Punjabi Essay on "Shaheed Bhagat Singh", "ਸ਼ਹੀਦ ਭਗਤ ਸਿੰਘ" Punjabi Paragraph-Lekh-Speech for Class 8, 9, 10, 11, 12 Students.

ਸ਼ਹੀਦ ਭਗਤ ਸਿੰਘ 
Shaheed Bhagat Singh


ਲੇਖ ਨੰਬਰ:- ੦੧  


ਰੂਪ-ਰੇਖਾ (Outline)


ਭੂਮਿਕਾ, ਜਨਮ, ਵਿੱਦਿਆ ਪ੍ਰਾਪਤੀ, ਇਨਕਲਾਬੀ ਸਰਗਰਮੀਆਂ, ਸਾਈਮਨ ਕਮਿਸ਼ਨ ਦਾ ਵਿਰੋਧ, ਸਾਂਡਰਸ ਦਾ ਕਤਲ, ਦਿੱਲੀ ਦੀ ਅਸੈਂਬਲੀ ਵਿੱਚ ਬੰਬ ਸੁੱਟਣੇ, ਕਤਲ ਦਾ ਮੁਕੱਦਮਾ, ਫ਼ਾਂਸੀ ਦੇਣੀ, ਸਾਰੰਸ਼।

ਭੂਮਿਕਾ (Introduction)


ਭਾਰਤ ਦੇ ਅਜ਼ਾਦੀ ਸੰਗਰਾਮ ਵਿੱਚ ਸ਼ਹੀਦ ਭਗਤ ਸਿੰਘ ਦੀ ਦੇਣ ਅਦੁੱਤੀ ਹੈ। ਭਗਤ ਸਿੰਘ ਨੇ ਆਪਣੇ ਬਹਾਦਰੀ ਭਰੇ ਕਾਰਨਾਮਿਆਂ ਨਾਲ ਅੰਗਰੇਜ਼ ਹਾਕਮਾਂ ਵਿੱਚ ਤਰਥੱਲੀ ਮਚਾ ਦਿੱਤੀ ਸੀ। ਭਗਤ ਸਿੰਘ ਦੀ ਸ਼ਹਾਦਤ ਨੇ ਅੰਗਰੇਜ਼ ਸਾਮਰਾਜ ਦੀਆਂ ਨੀਂਹਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਭਗਤ ਸਿੰਘ ਦੀ ਸ਼ਹਾਦਤ ਅਤੇ ਉਨ੍ਹਾਂ ਦੀਆਂ ਰਚਨਾਵਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਆਪਣੀ ਵਿਲੱਖਣ ਸ਼ਖ਼ਸੀਅਤ ਸਦਕਾ ਭਗਤ ਸਿੰਘ ਅੱਜ ਵੀ ਅਣਖੀਲੇ ਨੌਜਵਾਨਾਂ ਦਾ ਆਦਰਸ਼ ਹੈ।

ਜਨਮ (Birth)


ਸ਼ਹੀਦ ਭਗਤ ਸਿੰਘ ਦਾ ਜਨਮ 28 ਸਤੰਬਰ, 1907 ਈ: ਨੂੰ ਚੱਕ ਨੰ: 105 ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਵਿਖੇ ਪਿਤਾ ਸਰਦਾਰ ਕਿਸ਼ਨ ਸਿੰਘ ਤੇ ਮਾਤਾ ਵਿੱਦਿਆਵਤੀ ਦੇ ਘਰ ਹੋਇਆ। ਉਨ੍ਹਾਂ ਦਾ ਜੱਦੀ ਪਿੰਡ ਖਟਕੜ ਕਲਾਂ (ਜ਼ਿਲ੍ਹਾ ਨਵਾਂਸ਼ਹਿਰ) ਵਿੱਚ ਹੈ।ਜ਼ਿਲ੍ਹਾ ਨਵਾਂਸ਼ਹਿਰ ਦਾ ਅਜੋਕਾ ਨਾਂ ਸ਼ਹੀਦ ਭਗਤ ਸਿੰਘ ਨਗਰ ਹੈ। ਉਨ੍ਹਾਂ ਦੇ ਪਿਤਾ ਜੀ ਇੱਕ ਦੇਸ ਭਗਤ ਸਨ ਅਤੇ ਚਾਚਾ ਅਜੀਤ ਸਿੰਘ ਨੇ ਦੇਸ ਦੀ ਅਜ਼ਾਦੀ ਦੀ ਲਹਿਰ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਸੀ। ਇਸ ਤਰ੍ਹਾਂ ਭਗਤ ਸਿੰਘ ਨੂੰ ਦੇਸ ਭਗਤੀ ਦੀ ਗੁੜ੍ਹਤੀ ਵਿਰਸੇ ਵਿੱਚੋਂ ਹੀ ਮਿਲੀ ਸੀ। ਭਗਤ ਸਿੰਘ ਦੇ ਜਨਮ ਸਮੇਂ ਹੀ ਉਨ੍ਹਾਂ ਦੇ ਪਿਤਾ ਜੀ ਨੇਪਾਲ ਵਿੱਚ ਅਤੇ ਚਾਚਾ ਅਜੀਤ ਸਿੰਘ ਮਾਂਡਲੇ ਵਿੱਚ ਨਜ਼ਰਬੰਦ ਸਨ। ਆਪ ਦੇ ਜਨਮ ਤੋਂ ਥੋੜ੍ਹੇ ਦਿਨ ਮਗਰੋਂ ਹੀ ਉਨ੍ਹਾਂ ਦੇ ਪਿਤਾ ਜੀ ਤੇ ਚਾਚਾ ਜੀ ਰਿਹਾਅ ਹੋ ਕੇ ਘਰ ਆ ਗਏ, ਇਸੇ ਕਾਰਨ ਇਸ ਬਾਲਕ ਨੂੰ ਭਾਗਾਂ ਵਾਲਾ ਸਮਝਦਿਆਂ ਉਸ ਦਾ ਨਾਂ ਭਗਤ ਸਿੰਘ ਰੱਖਿਆ ਗਿਆ।

