ ਦ੍ਰਿਸ਼
ਮੇਲੇ ਵਿੱਚ ਵੜਦਿਆਂ ਹੀ ਅਸੀਂ ਆਪਾ ਭੁੱਲ ਗਏ। ਚੁਫੇਰੇ ਸੈਂਕੜੇ ਹੀ ਚੀਜ਼ਾਂ ਸਾਡਾ ਧਿਆਨ ਮੱਲੋ-ਮੱਲੀ ਖਿੱਚ ਰਹੀਆਂ ਸਨ-ਖ਼ੁਸ਼ੀ ਵਿੱਚ ਖੀਵੀ ਹੋਈ ਗਹਿਮਾ-ਗਹਿਮ ਭੀੜ, ਛੋਟੀਆਂ-ਵੱਡੀਆਂ ਦੁਕਾਨਾਂ ਉੱਤੇ ਸਜੀਆਂ ਚੀਜ਼ਾਂ, ਚੰਡੋਲਾਂ ਉੱਤੇ ਖੁਸ਼ੀ ਵਿੱਚ ਕਿਲਕਾਰੀਆਂ ਮਾਰਦੇ ਝੂਟੇ ਲੈਂਦੇ ਬੱਚੇ, ਭੁਕਾਨਿਆਂ , ਪੀਪਣੀਆਂ , ਵਾਜਿਆਂ ਆਦਿ ਦਾ ਸ਼ੋਰ ਅਤੇ ਮੇਲੇ ਦੇ ਵਿਚਕਾਰ ਉੱਚੇ ਦਿਸਦੇ ਰਾਵਣ ਤੇ ਉਸ ਦੇ ਸਾਥੀਆਂ ਦੇ ਰੰਗ-ਬਰੰਗੇ ਪੁਤਲੇ।
ਮੇਲੇ ਵਿੱਚ ਅਨੰਦ ਮਾਣਨਾ
ਅਸੀਂ ਇੱਕ ਦੂਜੇ ਦੇ ਹੱਥਾਂ ਨੂੰ ਕੰਘੀ ਪਾ ਕੇ ਮੇਲੇ ਦੇ ਇੱਕ ਪਾਸਿਓਂ ਤੁਰਦੇ-ਤੁਰਦੇ ਦੂਜੇ ਪਾਸੇ ਤੱਕ ਗਏ। ਮਨ ਨਹੀਂ ਸੀ ਰੱਜਦਾ। ਮੁੜ-ਮੁੜ ਮੇਲੇ ਵਿੱਚ ਘੁੰਮਣ, ਕਦੇ ਲੋਕਾਂ ਨੂੰ ਅਤੇ ਕਦੇ ਵਿਕਣ ਵਾਲੀਆਂ ਚੀਜ਼ਾਂ ਨੂੰ ਵੇਖਣ ਨੂੰ ਜੀਅ ਕਰਦਾ ਸੀ। ਕੋਲ਼ ਜਿੰਨੇ ਪੈਸੇ ਸਨ, ਅਸੀਂ ਖਾਣ ਵਾਲੀਆਂ ਚੀਜ਼ਾਂ 'ਤੇ ਹੀ ਖ਼ਰਚ ਕਰ ਦਿੱਤੇ। ਸਾਡੇ ਕੋਲ ਹੋਰ ਪੈਸੇ ਹੁੰਦੇ ਤਾਂ ਅਸੀਂ ਉਹ ਵੀ ਖ਼ਰਚ ਦਿੰਦੇ। ਇਹ ਮੇਲਾ ਸੀ, ਇੱਥੇ ਆਪਣੇ ਆਪ ਦੀ ਸੁੱਧ ਤਾਂ ਰਹਿੰਦੀ ਹੀ ਨਹੀਂ। ਵੱਡੀ ਉਮਰ ਦੇ ਲੋਕ ਆਪਣੇ ਬੱਚਿਆਂ ਲਈ ਨਿੱਕੀਆਂਨਿੱਕੀਆਂ ਚੀਜ਼ਾਂ ਖ਼ਰੀਦ ਰਹੇ ਸਨ। ਚੂੜੀਆਂ ਅਤੇ ਹੋਰ ਘਰੇਲੂ ਵਸਤਾਂ ਦੀਆਂ ਦੁਕਾਨਾਂ ਉੱਤੇ ਇਸਤਰੀਆਂ ਦੀ ਭੀੜ ਸੀ। ਸਾਰਾ ਮੇਲਾ ਇੱਕ ਸੀ ਪਰ ਤਾਂ ਵੀ ਵੱਖ-ਵੱਖ ਥਾਂਵਾਂ 'ਤੇ ਘੇਰਿਆਂ ਵਿੱਚ ਲੋਕਾਂ ਦੀ ਭੀੜ ਲੱਗੀ ਹੋਈ ਸੀ। ਕੁਝ ਪਰ੍ਹਾਂ, ਖਿਡਾਰੀ ਖੇਡ ਵਿਖਾ ਰਹੇ ਸਨ ਅਤੇ ਖੇਡ-ਪ੍ਰੇਮੀ ਉਹਨਾਂ ਦੁਆਲੇ ਜੁੜੇ ਹੋਏ ਸਨ। ਕੁਝ ਉਨ੍ਹਾਂ ਇੱਕ ਮਦਾਰੀ ਆਪਣੇ ਤਮਾਸ਼ੇ ਨਾਲ਼ ਭੀੜ ਨੂੰ ਕੀਲੀ ਖੜ੍ਹਾ ਸੀ। ਹਰ ਉਮਰ ਦੇ ਲੋਕ ਉਸ ਦੀ ਹਰ ਖੇਡ ਦਾ ਅਨੰਦ ਮਾਣ ਰਹੇ ਸਨ। ਇੱਕ ਵੈਦ ਜਿਹਾ ਆਦਮੀ ਟੋਟਕੇ ਦੱਸ-ਹੱਸ ਕੇ ਆਪਣੀਆਂ ਦਵਾਈਆਂ | ਵੇਚ ਰਿਹਾ ਸੀ। ਗੱਲ ਕੀ, ਹਰ ਵੇਖਣ ਵਾਲਾ ਅਤੇ ਖ਼ਰੀਦਣ ਵਾਲਾ, ਮੇਲੇ ਦਾ ਅੰਗ ਸੀ।
ਪੁਤਲਿਆਂ ਨੂੰ ਅੱਗ ਲਾਉਣਾ
ਸ਼ਾਮ ਹੋ ਗਈ ਸੀ। ਸਭ ਦਾ ਧਿਆਨ ਪੁਤਲਿਆਂ ਦੇ ਸਾੜੇ ਜਾਣ ਵੱਲ ਮੁੜ ਰਿਹਾ ਸੀ। ਵੇਖਦਿਆਂ ਹੀ ਰਾਮ, ਲਛਮਣ ਅਤੇ ਹਨੂਮਾਨ ਬਣੇ ਕਲਾਕਾਰ ਨੱਚਦੇ-ਟੱਪਦੇ ਪੁਤਲਿਆਂ ਕੋਲ ਪਹੁੰਚ ਗਏ। ਉਹ ਉੱਚੀ-ਉੱਚੀ ਵਾਰਤਾਲਾਪ ਕਰ ਰਹੇ ਸਨ ਜੋ ਸਾਨੂੰ ਸੁਣਾਈ ਨਹੀਂ ਸੀ ਦਿੰਦੇ। ਕੁਝ ਸਮੇਂ ਪਿੱਛੋਂ ਪੁਤਲਿਆਂ ਨੂੰ ਅੱਗ ਲਾਈ ਗਈ। ਉਹਨਾਂ ਵਿੱਚ ਰੱਖੇ ਪਟਾਕਿਆਂ ਦੇ ਫਟਣ ਦੀਆਂ ਅਵਾਜ਼ਾਂ ਲਗਾਤਾਰ ਆਉਣ ਲੱਗੀਆਂ ਅਤੇ ਨਾਲ਼ ਹੀ ਭੀੜ ਦਾ ਸ਼ੋਰ ਉੱਚਾ ਹੋਇਆ।
ਘਰ ਨੂੰ ਵਾਪਸੀ
ਇਸ ਤੋਂ ਪਿੱਛੋਂ ਲੋਕ ਆਪੋ-ਆਪਣੇ ਘਰਾਂ ਨੂੰ ਜਾਣ ਲੱਗ ਪਏ। ਮੈਦਾਨ ਤੋਂ ਨਿਕਲਨ ਵਾਲ਼ੇ ਰਾਹਾਂ ਉੱਤੇ ਲੋਕਾਂ ਦਾ ਹੜ੍ਹ ਵਗਣ ਲੱਗ ਪਿਆ। ਮੈਂ ਤੇ ਮੇਰੀ ਭੈਣ ਗੁਆਚ ਜਾਣ ਦੇ ਡਰੋਂ ਬੜੀ ਸਾਵਧਾਨੀ ਨਾਲ਼ ਇੱਕ ਦੂਜੇ ਦਾ ਹੱਥ ਫੜੀ ਘਰ ਨੂੰ ਮੁੜ ਪਏ। | ਕੁਝ ਲੋਕਾਂ ਨੇ ਮੇਲੇ ਤੋਂ ਖ਼ਰੀਦੀਆਂ ਚੀਜ਼ਾਂ ਹੱਥਾਂ ਵਿੱਚ ਚੁੱਕੀਆਂ ਹੋਈਆਂ ਸਨ। ਸਾਡੇ ਹੱਥ ਖ਼ਾਲੀ ਸਨ, ਪਰ ਸਾਡਾ ਮਨ ਮੇਲੇ ਦੇ ਸੁਆਦ ਨਾਲ ਭਰਿਆ ਹੋਇਆ ਸੀ। ਘਰ ਆ ਕੇ ਕਿੰਨੀ ਦੇਰ ਅਸੀਂ ਇੱਕ-ਦੂਜੇ ਤੋਂ ਕਾਹਲੇ, ਮੇਲੇ ਦੀਆਂ ਗੱਲਾਂ ਘਰਦਿਆਂ ਨੂੰ ਦੱਸਦੇ ਰਹੇ।
0 Comments