Punjabi Essay on "Sade Mele ate Tiyuhar", "ਸਾਡੇ ਮੇਲੇ ਤੇ ਤਿਉਹਾਰ " Punjabi Paragraph-Lekh-Speech for Class 8, 9, 10, 11, 12 Students.

ਸਾਡੇ ਮੇਲੇ ਤੇ ਤਿਉਹਾਰ 
Sade Mele ate Tiyuhar 




ਪੰਜਾਬ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ਼ ਹੈ। ‘ਤਿਉਹਾਰ ਉਸ ਖਾਸ ਦਿਨ ਨੂੰ ਕਹਿੰਦੇ ਹਨ ਜਿਸ ਦਿਨ ਕੋਈ ਇਤਿਹਾਸਿਕ, ਮਿਥਿਹਾਸਿਕ, ਧਾਰਮਿਕ ਜਾਂ ਸਮਾਜਿਕ ਉਤਸਵ ਮਨਾਇਆ ਜਾਂਦਾ ਹੈ। ਇਹਨਾਂ ਦਾ ਸੰਬੰਧ ਵਿਸ਼ੇਸ਼ ਵਿਅਕਤੀਆਂ ਨਾਲ ਜਾਂ ਉਹਨਾਂ ਨਾਲ ਸੰਬੰਧਿਤ ਘਟਨਾਵਾਂ ਤੇ ਰੁੱਤਾਂ ਨਾਲ ਹੁੰਦਾ ਹੈ। ਇਹ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹਨ। ਇਹਨਾਂ ਨੂੰ ਮਨਾਉਣ ਲਈ ਥਾਂ-ਥਾਂ ਮੇਲੇ ਲੱਗਦੇ ਹਨ। ਹਰ ਥਾਂ ਆਪਣੇ-ਆਪਣੇ ਰਿਵਾਜ ਮੁਤਾਬਕ ਮੇਲੇ ਲੱਗਦੇ ਹਨ ਤੇ ਤਿਉਹਾਰ ਮਨਾਏ ਜਾਂਦੇ ਹਨ। | 


ਪੰਜਾਬ ਵਿੱਚ ਮਨਾਏ ਜਾਣ ਵਾਲੇ ਮੇਲੇ ਅਤੇ ਤਿਉਹਾਰ

ਪੰਜਾਬ ਵਿੱਚ ਬਹੁਤ ਸਾਰੇ ਮੇਲੇ ਤੇ ਤਿਉਹਾਰ ਮਨਾਏ ਜਾਂਦੇ ਹਨ। ਜੇ ਇਸ ਤਰ੍ਹਾਂ ਕਹਿ ਲਈਏ ਕਿ ਪੰਜਾਬ ਵਿੱਚ ਨਿੱਤ ਮੇਲੇ ਲੱਗਦੇ ਹਨ ਤਾਂ ਠੀਕ ਹੀ ਹੋਵੇਗਾ। ਸਾਲ ਵਿੱਚ ਕੋਈ ਹੀ ਮਹੀਨਾ ਅਜਿਹਾ ਹੁੰਦਾ ਹੋਵੇਗਾ ਜਦੋਂ ਕੋਈ ਤਿਉਹਾਰ ਨਾ ਮਨਾਇਆ ਜਾਂਦਾ ਹੋਵੇ। ਦਿਵਾਲੀ, ਦੁਸਹਿਰਾ, ਵਿਸਾਖੀ, ਬਸੰਤ, ਲੋਹੜੀ, ਮਾਘੀ, ਹੋਲੀ, ਹੋਲਾ-ਮਹੱਲਾ, ਜਰਗ ਦਾ ਮੇਲਾ, ਰੋਸ਼ਨੀ, ਜਗਰਾਓਂ ਦਾ ਮੇਲਾ ਤੇ ਹੋਰ ਕਈ ਮੇਲੇ ਤੇ ਗੁਰਪੁਰਬ ਜੋ ਇਤਿਹਾਸਿਕ ਮਹੱਤਤਾ ਰੱਖਦੇ ਹਨ, ਬੜੇ ਉਤਸ਼ਾਹ ਨਾਲ ਮਨਾਏ ਜਾਂਦੇ ਹਨ। ਇਹਨਾਂ ਤਿਉਹਾਰਾਂ ਅਤੇ ਮੇਲਿਆਂ ਦਾ ਹਰ ਪੁਰਸ਼, ਇਸਤਰੀ, ਬੱਚੇ, ਬੁੱਢੇ ਤੇ ਮੁਟਿਆਰ ਨੂੰ ਬਹੁਤ ਚਾਅ ਹੁੰਦਾ ਹੈ। 


ਲੋਹੜੀ ਅਤੇ ਮਾਘੀ ਦਾ ਤਿਉਹਾਰ 

ਜੇਕਰ ਅਸੀਂ ਪੂਰੇ ਸਾਲ ਦੇ ਤਿਉਹਾਰਾਂ ਵੱਲ ਨਜ਼ਰ ਮਾਰੀਏ ਤਾਂ ਨਵੇਂ ਸਾਲ ਦੇ ਅਰੰਭ ਵਿੱਚ ਹੀ ਲੋਹੜੀ ਦਾ ਤਿਉਹਾਰ ਆ ਜਾਂਦਾ ਹੈ। ਲੋਹੜੀ ਮੰਗਦੇ ਮੁੰਡੇ-ਕੁੜੀਆਂ ਆਪਣੇ ਗੀਤਾਂ ਨਾਲ ਵਾਤਾਵਰਨ ਨੂੰ ਸੁਹਾਵਣਾ ਬਣਾ ਦਿੰਦੇ ਹਨ। ਇਹ ਤਿਉਹਾਰ ਮਾਘੀ ਦੀ ਸੰਗਰਾਂਦ ਤੋਂ ਇੱਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ। ਜਿਨ੍ਹਾਂ ਦੇ ਘਰ ਵਿਆਹ ਹੋਇਆ ਹੋਵੇ ਜਾਂ ਮੁੰਡੇ ਦਾ ਜਨਮ ਹੋਇਆ ਹੋਵੇ ਉਸ ਘਰ ਵਿੱਚ ਲੋਹੜੀ ਖ਼ਾਸ ਤੌਰ 'ਤੇ ਮਨਾਈ ਜਾਂਦੀ ਹੈ। ਇੱਕ ਵੱਡੀ ਧੂਣੀ ਬਾਲ ਕੇ ਗੀਤ ਗਾਏ ਜਾਂਦੇ ਹਨ ਤੇ ਨਾਚ ਨੱਚੇ ਜਾਂਦੇ ਹਨ। ਮੂੰਗਫਲੀਆਂ ਤੇ ਰਿਓੜੀਆਂ ਵੰਡੀਆਂ ਜਾਂਦੀਆਂ ਹਨ। ਅੱਜ-ਕੱਲ੍ਹ ਦੋਸਤਾਂ-ਮਿੱਤਰਾਂ ਨੂੰ ਇਕੱਠੇ ਕਰਕੇ ਤੇ ਖ਼ਾਸ ਪਕਵਾਨ ਬਣਾ ਕੇ ਇਹ ਤਿਉਹਾਰ ਮਨਾਇਆ ਜਾਂਦਾ ਹੈ। ਲੋਹੜੀ ਤੋਂ ਅਗਲੇ ਦਿਨ ਮਾਘੀ ਦਾ ਪਵਿੱਤਰ ਤਿਉਹਾਰ ਹੁੰਦਾ ਹੈ। ਇਸ ਦਿਨ ਲੋਕ ਹਰਿਦੁਆਰ, ਬਨਾਰਸ ਆਦਿ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਦੇ ਹਨ। ਪੰਜਾਬ ਵਿੱਚ ਮੁਕਤਸਰ ਵਿਖੇ ਮਾਘੀ ਦਾ ਮੇਲਾ ਲੱਗਦਾ


ਬਸੰਤ-ਪੰਚਮੀ 

ਇਸ ਪਿੱਛੋਂ ਜਨਵਰੀ ਦੇ ਅਖੀਰ ਜਾਂ ਫ਼ਰਵਰੀ ਦੇ ਸ਼ੁਰੂ ਵਿੱਚ ਹੀ ਬਸੰਤ-ਪੰਚਮੀ ਦਾ ਤਿਉਹਾਰ ਆਉਂਦਾ ਹੈ। ਇਹ ਸਿਆਲ ਦੀ ਰੁੱਤ ਦੇ ਜਾਣ ਅਤੇ ਅਤੇ ਬਹਾਰ ਦੀ ਰੁੱਤ ਆਉਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ। ਕਹਿੰਦੇ ਹਨ, ਬਸੰਤ ਪੰਚਮੀ ਆਉਣ 'ਤੇ ਸਰਦੀ ਖ਼ਤਮ ਹੋ ਜਾਂਦੀ ਹੈ। ਇਸ ਸੰਬੰਧੀ ‘ਆਈ ਬਸੰਤ ਤੇ ਪਾਲਾ ਉਡੰਤ ਆਮ ਕਹਾਵਤ ਹੈ। ਲੋਕ ਇਸ ਦਿਨ ਪੀਲੇ ਪਕਵਾਨ ਬਣਾਉਂਦੇ ਹਨ। ਇਸ ਦਿਨ ਪਤੰਗਾਂ ਵੀ ਉਡਾਈਆਂ ਜਾਂਦੀਆਂ ਹਨ। 