ਵਿੱਦਿਆ ਪ੍ਰਾਪਤੀ (Educational attainment)


ਭਗਤ ਸਿੰਘ ਨੇ ਆਪਣੀ ਮੁਢਲੀ ਪੜ੍ਹਾਈ ਪਿੰਡ ਬੰਗਾ ਅਤੇ ਖਟਕੜ ਕਲਾਂ ਤੋਂ ਪ੍ਰਾਪਤ ਕੀਤੀ। ਇਸ ਮਗਰੋਂ ਉਹ ਉਚੇਰੀ ਪੜ੍ਹਾਈ ਕਰਨ ਲਈ ਲਾਹੌਰ ਚਲੇ ਗਏ। ਇੱਥੇ ਉਨ੍ਹਾਂ ਡੀ.ਏ.ਵੀ. ਹਾਈ ਸਕੂਲ, ਡੀ. ਏ. ਵੀ. ਕਾਲਜ ਅਤੇ ਫਿਰ ਨੈਸ਼ਨਲ ਕਾਲਜ ਵਿੱਚੋਂ ਵਿੱਦਿਆ ਪ੍ਰਾਪਤ ਕੀਤੀ। ਇੱਥੇ ਕਾਲਜ ਦੇ ਪ੍ਰਿੰਸੀਪਲ ਤੇ ਇਨਕਲਾਬੀ ਲੇਖਕ ਛਬੀਲ ਦਾਸ ਦੀਆਂ ਲਿਖਤਾ ਤੇ ਭਾਸ਼ਣਾਂ ਦਾ ਭਗਤ ਸਿੰਘ ਉੱਪਰ ਬਹੁਤ ਪ੍ਰਭਾਵ ਪਿਆ। ਇੱਥੇ ਹੀ ਉਨ੍ਹਾਂ ਨੂੰ ਦੇਸ ਦੀ ਗ਼ੁਲਾਮੀ ਦਾ ਅਹਿਸਾਸ ਹੋਇਆ। ਇੱਥੇ ਹੀ ਉਹ ਕਈ ਇਨਕਲਾਬੀਆਂ ਦੇ ਸੰਪਰਕ ਵਿੱਚ ਆਏ।

ਇਨਕਲਾਬੀ ਸਰਗਰਮੀਆਂ (Revolutionary activities)

ਪਹਿਲਾਂ ਪਰਿਵਾਰ ਵਿਚਲੇ ਦੇਸ ਭਗਤੀ ਦੇ ਪ੍ਰਭਾਵ ਤੇ ਫਿਰ ਲਾਹੌਰ ਵਿੱਚ ਕ੍ਰਾਂਤੀਕਾਰੀਆਂ ਨਾਲ ਹੋਏ ਮੇਲ ਮਗਰੋਂ ਭਗਤ ਸਿੰਘ ਨੇ ਅਜ਼ਾਦੀ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਆਪਣੀ ਪੜ੍ਹਾਈ ਵਿੱਚੇ ਹੀ ਛੱਡ ਦਿੱਤੀ ਤੇ ਉਹ ਪੂਰੀ ਤਰ੍ਹਾਂ ਨਾਲ ਅਜ਼ਾਦੀ ਦੇ ਸੰਘਰਸ਼ ਵਿੱਚ ਸ਼ਾਮਲ ਹੋ ਗਏ।ਉਹ 1920 ਈ: ਵਿੱਚ ਮਹਾਤਮਾ ਗਾਂਧੀ ਜੀ ਵੱਲੋਂ ਚਲਾਈ ਨਾ- ਮਿਲਵਰਤਨ ਲਹਿਰ ਵਿੱਚ ਵੀ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਏ ਸਨ। 1924 ਈ: ਵਿੱਚ ਆਪ ਨੇ ਸੁਖਦੇਵ, ਭਗਵਤੀ ਚਰਨ, ਅਤੇ ਧਨਵੰਤਰੀ ਆਦਿ ਨੌਜਵਾਨਾਂ ਨਾਲ ਮਿਲ ਕੇ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ। ਇਸੇ ਦੌਰਾਨ ਉਨ੍ਹਾਂ ਨੇ ਬ੍ਰੈਡਲਾ ਹਾਲ ਵਿੱਚ ਸ਼ਹੀਦ ਕਰਤਾਰ ਸਿੰਘ ਦੀ ਬਰਸੀ ਮਨਾਈ। ਇਸ ਸਮੇਂ ਬਹੁਤ ਸਾਰੇ ਨੌਜਵਾਨ ਭਾਰਤ ਸਭਾ ਵਿੱਚ ਸ਼ਾਮਲ ਹੋ ਗਏ ਸਨ।

