ਮੋਬਾਈਲ ਫ਼ੋਨ ਦਾ ਵਧਦਾ ਰੁਝਾਨ
Mobile Phone da Vadhda Rujhan
ਮੋਬਾਈਲ ਫ਼ੋਨ ਅੱਜ ਦੇ ਸਮੇਂ ਦਾ ਹਰਮਨ-ਪਿਆਰਾ ਸੰਚਾਰ ਦਾ ਸਾਧਨ ਬਣ ਗਿਆ ਹੈ। ਇਸ ਨੂੰ ਸੈੱਲਫ਼ੋਨ ਵੀ ਕਹਿੰਦੇ ਹਨ। ਅੱਜ ਤੁਸੀਂ ਭਾਵੇਂ ਕਿਤੇ ਵੀ ਹੋਵੋ, ਤੁਹਾਨੂੰ ਇੱਧਰ-ਉੱਧਰ ਕੋਈ ਨਾ ਕੋਈ ਮੋਬਾਈਲ ਫ਼ੋਨ ਉੱਤੇ ਗੱਲਾਂ ਕਰਦਾ ਦਿਖ ਹੀ ਪਵੇਗਾ ਜਾਂ ਘੱਟੋ-ਘੱਟ ਕਿਸੇ ਦੀ ਜੇਬ ਜਾਂ ਪਰਸ ਵਿੱਚ ਮੋਬਾਈਲ ਫ਼ੋਨ ਦੀ ਘੰਟੀ ਵੱਜਦੀ ਜ਼ਰੂਰ ਸੁਣ ਪਵੇਗੀ। ਆਮ ਲੋਕਾਂ ਦੁਆਰਾ ਪਹਿਲੀ ਵਾਰੀ ਮੋਬਾਈਲ ਫ਼ੋਨ ਸੇਵਾ ਦੀ ਵਰਤੋਂ ਦਾ ਆਰੰਭ ਸਹੀ ਅਰਥਾਂ ਵਿੱਚ 1983 ਈ. ਵਿੱਚ ਅਮਰੀਕਾ ਵਿਖੇ ਹੋਇਆ ਤੇ ਮਗਰੋਂ ਇਸ ਸੰਚਾਰ ਸਾਧਨ ਦੀ ਲੋਕ-ਪ੍ਰਿਅਤਾ ਦਿਨੋ-ਦਿਨ ਤੇਜ਼ੀ ਨਾਲ ਆਪਣੇ ਪੈਰ ਪਸਾਰਦੀ ਗਈ।
ਨਵੀਂ ਪੀੜ੍ਹੀ ਵਿੱਚ ਫ਼ੋਨ ਦਾ ਵਧਦਾ ਰੁਝਾਨ
ਮੋਬਾਈਲ ਫ਼ੋਨ ਦੇ ਖ਼ਪਤਕਾਰਾਂ ਵਿੱਚ ਬਹੁਤੀ ਗਿਣਤੀ ਨੌਜਵਾਨ ਮੁੰਡਿਆਂ-ਕੁੜੀਆਂ ਦੀ ਹੈ। ਬਹੁਤਿਆਂ ਲਈ ਤਾਂ ਇਹ ਆਪਣੀ ਅਮੀਰੀ ਤੇ ਉੱਚੀ ਰਹਿਣੀ-ਬਹਿਣੀ ਦੇ ਦਿਖਾਵੇ ਦਾ ਚਿੰਨ੍ਹ ਹੈ, ਜਿਸਦਾ ਪ੍ਰਦਰਸ਼ਨ ਕਰਨ ਵਿੱਚ ਉਹ ਮਾਣ ਤੇ ਵਡਿਆਈ ਸਮਝਦੇ ਹਨ। ਇਸੇ ਕਾਰਨ ਆਮ ਕਰਕੇ ਉਹ ਮਹਿੰਗਾ ਤੇ ਬਹੁ-ਮੰਤਵੀ ਆਈ-ਫ਼ੋਨ ਤੇ ਸਮਾਰਟ ਮੋਬਾਈਲ ਫ਼ੋਨ ਪ੍ਰਾਪਤ ਕਰਨ ਤੇ ਰੱਖਣ ਦੀ ਹੋੜ ਵਿੱਚ ਲੱਗੇ ਰਹਿੰਦੇ ਹਨ।