ਹੋਲੀ ਅਤੇ ਵਿਸਾਖੀ ਦਾ ਤਿਉਹਾਰ

ਮਾਰਚ ਦੇ ਮਹੀਨੇ ਇੱਕ-ਦੂਸਰੇ ਉੱਪਰ ਰੰਗ ਸੁੱਟ ਕੇ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਪਿੱਛੋਂ 13 ਅਪਰੈਲ ਨੂੰ ਵਿਸਾਖੀ ਦਾ ਤਿਉਹਾਰ ਆਉਂਦਾ ਹੈ। ਕਣਕ ਦੀ ਫ਼ਸਲ ਪੱਕਣ ਦੀ ਖੁਸ਼ੀ ਵਿੱਚ ਕਿਸਾਨ ਭੰਗੜੇ ਪਾਉਂਦੇ ਤੇ ਖੁਸ਼ੀਆਂ ਮਨਾਉਂਦੇ ਹਨ। 


ਜਨਮ-ਅਸ਼ਟਮੀ ਅਤੇ ਰੱਖੜੀ

ਜੁਲਾਈ ਦੇ ਮਹੀਨੇ ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਜਨਮ ਅਸ਼ਟਮੀ ਦਾ ਸੰਬੰਧ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜਨਮ ਨਾਲ ਹੈ। ਰੱਖੜੀ ਦਾ ਤਿਉਹਾਰ ਆਮ ਤੌਰ 'ਤੇ ਅਗਸਤ ਦੇ ਮਹੀਨੇ ਆਉਂਦਾ ਹੈ। ਭੈਣਾਂ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਦੀਆਂ ਹਨ। ਪੰਜਾਬ ਦੇ ਪਿੰਡਾਂ ਵਿੱਚ ਸਾਉਣ ਦੇ ਮਹੀਨੇ ਵਿੱਚ ਤੀਆਂ ਲੱਗਦੀਆਂ ਹਨ। ਕੁੜੀਆਂ ਗਿੱਧੇ ਪਾਉਂਦੀਆਂ ਅਤੇ ਪੀਘਾਂ ਝੂਟਦੀਆਂ ਹਨ। 


ਦਸਹਿਰੇ ਦਾ ਤਿਉਹਾਰ 

ਦਸਹਿਰੇ ਦਾ ਤਿਉਹਾਰ ਆਮ ਤੌਰ 'ਤੇ ਅਕਤੂਬਰ ਵਿੱਚ ਆਉਂਦਾ ਹੈ। ਇਹ ਤਿਉਹਾਰ ਨੇਕੀ ਦੀ ਬਦੀ | ਉੱਤੇ ਜਿੱਤ ਦਾ ਪ੍ਰਤੀਕ ਹੈ। ਇਸ ਦਿਨ ਸ੍ਰੀ ਰਾਮ ਚੰਦਰ ਜੀ ਨੇ ਰਾਵਣ ਦੇ ਵਿਰੁੱਧ ਲੜਾਈ ਲੜ ਕੇ ਲੰਕਾ ਉੱਤੇ ਜਿੱਤ ਪ੍ਰਾਪਤ ਕੀਤੀ ਸੀ। | ਦਸਹਿਰੇ ਵਾਲੇ ਦਿਨ ਭਾਰੀ ਮੇਲਾ ਲੱਗਦਾ ਹੈ ਅਤੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਬਣਾਕੇ ਸਾੜੇ ਜਾਂਦੇ ਹਨ।


ਦਿਵਾਲੀ 

ਦਸਹਿਰੇ ਤੋਂ ਲਗ-ਪਗ ਵੀਹ ਦਿਨ ਬਾਅਦ ਦਿਵਾਲੀ ਦਾ ਤਿਉਹਾਰ ਆਉਂਦਾ ਹੈ। ਇਹ ਹਿੰਦੂਆਂ ਅਤੇ ਸਿੱਖਾਂ ਦਾ ਸਾਂਝਾ ਤਿਉਹਾਰ ਹੈ। ਰਾਮ ਚੰਦਰ ਜੀ ਦੇ ਬਣਬਾਸ ਤੋਂ ਪਰਤਣ ਦੀ ਖੁਸ਼ੀ ਵਿੱਚ ਦਿਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਹਰਿਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਤੋਂ 52 ਰਾਜਿਆਂ ਨੂੰ ਛੁਡਵਾ ਕੇ ਲਿਆਏ ਸਨ। ਇਸੇ ਖੁਸ਼ੀ ਵਿੱਚ ਅੰਮ੍ਰਿਤਸਰ ਸਾਹਿਬ ਵਿਖੇ ਦਿਵਾਲੀ ਮਨਾਈ ਜਾਂਦੀ ਹੈ। ਇਸ ਦਿਨ ਆਪਣੇ ਸੱਜਣਾਂ-ਮਿੱਤਰਾਂ ਨੂੰ ਮਿਠਿਆਈਆਂ ਅਤੇ ਹੋਰ ਤੋਹਫ਼ੇ ਦਿੱਤੇ ਜਾਂਦੇ ਹਨ। 


ਗੁਰਪੁਰਬ 

ਗੁਰਪੁਰਬ ਵੀ ਤਿਉਹਾਰਾਂ ਵਾਂਗ ਹੀ ਮਨਾਏ ਜਾਂਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ-ਦਿਵਸ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਪੁਰਬ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਗੁਰਪੁਰਬ ਦੇ ਮੌਕੇ 'ਤੇ ਗੁਰਦਵਾਰਿਆਂ ਵਿੱਚ ਕੀਰਤਨ ਹੁੰਦਾ ਹੈ ਅਤੇ ਲੰਗਰ ਵਰਤਾਏ ਜਾਂਦੇ ਹਨ। ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ 'ਤੇ ਠੰਢੇ ਅਤੇ ਮਿੱਠੇ ਜਲ ਦੀਆਂ ਛਬੀਲਾਂ ਲਾਈਆਂ ਜਾਂਦੀਆਂ ਹਨ। 


ਈਦ, ਕ੍ਰਿਸਮਿਸ ਅਤੇ ਕੌਮੀ ਤਿਉਹਾਰ 

 ਈਦ ਮੁਸਲਮਾਨਾਂ ਦਾ ਪਵਿੱਤਰ ਤਿਉਹਾਰ ਹੈ। ਇਸ ਦਿਨ ਮੁਸਲਮਾਨ ਮਸੀਤਾਂ ਵਿੱਚ ਜਾ ਕੇ ਨਮਾਜ਼ ਪੜ੍ਹਦੇ ਹਨ ਅਤੇ ਇੱਕ-ਦੂਸਰੇ ਨੂੰ ਗਲੇ ਮਿਲ਼ ਕੇ ਮੁਬਾਰਕਬਾਦ ਦਿੰਦੇ ਹਨ। 25 ਦਸੰਬਰ ਨੂੰ ਕ੍ਰਿਸਮਿਸ ਦਾ ਤਿਉਹਾਰ ਮਨਾਇਆ ਜਾਂਦਾ ਹੈ। 26 ਜਨਵਰੀ ਅਤੇ 15 ਅਗਸਤ ਸਾਡੇ ਕੌਮੀ ਤਿਉਹਾਰ ਹਨ। ਇਸ ਦਿਨ ਅਨੇਕਾਂ ਥਾਂਵਾਂ 'ਤੇ ਕੌਮੀ ਝੰਡਾ ਲਹਿਰਾਇਆ ਜਾਂਦਾ ਹੈ। 


ਸਿੱਟਾ 

ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਾਡਾ ਜੀਵਨ ਖੁਸ਼ੀਆਂ ਨਾਲ ਭਰਪੂਰ ਹੈ। ਇਹਨਾਂ ਮੇਲਿਆਂ ਅਤੇ ਤਿਉਹਾਰਾਂ ਵਿੱਚ ਪੰਜਾਬੀ ਮਨਪਸੰਦ ਚੀਜ਼ਾਂ ਖਾ ਕੇ ਤੇ ਭੰਗੜੇ ਪਾ ਕੇ ਆਪਣਾ ਮਨ-ਪਰਚਾਵਾ ਕਰਦੇ ਹਨ। ਰੱਬ ਕਰੇ ਅਸੀਂ ਇਹ ਮੇਲੇ ਤੇ ਤਿਉਹਾਰ ਇਸੇ ਤਰ੍ਹਾਂ ਮਨਾਉਂਦੇ ਰਹੀਏ।

Post a Comment

0 Comments