ਉਨ੍ਹਾਂ ਦਿਨਾਂ ਵਿੱਚ ਹੀ ਜਦੋਂ ਉੱਤਰ ਪ੍ਰਦੇਸ਼ ਦੇ ਇਨਕਲਾਬੀ “ਕਾਕੋਰੀ ਕੇਸ ਵਿੱਚ ਫੜੇ ਗਏ ਤਾਂ ਇੱਧਰ ਭਗਤ ਸਿੰਘ ਨੂੰ ਵੀ ਸ਼ੱਕ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਥੋੜ੍ਹੇ ਦਿਨਾਂ ਮਗਰੋਂ ਛੱਡ ਦਿੱਤਾ ਗਿਆ। ਇਸ ਦੌਰਾਨ ਭਗਤ ਸਿੰਘ ਨੇ ਦੇਸ ਭਰ ਦੇ ਇਨਕਲਾਬੀਆਂ ਨੂੰ ਇਕੱਠਿਆਂ ਕਰਨ ਲਈ ਉੱਤਰੀ ਅਤੇ ਪੂਰਬੀ ਭਾਰਤ ਦਾ ਦੌਰਾ ਕੀਤਾ। ਉਨ੍ਹਾਂ ਨੇ ਹਿੰਦੁਸਤਾਨ ਸੋਸ਼ਲਿਸਟ ਰੀਪਬਲਿਕ ਐਸੋਸੀਏਸ਼ਨ, 'ਹਿੰਦੁਸਤਾਨ ਰੀਪਬਲਿਕ ਆਰਮੀ' ਅਤੇ ਚੰਦਰ ਸ਼ੇਖਰ ਅਜ਼ਾਦ ਵਰਗੇ ਇਨਕਲਾਬੀਆਂ ਨਾਲ ਸੰਬੰਧ ਸਥਾਪਤ ਕੀਤੇ। ਭਗਤ ਸਿੰਘ ਨੇ ਦੇਸ ਨੂੰ ਹਰ ਕੀਮਤ 'ਤੇ ਅਜ਼ਾਦ ਕਰਵਾਉਣ ਲਈ ਖੁੱਲ੍ਹੇ-ਆਮ ਸੰਘਰਸ਼ ਕੀਤਾ ਤੇ ਇਸ ਦਾ ਪ੍ਰਚਾਰ ਵੀ ਕੀਤਾ।

ਸਾਈਮਨ ਕਮਿਸ਼ਨ ਦਾ ਵਿਰੋਧ (Opposition to the Simon Commission)

ਅੰਗਰੇਜ਼ ਸਰਕਾਰ ਭਾਰਤੀਆਂ ਉੱਪਰ ਨਿਰੰਤਰ ਅੱਤਿਆਚਾਰ ਕਰ ਰਹੀ ਸੀ। ਜਦੋਂ 1928 ਈ. ਨੂੰ ਸਾਈਮਨ ਕਮਿਸ਼ਨ ਭਾਰਤ ਆਇਆ ਤਾਂ ਦੇਸ ਭਰ ਵਿੱਚ ਇਸ ਕਮਿਸ਼ਨ ਦੇ ਬਾਈਕਾਟ ਦੀ ਲਹਿਰ ਚੱਲ ਰਹੀ ਸੀ। ਇਸ ਅੰਦੋਲਨ ਦੀ ਅਗਵਾਈ ਕਰਨ ਸਮੇਂ ਲਾਲਾ ਲਾਜਪਤ ਰਾਏ, ਬਾਬਾ ਖੜਕ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਉੱਪਰ ਪੁਲਿਸ ਨੇ ਲਾਠੀਆਂ ਦਾ ਮੀਂਹ ਵਰ੍ਹਾ ਦਿੱਤਾ। ਇਸੇ ਸਮੇਂ ਲਾਲਾ ਲਾਜਪਤ ਰਾਏ ਜੀ ਲਾਠੀ ਵੱਜਣ ਨਾਲ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਤੇ 17 ਨਵੰਬਰ, 1929 ਨੂੰ ਉਨ੍ਹਾਂ ਦੀ ਮੌਤ ਹੋ ਗਈ।

ਸਾਂਡਰਸ ਦਾ ਕਤਲ (Saunders' murder)

ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਲਾਲਾ ਲਾਜਪਤ ਰਾਏ ਜੀ ਦੀ ਸ਼ਹੀਦੀ ਦਾ ਬਦਲਾ ਲੈਣ ਲਈ ਪੰਜਾਬ ਦੇ ਗੋਰੇ ਪੁਲਿਸ ਅਫ਼ਸਰ ਸਕਾਟ ਨੂੰ ਕਤਲ ਕਰਨ ਦੀ ਯੋਜਨਾ ਬਣਾਈ। ਇਸੇ ਯੋਜਨਾ ਨੂੰ ਨੇਪਰੇ ਚਾੜ੍ਹਨ ਸਮੇਂ ਸਕਾਟ ਦੀ ਥਾਂ ਸਾਂਡਰਸ ਮਾਰਿਆ ਗਿਆ।ਭਗਤ ਸਿੰਘ, ਰਾਜਗੁਰੂ ਤੇ ਚੰਦਰ ਸ਼ੇਖ਼ਰ, ਰੂਪੋਸ਼ ਹੋ ਕੇ ਪੰਜਾਬ ਤੋਂ ਬਾਹਰ ਚਲੇ ਗਏ। ਇਸੇ ਦੌਰਾਨ ਭਗਤ ਸਿੰਘ ਕੁਝ ਮਹੀਨੇ ਕਲਕੱਤੇ ਵਿੱਚ ਰਹੇ। ਇਸ ਘਟਨਾ ਨਾਲ ਅੰਗਰੇਜ਼ਾਂ ਵਿੱਚ ਹਾਹਾਕਾਰ ਮੱਚ ਗਈ ਸੀ ਤੇ ਪੁਲਿਸ ਕ੍ਰਾਂਤੀਕਾਰੀਆਂ ਦੀ ਪੂਰੇ ਜ਼ੋਰਾਂ-ਸ਼ੋਰਾਂ ਨਾਲ ਭਾਲ ਕਰ ਰਹੀ ਸੀ।