ਆਮ ਲੋਕਾਂ ਵਿੱਚ ਵਰਤੋਂ
ਅੱਜ ਦੇ ਸਮੇਂ ਨੌਜਵਾਨ ਵਰਗ ਤੋਂ ਇਲਾਵਾ ਮੋਬਾਈਲ ਫ਼ੋਨ ਦੀ ਵਰਤੋਂ ਸਮਾਜ ਵਿੱਚ ਹਰ ਪੱਧਰ 'ਤੇ ਹਰ ਕਿੱਤੇ ਨਾਲ ਸੰਬੰਧਤ ਲੋਕ ਕਰ ਰਹੇ ਹਨ। ਅੱਜ ਦੀ ਜ਼ਿੰਦਗੀ ਮੋਬਾਈਲ ਫ਼ੋਨਾਂ ਦੇ ਸਿਰ ਉੱਤੇ ਹੀ ਚੱਲ ਰਹੀ ਜਾਪਦੀ ਹੈ। ਅੱਜ ਦੀ ਦੁਨੀਆ ਵਿੱਚ ਮੋਬਾਈਲ ਫ਼ੋਨ ਸਰਬ-ਵਿਆਪਕ ਚੀਜ਼ ਬਣ ਗਿਆ ਹੈ।
ਸਭ ਤੋਂ ਵੱਧ ਵਰਤੋਂ ਵਾਲਾ ਸੰਚਾਰ ਦਾ ਸਾਧਨ
ਮੋਬਾਈਲ ਫ਼ੋਨ ਸੰਚਾਰ ਦਾ ਹਰਮਨ ਪਿਆਰਾ ਸਾਧਨ ਹੈ। ਤੁਸੀਂ ਭਾਵੇਂ ਕਿੱਥੇ ਵੀ ਅਤੇ ਕਿਸੇ ਵੀ ਹਾਲਤ ਵਿੱਚ ਹੋਵੋ, ਇਹ ਨਾ ਕੇਵਲ ਤੁਹਾਡੀ ਗੱਲ ਜਾਂ ਸੰਦੇਸ਼ ਨੂੰ ਮਿੰਟਾਂ-ਸਕਿੰਟਾਂ ਵਿੱਚ ਦੁਨੀਆ ਦੇ ਕਿਸੇ ਥਾਂ ਵੀ ਕਿਸੇ ਵੀ ਹਾਲਤ ਵਿੱਚ ਮੌਜੂਦ ਤੁਹਾਡੇ ਮਿੱਤਰ-ਪਿਆਰੇ, ਸਨੇਹੀ ਰਿਸ਼ਤੇਦਾਰ ਜਾਂ ਵਪਾਰਕ ਸੰਬੰਧੀ ਤੱਕ ਪਹੁੰਚਾ ਸਕਦਾ ਹੈ, ਸਗੋਂ ਉਸ ਦਾ ਉੱਤਰ ਵੀ ਨਾਲੋ ਨਾਲ ਤੁਹਾਡੇ ਤੱਕ ਪਹੁੰਚਾ ਦਿੰਦਾ ਹੈ। ਇਸ ਦੀ ਵਰਤੋਂ ਕਰਦਿਆਂ ਸਾਡੇ ਕੋਲ ਆਪਣੇ ਨਾਲ ਸੰਬੰਧਤ ਹਰ ਪ੍ਰਕਾਰ ਦੇ ਵਿਅਕਤੀ ਦੀਆਂ ਸਰਗਰਮੀਆਂ ਤੇ ਸਥਿਤੀ ਬਾਰੇ ਕਾਫ਼ੀ ਹੱਦ ਤਕ ਤਾਜ਼ਾ ਤੋਂ ਤਾਜ਼ਾ ਜਾਣਕਾਰੀ ਮੌਜੂਦ ਰਹਿੰਦੀ ਹੈ, ਜਿਸ ਦੇ ਸਿੱਟੇ ਵਜੋਂ ਜ਼ਿੰਦਗੀ ਦੀਆਂ ਹਰ ਪ੍ਰਕਾਰ ਦੀਆਂ ਗਤੀਵਿਧੀਆਂ ਵਿੱਚ ਦਿੜਤਾ, ਅਚੂਕਤਾ ਤੇ ਤੇਜ਼ੀ ਆਉਂਦੀ ਹੈ, ਜੋ ਕਿ ਜ਼ਿੰਦਗੀ ਲਈ ਇਕ ਉਸਾਰੂ ਲੱਛਣ ਹੈ।