ਦਿੱਲੀ ਦੀ ਅਸੈਂਬਲੀ ਵਿੱਚ ਬੰਬ ਸੁੱਟਣੇ (Throwing bombs in the assembly of Delhi)

ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀ ਦੇਸ ਨੂੰ ਜਲਦੀ ਅਜ਼ਾਦ ਕਰਵਾਉਣ ਲਈ ਬਹੁਤ ਸਰਗਰਮ ਸਨ। ਇਸ ਲਈ ਉਨ੍ਹਾਂ ਦੀਆਂ ਅਨੇਕਾਂ ਜੱਥੇਬੰਦੀਆਂ ਕੰਮ ਕਰ ਰਹੀਆਂ ਸਨ। ਦਿੱਲੀ ਦੀ ਅਸੈਂਬਲੀ ਵਿੱਚ 8 ਅਪਰੈਲ, 1929 ਈ: ਨੂੰ ਵਾਇਸਰਾਏ ਨੇ ਆਪਣੇ ਵਿਸ਼ੇਸ਼ ਅਧਿਕਾਰਾਂ ਦੀ ਵਰਤੋਂ ਕਰਦਿਆਂ ਦੋ ਜਨ-ਵਿਰੋਧੀ ਬਿੱਲ ਪਾਸ ਕਰਵਾਉਣੇ ਸਨ। ਭਗਤ ਸਿੰਘ ਨੇ ਆਪਣੇ ਸਾਥੀ ਬੀ.ਕੇ. ਦੱਤ ਨਾਲ ਮਿਲ ਕੇ ਅਸੈਂਬਲੀ ਵਿੱਚ ਕੇਵਲ ਧਮਾਕੇ ਵਾਲੇ ਦੋ ਬੰਬ ਸੁੱਟੇ। ਇਸ ਨਾਲ ਸਾਰੀ ਅਸੈਂਬਲੀ ਵਿੱਚ ਭਗਦੜ ਮੱਚ ਗਈ। ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀ ਨੇ 'ਇਨਕਲਾਬ ਜ਼ਿੰਦਾਬਾਦ' ਦੇ ਨਾਅਰੇ ਲਾਉਂਦੇ ਹੋਏ ਇਸ਼ਤਿਹਾਰ ਵੀ ਸੁੱਟੇ ਜਿਨ੍ਹਾਂ ਵਿੱਚ ਲਿਖਿਆ ਸੀ ਕਿ ਇਹ ਬੰਬ ਕਿਸੇ ਨੂੰ ਮਾਰਨ ਲਈ ਨਹੀਂ ਚਲਾਏ ਗਏ ਬਲਕਿ ਵਿਦੇਸੀ ਅੰਗਰੇਜ਼ ਸਰਕਾਰ ਦੇ ਕੰਨ ਖੋਲ੍ਹਣ ਲਈ ਸੁੱਟੇ ਗਏ ਹਨ। ਇਸੇ ਸਮੇਂ ਭਗਤ ਸਿੰਘ ਤੇ ਬੀ.ਕੇ. ਦੱਤ ਨਿਡਰਤਾ ਸਹਿਤ ਖੜ੍ਹੇ ਰਹੇ ਤੇ ਅਖ਼ੀਰ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਮਗਰੋਂ ਭਗਤ ਸਿੰਘ ਦੇ ਸਾਥੀ ਸੁਖਦੇਵ, ਰਾਜਗੁਰੂ ਅਤੇ ਕਿਸ਼ੋਰੀ ਲਾਲ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ।

ਕਤਲ ਦਾ ਮੁਕੱਦਮਾ (Trial of murder)


ਭਗਤ ਸਿੰਘ ਅਤੇ ਉਸ ਦੇ ਸਾਥੀਆਂ ਉੱਪਰ ਸਾਂਡਰਸ ਦੇ ਕਤਲ ਤੇ ਦੇਸ-ਧ੍ਰੋਹੀ ਹੋਣ ਦਾ ਮੁਕੱਦਮਾ ਚਲਾਇਆ ਗਿਆ। ਇਸ ਸੰਬੰਧੀ ਬਣਾਈ ਸਪੈਸ਼ਲ ਅਦਾਲਤ ਵਿੱਚ ਭਗਤ ਸਿੰਘ ਨੇ ਸਭ ਕੁਝ ਸੱਚ-ਸੱਚ ਸਵੀਕਾਰ ਕੀਤਾ ਅਤੇ ਆਪਣੀ ਪਾਰਟੀ ਦੇ ਪ੍ਰੋਗਰਾਮ ਦੇ ਹੱਕ ਵਿੱਚ ਦਲੀਲਾਂ ਦਿੱਤੀਆਂ। ਅਦਾਲਤ ਨੇ 1930 ਈ: ਵਿੱਚ ਪਹਿਲਾਂ ਉਮਰ ਕੈਦ ਦੀ ਸਜ਼ਾ ਸੁਣਾਈ ਤੇ ਫਿਰ ਇਸ ਨੂੰ ਫ਼ਾਂਸੀ ਦੀ ਸਜ਼ਾ ਵਿੱਚ ਬਦਲ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਉੱਪਰ ਜੇਲ੍ਹ ਵਿੱਚ ਬਹੁਤ ਜ਼ੁਲਮ ਕੀਤੇ ਗਏ। ਉਹ ਜਦੋਂ ਮੁਕੱਦਮੇ ਦੀ ਪੇਸ਼ੀ ਲਈ ਜਾਂਦੇ ਤਾਂ ਹੇਠਲੀਆਂ ਸਤਰਾਂ ਗੁਣਗੁਣਾਉਂਦੇ ਸਨ

“ਸਰ ਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ, 
ਦੇਖਨਾ ਹੈ ਜ਼ੋਰ ਕਿਤਨਾ ਬਾਜੂਏ ਕਾਤਿਲ ਮੇਂ ਹੈ"।

ਫ਼ਾਂਸੀ ਦੇਣੀ (Hanging)


ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫ਼ਾਂਸੀ ਲਈ ਨਿਸਚਤ ਦਿਨ ਤੋਂ ਇੱਕ ਦਿਨ ਪਹਿਲਾਂ ਹੀ 23 ਮਾਰਚ, 1931 ਈ: ਦੀ ਰਾਤ ਨੂੰ ਫ਼ਾਂਸੀ 'ਤੇ ਲਟਕਾ ਦਿੱਤਾ ਗਿਆ। ਅੰਗਰੇਜ਼ਾਂ ਨੇ ਇਨ੍ਹਾਂ ਸ਼ਹੀਦਾਂ ਦੀਆਂ ਲਾਸ਼ਾਂ ਵਾਰਸਾਂ ਨੂੰ ਦੇਣ ਦੀ ਥਾਂ ਚੁੱਪ-ਚਾਪ ਫਿਰੋਜ਼ਪੁਰ ਦੇ ਨੇੜੇ ਹੁਸੈਨੀਵਾਲਾ ਵਿਖੇ ਸਤਲੁਜ ਦਰਿਆ ਦੇ ਕੰਢੇ ਟੋਟੇ ਕਰ ਕੇ, ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤੀਆਂ ਤੇ ਫਿਰ ਅੱਧ ਸੜੀਆਂ ਲਾਸ਼ਾਂ ਨੂੰ ਸਤਲੁਜ ਵਿੱਚ ਰੋੜ੍ਹ ਦਿੱਤਾ ਗਿਆ। ਇਸ ਘਟਨਾ ਨਾਲ ਸਾਰੇ ਦੇਸ ਵਿੱਚ ਗੁੱਸੇ ਦੀ ਲਹਿਰ ਪੈਦਾ ਹੋ ਗਈ। ਇਸੇ ਥਾਂ ਉੱਪਰ ਇਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਸਮਾਰਕ ਬਣਿਆ ਹੋਇਆ ਹੈ ਜਿੱਥੇ ਹਰ ਸਾਲ 23 ਮਾਰਚ ਨੂੰ ਦੇਸ ਵਾਸੀ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ।ਇਨ੍ਹਾਂ ਦੇਸ-ਭਗਤਾਂ ਦੀ ਸ਼ਹਾਦਤ ਹੀ ਭਾਰਤ ਵਾਸੀਆਂ ਲਈ ਅਜ਼ਾਦੀ ਦਾ ਪੈਗ਼ਾਮ ਲੈ ਕੇ ਆਈ ਤੇ ਅਖ਼ੀਰ ਗੋਰੀ ਸਰਕਾਰ ਨੂੰ ਕੁਝ ਸਾਲਾਂ ਮਗਰੋਂ ਦੇਸ ਨੂੰ ਅਜ਼ਾਦ ਕਰਕੇ ਜਾਣਾ ਹੀ ਪਿਆ।

ਸਾਰੰਸ਼ (Summary)

ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਬੇਮਿਸਾਲ ਹੈ। ਉਨ੍ਹਾਂ ਨੇ ਆਪਣੇ ਛੋਟੇ ਜਿਹੇ ਜੀਵਨ ਕਾਲ ਵਿੱਚ ਹੀ ਆਪਣੀਆਂ ਲਿਖਤਾਂ ਤੇ ਕੰਮਾਂ ਨਾਲ ਗੋਰੀ ਸਰਕਾਰ ਨੂੰ ਬੇਚੈਨ ਕਰੀ ਰੱਖਿਆ। ਉਨ੍ਹਾਂ ਦੀਆਂ ਲਿਖਤਾਂ ਵਿਚਲੀ ਵਿਚਾਰਧਾਰਕ ਪਰਪੱਕਤਾ ਤੋਂ ਵੱਡੇ-ਵੱਡੇ ਚਿੰਤਕ ਵੀ ਕਾਇਲ ਸਨ। ਭਗਤ ਸਿੰਘ ਨੇ ਦੁਨੀਆ ਭਰ ਵਿਚਲੇ ਮਹਾਨ ਤੇ ਅਗਾਂਹਵਧੂ ਚਿੰਤਕਾਂ ਦੀਆਂ ਰਚਨਾਵਾਂ, ਪੜ੍ਹੀਆਂ ਸਨ।ਭਗਤ ਸਿੰਘ ਨੇ ਆਪਣੀ ਬਹਾਦਰੀ, ਦ੍ਰਿੜ੍ਹਤਾ, ਸਿਧਾਂਤਕ ਅਡੋਲਤਾ ਅਤੇ ਬੇਮਿਸਾਲ ਕੁਰਬਾਨੀ ਨਾਲ ਇਸ ਦੇਸ ਦੀ ਅਜ਼ਾਦੀ ਦਾ ਬੀਜ ਬੀਜਿਆ।ਇੰਜ ਭਗਤ ਸਿੰਘ ਦੀ ਕੁਰਬਾਨੀ ਭਾਰਤੀ ਇਤਿਹਾਸ ਤੇ ਲੋਕ-ਮਨਾਂ ਵਿੱਚ ਪਹੁ-ਫੁਟਾਲੇ ਦੇ ਤਾਰੇ ਵਾਂਗ ਚਮਕਦੀ ਰਹੇਗੀ।