ਮਨੋਰੰਜਨ ਦਾ ਸਾਧਨ
ਮੋਬਾਈਲ ਫ਼ੋਨ ਦੇ ਜਲਦੀ ਹਰਮਨ-ਪਿਆਰਾ ਹੋਣ ਦਾ ਕਾਰਨ ਇਹ ਵੀ ਹੈ ਕਿ ਇਹ ਮਨੋਰੰਜਨ ਦਾ ਬਹੁਤ ਵਧੀਆ ਸਾਧਨ ਹੈ। ਮੋਬਾਈਲ ਫ਼ੋਨ ਜੇਬ ਵਿੱਚ ਹੁੰਦਿਆਂ ਸਾਨੂੰ ਇਕੱਲ ਦਾ ਬਹੁਤਾ ਅਹਿਸਾਸ ਨਹੀਂ ਹੁੰਦਾ। ਇਸ ਨਾਲ ਜਿੱਥੇ ਅਸੀਂ ਆਪਈ ਇਕੱਲ ਨੂੰ ਤੋੜਨ ਲਈ ਕਿਸੇ ਵੀ ਮਨ-ਭਾਉਂਦੇ ਵਿਅਕਤੀ ਨਾਲ ਗੱਲਾਂ ਕਰ ਸਕਦੇ ਹਾਂ, ਉੱਥੇ ਅਸੀਂ ਇੰਟਰਨੈੱਟ ਦੀ ਵਰਤੋਂ ਕਰ ਕੇ ਆਪਣਾ ਦਿਲ-ਪਰਚਾਵਾ ਕਰਨ ਦੇ ਨਾਲ-ਨਾਲ ਆਪਣੀ ਜਾਣਕਾਰੀ ਤੇ ਗਿਆਨ ਵਿੱਚ ਵੀ ਵਾਧਾ ਕਰ ਸਕਦੇ ਹਾਂ। ਇਸ ਪ੍ਰਕਾਰ ਇਸ ਰਾਹੀਂ ਅਸੀਂ ਹਰ ਸਮੇਂ ਸਾਰੀ ਦੁਨੀਆ ਦੇ ਹਰ ਪ੍ਰਕਾਰ ਦੇ ਦਿਲ-ਪਰਚਾਵੇ ਦੇ ਸਾਧਨਾਂ ਨਾਲ ਜੁੜੇ ਰਹਿੰਦੇ ਹਾਂ।
ਵਪਾਰਕ ਅਦਾਰਿਆਂ ਨੂੰ ਲਾਭ
ਮੋਬਾਈਲ ਫ਼ੋਨ ਦਾ ਅਗਲਾ ਵੱਡਾ ਲਾਭ ਵਪਾਰਕ ਅਦਾਰਿਆਂ ਨੂੰ ਹੈ। ਮੋਬਾਈਲ ਫ਼ੋਨ ਉਤਪਾਦਕ ਕੰਪਨੀਆਂ ਭਿੰਨ-ਭਿੰਨ ਪ੍ਰਕਾਰ ਦੇ ਨਵੇਂ-ਨਵੇਂ ਦਿਲ-ਖਿੱਚਵੇਂ ਮਾਡਲਾਂ ਨੂੰ ਮਾਰਕਿਟ ਵਿੱਚ ਪਰੋਸ ਕੇ ਤੇ ਇਸ ਸੰਚਾਰ ਸਾਧਨ ਦੀ ਸੇਵਾ ਮੁਹੱਈਆ ਕਰਾਉਣ ਵਾਲੀਆਂ ਕੰਪਨੀਆਂ ਭਿੰਨ-ਭਿੰਨ ਪ੍ਰਕਾਰ ਦੀਆਂ ਸਕੀਮਾਂ ਤੇ ਪੈਕਿਜਾਂ ਨਾਲ਼ ਮੋਬਾਈਲ ਫ਼ੋਨਾਂ ਨੂੰ ਆਮ ਲੋਕਾਂ ਦੀਆਂ ਲੋੜਾਂ ਦੇ ਅਨੁਕੂਲ ਬਣਾਉਂਦੀਆਂ ਹੋਈਆਂ ਖ਼ਪਤਕਾਰਾਂ ਦੀ ਗਿਣਤੀ ਵਧਾ ਕੇ ਅਰਬਾਂ ਰੁਪਏ ਕਮਾ ਰਹੀਆਂ ਹਨ। ਇਹ ਕੰਪਨੀਆਂ ਇਸ ਧਨ ਨੂੰ ਬਹੁਤ ਸਾਰੇ ਹੋਰ ਪ੍ਰਾਜੈਕਟਾਂ ਵਿੱਚ ਲਾ ਕੇ ਜਿੱਥੇ ਆਪ ਹੋਰ ਧਨ ਕਮਾਉਂਦੀਆਂ ਹਨ, ਉੱਥੇ ਦੇਸ਼ ਦੇ ਵਿਕਾਸ ਵਿੱਚ ਵੀ ਹਿੱਸਾ | ਪਾਉਂਦੀਆਂ ਹਨ ਤੇ ਲੱਖਾਂ ਬੇਰੁਜ਼ਗਾਰਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਦੀਆਂ ਹਨ।
ਸਫ਼ਰ ਵਿੱਚ ਅਗਵਾਈ
ਮੋਬਾਈਲ ਇੰਟਰਨੈੱਟ ਉੱਤੇ ਪ੍ਰਾਪਤ ਜੀ.ਪੀ.ਐੱਸ. ਦੀ ਸਹੂਲਤ ਅਜੋਕੇ ਮਨੁੱਖ ਨੂੰ ਸਫ਼ਰ ਕਰਦੇ ਸਮੇਂ ਉਸਦੇ ਮਿੱਥੇ ਨਿਸ਼ਾਨੇ ਉੱਤੇ ਪੁਚਾਉਣ ਵਿੱਚ ਬਹੁਤ ਹੀ ਭਰੋਸੇਯੋਗ ਅਗਵਾਈ ਕਰਦੀ ਹੈ। ਇਸ ਨਾਲ ਨਾ ਤਾਂ ਕਿਸੇ ਅਗਿਆਤ ਥਾਂ ਵਿੱਚੋਂ ਲੰਘ ਰਿਹਾ ਵਿਅਕਤੀ ਕਿਤੇ ਭਟਕਦਾ ਹੀ ਹੈ ਤੇ ਨਾ ਹੀ ਉਸਨੂੰ ਪੁੱਛ-ਗਿੱਛ ਕਰਨ ਦੀ ਜ਼ਰੂਰਤ ਪੈਂਦੀ ਹੈ।
ਟੀ.ਵੀ. ਅਤੇ ਰੇਡੀਓ ਦੀ ਲੋੜ ਨੂੰ ਪੂਰਾ ਕਰਦਾ
ਮੋਬਾਈਲ ਫ਼ੋਨ ਜਿੱਥੇ ਲੋਕਾਂ ਨੂੰ ਇਕ-ਦੂਜੇ ਨਾਲ ਗੱਲਾਂ ਅਤੇ ਵਿਚਾਰਾਂ ਦਾ ਅਦਾਨ| ਪ੍ਰਦਾਨ ਕਰ ਕੇ ਮਨ ਨੂੰ ਤਣਾਓ-ਮੁਕਤ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ, ਉੱਥੇ ਨਾਲ ਹੀ ਉਨ੍ਹਾਂ ਦੀ ਟੀ.