ਲੇਖ ਨੰਬਰ:- ੦੨ 

ਸ਼ਹੀਦ ਭਗਤ ਸਿੰਘ 
Shaheed Bhagat Singh



ਭਾਰਤ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਸਰਦਾਰ ਭਗਤ ਸਿੰਘ ਦੀ ਮਹੱਤਵਪੂਰਨ ਭੂਮਿਕਾ ਹੈ। ਭਾਰਤ ਦੀ ਅਜ਼ਾਦੀ ਲਈ ਉੱਠੀ ਲਹਿਰ ਵਿੱਚ ਭਗਤ ਸਿੰਘ ਨੇ ਵਿਸ਼ੇਸ਼ ਭਾਗ ਲਿਆ। ਉਸ ਨੇ ਦੇਸ਼ ਦੇ ਨੌਜਵਾਨਾਂ ਦੇ ਦਿਲਾਂ ਵਿੱਚ ਅਜ਼ਾਦੀ ਦਾ ਅਜਿਹਾ ਵਲਵਲਾ ਪੈਦਾ ਕੀਤਾ, ਜਿਸ ਨਾਲ ਦੇਸ਼ ਦੀ ਅਜ਼ਾਦੀ ਨੂੰ ਲੰਮੇ ਸਮੇਂ ਲਈ ਟਾਲਿਆ ਨਾ ਜਾ ਸਕਿਆ। ਉਹ ਬਹਾਦਰ, ਨਿਡਰ, ਕ੍ਰਾਂਤੀਕਾਰੀ ਤੇ ਗਿਆਨਵਾਨ ਵਿਅਕਤੀ ਸਨ। 


ਜਨਮ ਅਤੇ ਮਾਤਾ-ਪਿਤਾ

ਸ਼ਹੀਦ ਭਗਤ ਸਿੰਘ ਦਾ ਜਨਮ 28 ਸਤੰਬਰ, 1907 ਈ. ਨੂੰ ਜ਼ਿਲ੍ਹਾ ਲਾਇਲਪੁਰ ਦੇ ਪਿੰਡ ਬੰਗਾ, ਚੱਕ ਨੂੰ 105 ਵਿੱਚ ਹੋਇਆ। ਆਪ ਦੇ ਪਿਤਾ ਦਾ ਨਾਂ ਸ. ਕਿਸ਼ਨ ਸਿੰਘ ਅਤੇ ਮਾਤਾ ਦਾ ਨਾਂ ਵਿਦਿਆਵਤੀ ਸੀ। ਆਪ ਦੇ ਪਿਤਾ ਵੀ ਇੱਕ ਇਨਕਲਾਬੀ ਨੇਤਾ ਸਨ। ਆਪ ਦੇ ਚਾਚਾ ਸ. ਅਜੀਤ ਸਿੰਘ ਇੱਕ ਉੱਘੇ ਦੇਸ-ਭਗਤ ਸਨ ਜਿਨ੍ਹਾਂ ਨੇ ਪੱਗੜੀ ਸੰਭਾਲ ਜੱਟਾ ਦੀ ਲਹਿਰ ਚਲਾਈ। ਆਪ ਦਾ ਪਰਿਵਾਰ ਇੱਕ ਇਨਕਲਾਬੀ ਅਤੇ ਦੇਸ-ਭਗਤਾਂ ਦਾ ਪਰਿਵਾਰ ਸੀ। 


ਪੜ੍ਹਾਈ-ਲਿਖਾਈ 

ਆਪ ਦੇ ਜਨਮ ਤੋਂ ਕੁਝ ਦਿਨਾਂ ਬਾਅਦ ਹੀ ਆਪ ਦੇ ਚਾਚਾ ਜੇਲ੍ਹ ਵਿੱਚੋਂ ਰਿਹਾ ਹੋ ਕੇ ਆਏ ਸਨ। ਇਸ ਲਈ ਆਪ ਨੂੰ ‘ਭਾਗਾਂ ਵਾਲਾ ਕਿਹਾ ਜਾਣ ਲੱਗਾ। ਹੌਲੀ-ਹੌਲੀ ਆਪ ਦਾ ਨਾਂ ਭਗਤ ਸਿੰਘ ਹੋ ਗਿਆ। ਸ. ਭਗਤ ਸਿੰਘ ਨੇ ਮੁਢਲੀ ਵਿੱਦਿਆ ਆਪਣੇ ਪਿੰਡ ਤੋਂ ਆਪਣੇ ਦਾਦਾ ਸ. ਅਰਜਨ ਸਿੰਘ ਕੋਲ ਰਹਿ ਕੇ ਪ੍ਰਾਪਤ ਕੀਤੀ। ਆਪ ਨੇ ਨੈਸ਼ਨਲ ਕਾਲਜ ਲਾਹੌਰ ਤੋਂ ਐੱਫ਼. ਏ. ਪਾਸ ਕੀਤੀ। 


ਦੇਸ ਪਿਆਰ ਅਤੇ ਦੇਸ-ਭਗਤੀ ਦੀ ਭਾਵਨਾ 

ਉਸ ਸਮੇਂ ਦੇਸ਼ ਵਿੱਚ ਇਨਕਲਾਬੀ ਲਹਿਰ ਜ਼ੋਰਾਂ 'ਤੇ ਸੀ। ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਦਾ ਆਪ ਦੇ ਮਨ 'ਤੇ ਬਹੁਤ ਡੂੰਘਾ ਅਸਰ ਪਿਆ। 1920 ਈ. ਵਿੱਚ ਮਹਾਤਮਾ ਗਾਂਧੀ ਵੱਲੋਂ ਉਹਨਾਂ ਨੇ ਚਲਾਈ ਨਾ ਮਿਲਵਰਤਣ ਲਹਿਰ ਸਮੇਂ ਉਹ ਨੈਸ਼ਨਲ ਕਾਲਜ ਲਾਹੌਰ ਵਿੱਚ ਸਨ। ਉਹਨਾਂ ਨੇ ਦੇਸ-ਭਗਤੀ ਤੇ ਦੇਸ਼ ਦੀ ਅਜ਼ਾਦੀ ਲਈ ਕੁਝ ਕਰਨ ਦਾ ਪਹਿਲਾ ਪਾਠ ਪੜ੍ਹਿਆ। 1924 ਈ. ਵਿੱਚ ਆਪ ਕਾਨਪੁਰ ਚਲੇ ਗਏ। ਉੱਥੇ ਆਪ ਨੇ ਸ੍ਰੀ ਗਣੇਸ਼ ਸੰਕਰ ਵਿਦਿਆਰਥੀ ਵੱਲੋਂ ਕੱਢੀ ਜਾਂਦੀ ਹਿੰਦੀ ਦੀ ‘ਪ੍ਰਤ” ਨਾਮਕ ਅਖ਼ਬਾਰ ਵਿੱਚ ਪੱਤਰਕਾਰ ਦੇ ਤੌਰ 'ਤੇ ਕੰਮ ਕੀਤਾ। ਸ੍ਰੀ ਗਣੇਸ਼ ਸ਼ੰਕਰ ਵਿਦਿਆਰਥੀ ਗ਼ਰਮ ਧੜੇ ਦੇ ਕਾਂਗਰਸੀਆਂ ਵਿੱਚੋਂ ਸਨ। ਉਹਨਾਂ ਦੇ ਸੰਪਰਕ ਵਿੱਚ ਰਹਿ ਕੇ ਭਗਤ ਸਿੰਘ ਵਿੱਚ ਦੇਸ-ਭਗਤੀ ਦਾ ਜਜ਼ਬਾ ਹੋਰ ਵੀ ਪ੍ਰਬਲ ਹੋ ਗਿਆ। ਇੱਥੇ ਹੀ ਆਪ ਦਾ ਮੇਲ ਚੰਦਰ ਸ਼ੇਖਰ ਆਜ਼ਾਦ ਨਾਲ ਵੀ ਹੋਇਆ। 


ਦੇਸ ਦੀ ਆਜ਼ਾਦੀ ਲਈ ਸਰਗਰਮ ਭੂਮਿਕਾ

ਉਹਨਾਂ ਦਿਨਾਂ ਵਿੱਚ ਹੀ ਗਰਮ ਖ਼ਿਆਲੀ ਨੌਜਵਾਨ ਭਾਰਤੀਆਂ ਨੇ ਕਈ ਜਥੇਬੰਦੀਆਂ, ਜਿਵੇਂ ਹਿੰਦੁਸਤਾਨ ਸੋਸ਼ਲਿਸਟ ਰਿਪਲਿਕਨ ਐਸੋਸੀਏਸ਼ਨ, ਹਿੰਦੁਸਤਾਨ ਰਿਪਬਲਿਕਨ ਆਰਮੀ ਤੇ ਨੌਜਵਾਨ ਭਾਰਤ ਸਭਾ ਆਦਿ ਬਣਾਈਆਂ। ਭਗਤ ਸਿੰਘ ਇਹਨਾਂ ਸਾਰੀਆਂ ਜਥੇਬੰਦੀਆਂ ਦੇ ਆਗੂ ਸਨ। 1927 ਈ. ਵਿੱਚ ਨੌਜਵਾਨ ਭਾਰਤ ਸਭਾ ਬਹੁਤ ਸਰਗਰਮ ਹੋ ਗਈ ਸੀ। 1928 ਈ. ਵਿੱਚ ‘ਸਾਈਮਨ ਕਮਿਸ਼ਨ ਭਾਰਤ ਆਇਆ ਜਿਸ ਦਾ ਸਾਰੇ ਭਾਰਤੀਆਂ ਵੱਲੋਂ ਵਿਰੋਧ ਕੀਤਾ ਗਿਆ। ਲਾਲਾ ਲਾਜਪਤ ਰਾਏ ਲਾਹੌਰ ਵਿਖੇ ਇਸ ਵਿਰੁੱਧ ਕੱਢੇ ਗਏ ਜਲੂਸ ਦੀ ਅਗਵਾਈ ਕਰ ਰਹੇ ਸਨ। ਉਹਨਾਂ ਤੇ ਲਾਠੀਆਂ ਚਲਾਈਆਂ ਗਈਆਂ। ਇਸ ਕਾਰਨ ਉਹ ਬਹੁਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਅਤੇ ਉਹਨਾਂ ਦੀ ਮੌਤ ਹੋ ਗਈ। ਭਗਤ ਸਿੰਘ ਨੇ ਲਾਲਾ ਜੀ ਦੀ ਮੌਤ ਦਾ ਬਦਲਾ ਲੈਣ ਦਾ ਫ਼ੈਸਲਾ ਕਰ ਲਿਆ। ਭਗਤ ਸਿੰਘ ਨੇ ਅੰਗਰੇਜ਼ ਪੁਲਿਸ ਅਫ਼ਸਰ ਸਾਂਡਰਸ ਨੂੰ ਗੋਲੀ ਮਾਰ ਕੇ ਲਾਲਾ ਜੀ ਦੀ ਮੌਤ ਦਾ ਬਦਲਾ ਲਿਆ। 