ਵੀ. ਵਿੱਚ ਦਿਖਾਏ ਜਾ ਰਹੇ ਕਈ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਸ਼ਮੂਲੀਅਤ ਕਰ ਕੇ ਉਨ੍ਹਾਂ ਅੰਦਰ ਮੁਕਾਬਲੇਬਾਜ਼ੀ ਦੀ ਭਾਵਨਾ, ਆਸ਼ਾਵਾਦ ਤੇ ਜਗਿਆਸਾ ਨੂੰ ਵੀ ਪੈਦਾ ਕਰਦਾ ਹੈ, ਜਿਸ ਨਾਲ ਜ਼ਿੰਦਗੀ ਵਿੱਚ ਰਸ ਪੈਦਾ ਹੁੰਦਾ ਹੈ ਤੇ ਬਹੁਤ ਸਾਰੇ ਲੋਕਾਂ, ਖ਼ਾਸ ਕਰ ਕਲਾਕਾਰਾਂ ਨੂੰ ਪਦਾਰਥਕ ਲਾਭਾਂ ਦੇ ਨਾਲ-ਨਾਲ ਲੋਕ-ਮਕਬੂਲੀਅਤ ਵੀ ਹਾਸਲ ਹੁੰਦੀ ਹੈ। ਮੋਬਾਈਲ ਫ਼ੋਨ ਇਕੱਲਾ ਹੀ ਟੀ.ਵੀ. ਅਤੇ ਰੇਡੀਓ ਦੀ ਲੋੜ ਨੂੰ ਪੂਰਾ ਕਰਦਾ ਹੈ। |
ਕੁਝ ਹਾਨੀਕਾਰਕ ਪ੍ਰਭਾਵ
ਮੋਬਾਈਲ ਫ਼ੋਨ ਜਿੱਥੇ ਮਨੁੱਖ ਲਈ ਏਨਾ ਲਾਭਕਾਰੀ ਹੈ, ਉੱਥੇ ਇਸ ਦੇ ਕੁਝ ਹਾਨੀਕਾਰਕ ਪ੍ਰਭਾਵ ਵੀ ਹਨ। ਇਸ ਦੇ ਸਮਾਜ-ਵਿਰੋਧੀ, ਗੁੰਡਾ ਅਨਸਰਾਂ ਤੇ ਕਪਟੀ ਲੋਕਾਂ ਦੇ ਹੱਥਾਂ ਵਿੱਚ ਆਉਣ 'ਤੇ ਉਹ ਇਸ ਦੀ ਦੁਰਵਰਤੋਂ ਕਰਦੇ ਹਨ। | ਇਸ ਨਾਲ ਬਹੁਤ ਸਾਰੇ ਸਮਾਜ ਵਿਰੋਧੀ ਅਤੇ ਛਲ-ਕਪਟ, ਬਲੈਕ-ਮੇਲ ਤੇ ਧੋਖੇ ਭਰੇ ਕੰਮਾਂ ਨੂੰ ਨੇਪਰੇ ਚਾੜ੍ਹਿਆ ਜਾਂਦਾ ਹੈ। ਅੱਜ-ਕਲ੍ਹ ਕੋਈ ਵੀ ਵੱਡਾ ਜੁਰਮ, ਚੋਰੀ, ਡਾਕਾ, ਅਗਵਾ-ਕਾਂਡ ਜਾਂ ਅੱਤਵਾਦੀ ਕਾਰਵਾਈ ਇਸ ਦੀ ਵਰਤੋਂ ਤੋਂ ਬਿਨਾਂ ਸਿਰੇ ਨਹੀਂ ਚੜ੍ਹ ਹੁੰਦੀ। ਇਨ੍ਹਾਂ ਰਾਹੀਂ ਨਾ-ਬਾਲਗਾਂ ਵਿੱਚ ਅਸ਼ਲੀਲ ਸਮੱਗਰੀ ਦੇ ਆਦਾਨ-ਪ੍ਰਦਾਨ ਦਾ ਸਿਲਸਿਲਾ ਚੱਲਦਾ ਰਹਿੰਦਾ ਹੈ। ਕਾਲਜਾਂ ਵਿੱਚ ਵੀ ਕੈਮਰੇ ਵਾਲੇ ਮੋਬਾਈਲ ਫ਼ੋਨ ਅਤੇ ਐੱਮ. ਐੱਮ. ਐੱਸ. ਦੀ ਲੱਚਰਤਾ ਭਰੀ ਵਰਤੋਂ ਬਾਰੇ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਮੋਬਾਈਲ ਫ਼ੋਨ ਦੇ ਹੈਂਡਸੈੱਟ ਅਤੇ ਸਟੇਸ਼ਨ ਟਾਵਰ ਵਰਗੇ ਐਨਟੀਨਾਂ ਵਿੱਚੋਂ ਨਿਕਲਦੀ ਰੇਡੀਓ ਫ੍ਰੀਕਿਉਸੀ ਰੇਡੀਏਸ਼ਨ ਸੰਬੰਧੀ ਹੋਈ ਖੋਜ ਨੇ ਸਰੀਰ ਉੱਤੇ ਪੈਂਦੇ ਇਸ ਦੇ ਬੁਰੇ ਅਸਰਾਂ ਦਾ ਬਾਰੇ ਦੱਸਿਆ ਹੈ। ਇਸ ਦੀ ਜ਼ਿਆਦਾ ਵਰਤੋਂ ਅੱਖਾਂ ਉੱਤੇ ਵੀ ਮਾੜੇ ਪ੍ਰਭਾਵ ਪਾਉਂਦੀ ਹੈ।
ਸਿੱਟਾ
ਇਸ ਤਰਾਂ ਅੰਤ ਵਿੱਚ ਅਸੀਂ ਰਹਿ ਸਕਦੇ ਹਾਂ ਕਿ ਮੋਬਾਈਲ ਫ਼ੋਨ ਸੰਚਾਰ ਦਾ ਹਰਮਨ-ਪਿਆਰਾ ਸਾਧਨ ਹੋਣ ਕਰਕੇ ਦਿਨੋਦਿਨ ਇਸ ਦੀ ਵਰਤੋਂ ਦਾ ਰੁਝਾਨ ਵੱਧ ਰਿਹਾ ਹੈ। ਇਸ ਦੀ ਵਰਤੋਂ ਸੰਜਮ ਅਤੇ ਸਾਵਧਾਨੀ ਨਾਲ਼ ਹੀ ਕੀਤੀ ਜਾਣੀ ਚਾਹੀਦੀ ਹੈ। ਸਾਵਧਾਨੀ ਨਾਲ਼ ਵਰਤੋਂ ਕਰਕੇ ਹੀ ਇਸ ਦੇ ਬਹੁਤ ਸਾਰੇ ਬੁਰੇ ਪ੍ਰਭਾਵਾਂ ਤੋਂ ਬਚਿਆ ਜਾ ਸਕਦਾ ਹੈ।
3 Comments
Ki tusi ਮੋਬਾਈਲ ਫੋਨ ਦਾ ਵਾਧਾ ਪ੍ਰਭਾਵ likh ke bhej sakde ho please ajj de ajj urgent a 4 to 5 page hon Punjabi vich assignment a
ReplyDeleteਪਰਮਜੀਤ ਸਿੰਘ ਖੱਖ
ReplyDeleteEssay is good
Delete