ਫਾਂਸੀ ਦੀ ਸਜਾ 

ਆਪ ਨੇ ਸੁਖਦੇਵ ਅਤੇ ਰਾਜਗੁਰੂ ਨਾਲ ਮਿਲ ਕੇ ਅਸੈਂਬਲੀ ਵਿੱਚ ਬੰਬ ਸੁੱਟਿਆ ਅਤੇ ਪੋਸਟਰ ਵੀ ਵੰਡੇ। ਆਪ ਨੇ “ਇਨਕਲਾਬ-ਜ਼ਿੰਦਾਬਾਦ ਦੇ ਨਾਹਰੇ ਲਾ ਕੇ ਗਰਿਫ਼ਤਾਰੀ ਦੇ ਦਿੱਤੀ। ਆਪ ਉੱਤੇ ਕਈ ਮੁਕੱਦਮੇ ਚਲਾਏ ਗਏ। ਅਖੀਰ 23 ਮਾਰਚ, 1931 ਈ. ਨੂੰ ਆਪ ਨੂੰ ਆਪ ਦੇ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨਾਲ਼ ਫਾਂਸੀ 'ਤੇ ਲਟਕਾ ਦਿੱਤਾ ਗਿਆ। ਆਪ ਨੇ ਹੱਸਦੇ-ਹੱਸਦੇ ਫਾਂਸੀ 'ਤੇ ਚੜ੍ਹ ਕੇ ਭਾਰਤ-ਮਾਤਾ ਲਈ ਕੁਰਬਾਨੀ ਦਿੱਤੀ। 


ਭਗਤ ਸਿੰਘ ਅਤੇ ਸਾਥੀਆਂ ਲਈ ਵਿਸ਼ੇਸ਼ ਸਨਮਾਨ

ਇਹਨਾਂ ਤਿੰਨਾਂ ਦੇਸ ਭਗਤਾਂ ਦੀਆਂ ਸਮਾਧਾਂ ਫ਼ਿਰੋਜ਼ਪੁਰ ਨੇੜੇ ਹੁਸੈਨੀਵਾਲਾ ਦੇ ਸਥਾਨ 'ਤੇ ਬਣਾਈਆਂ ਗਈਆਂ ਹਨ। ਇੱਥੇ ਹਰ ਸਾਲ 23 ਮਾਰਚ ਨੂੰ ਮੇਲਾ ਲੱਗਦਾ ਹੈ। ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਵੀ ਵਿਸ਼ੇਸ਼ ਸਮਾਗਮ ਹੁੰਦੇ ਹਨ। ਆਪ ਦੀ ਕੁਰਬਾਨੀ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ। ਭਾਰਤਵਾਸੀਆਂ ਨੂੰ ਭਗਤ ਸਿੰਘ ਵਰਗੇ ਦੇਸ-ਭਗਤਾਂ ਉੱਤੇ ਮਾਣ ਹੈ। ਆਪ ਦਾ ਨਾਂ ਸਦਾ ਅਮਰ ਰਹੇਗਾ।


Post a Comment

16 Comments

  1. Replies
    1. Jai hind jai bharat I love mi 🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳

      Delete
  2. 🇮🇳🇮🇳🇮🇳

    ReplyDelete
  3. Inqlab jindabad🥰🥰🥰💎💎💎💎💎💎💎💎💎💎💎💎💎💎💎💎

    ReplyDelete
  4. 🇮🇳🇮🇳🇮🇳 ਵਾਹਿਗੁਰੂ ਜੀ

    ReplyDelete
  5. 🇮🇳🇮🇳🇮🇳🇮🇳

    ReplyDelete
  6. Very easy thanks

    ReplyDelete
  7. Very nice 👍👍🙂🙂

    ReplyDelete
  8. Very good easy thanku so much

    ReplyDelete
  9. Very good easy thanku so much

    ReplyDelete
  10. (\_/)
    ( •.• )
    ( >❤️

    :)

    ReplyDelete