Punjabi Essay on "Chhabi January", "ਛੱਬੀ ਜਨਵਰੀ" Punjabi Paragraph-Lekh-Speech for Class 8, 9, 10, 11, 12 Students.

ਛੱਬੀ ਜਨਵਰੀ 
Chhabi January




ਸਾਡੇ ਦੇਸ਼ ਦੇ ਇਤਿਹਾਸ ਵਿੱਚ ਛੱਬੀ ਜਨਵਰੀ ਦਾ ਮਹੱਤਵਪੂਰਨ ਸਥਾਨ ਹੈ। ਇਸ ਦਿਨ 1929 ਈ. ਵਿੱਚ ਰਾਵੀ ਦਰਿਆ ਦੇ ਕੰਢੇ ਭਾਰਤ ਨੂੰ ਅਜ਼ਾਦ ਕਰਾਉਣ ਦਾ ਐਲਾਨ ਕੀਤਾ ਗਿਆ ਸੀ। ਇੱਥੇ ਇੱਕ ਸਮਾਗਮ ਵਿੱਚ ਬੋਲਦਿਆਂ ਜਵਾਹਰ ਲਾਲ ਨਹਿਰੂ ਨੇ ਕਿਹਾ ਸੀ ਕਿ ਅਸੀਂ ਭਾਰਤਵਾਸੀ ਅੱਜ ਤੋਂ ਅਜ਼ਾਦ ਹਾਂ। ਅੰਗਰੇਜ਼ ਸਰਕਾਰ ਨੂੰ ਅਸੀਂ ਆਪਣੀ ਸਰਕਾਰ ਨਹੀਂ ਮੰਨਦੇ। ਅਸੀਂ ਆਖ਼ਰੀ ਦਮ ਤੱਕ ਭਾਰਤ ਦੀ ਅਜ਼ਾਦੀ ਲਈ ਲੜਦੇ ਰਹਾਂਗੇ ਅਤੇ ਅੰਗਰੇਜ਼ਾਂ ਨੂੰ ਚੈਨ ਨਾਲ ਬੈਠਣ ਨਹੀਂ ਦਿਆਂਗੇ। ਛੱਬੀ ਜਨਵਰੀ ਦੇ ਇਸ ਐਲਾਨ ਤੋਂ ਪਿੱਛੋਂ ਅਜ਼ਾਦੀ ਲਈ ਲੜਾਈ ਹੋਰ ਤੇਜ਼ ਹੋ ਗਈ। ਅਣਗਿਣਤ ਦੇਸ-ਭਗਤਾਂ ਨੇ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਗੁਮਨਾਮ ਹਨ, ਇਸ ਲੜਾਈ ਵਿੱਚ ਆਪਣੀਆਂ ਕੁਰਬਾਨੀਆਂ ਦੇ ਕੇ ਹਿੱਸਾ ਪਾਇਆ। ਅਜ਼ਾਦੀ ਲਈ ਦੇਸ਼ਵਾਸੀਆਂ ਦੀ ਇਸ ਲੰਮੀ ਜੱਦੋ-ਜਹਿਦ ਤੋਂ ਪਿੱਛੋਂ ਆਖ਼ਰ 15 ਅਗਸਤ, 1947 ਦਾ ਦਿਨ ਆਇਆ। 


ਸੰਵਿਧਾਨ ਦੀ ਲੋੜ

ਹੁਣ ਦੇਸ ਸੁਤੰਤਰ ਹੋ ਚੁੱਕਾ ਸੀ ਪਰ ਜਿਹੜੀਆਂ ਆਸਾਂ, ਉਮੰਗਾਂ ਅਤੇ ਸੁਪਨੇ ਲੈ ਕੇ ਅਜ਼ਾਦੀ ਦੀ ਲੜਾਈ ਲੜੀ ਗਈ, ਉਹਨਾਂ ਨੂੰ ਅੰਗਰੇਜ਼ਾਂ ਵੱਲੋਂ ਚਲਾਏ ਗਏ ਪ੍ਰਬੰਧਕੀ ਢਾਂਚੇ ਵਿੱਚ ਪੂਰਾ ਕਰਨਾ ਸੰਭਵ ਨਹੀਂ ਸੀ। ਇਸ ਲਈ ਨਵੇਂ ਸੰਵਿਧਾਨ ਦਾ ਨਿਰਮਾਣ ਕੀਤਾ ਗਿਆ। ਭਾਰਤ ਦੇ ਨਵੇਂ ਸੰਵਿਧਾਨ ਵਿੱਚ ਅਜ਼ਾਦ ਭਾਰਤ ਦੇ ਨਾਗਰਿਕਾਂ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਗਏ। ਭਾਰਤ ਨੂੰ ਗਣਤੰਤਰ ਰਾਜ ਮੰਨਿਆ ਗਿਆ। ਗਣਤੰਤਰਤਾ, ਧਰਮ-ਨਿਰਪੱਖਤਾ ਅਤੇ ਸਮਾਜਵਾਦ ਨੂੰ ਵਿਸ਼ੇਸ਼ ਥਾਂ ਦਿੱਤੀ ਗਈ। 26 ਜਨਵਰੀ, 1950 ਈ. ਨੂੰ ਦੇਸ ਦੀ ਕਾਇਆ-ਕਲਪ ਕਰ ਦੇਣ ਵਾਲਾ ਇਹ ਸੰਵਿਧਾਨ ਲਾਗੂ ਕਰ ਦਿੱਤਾ ਗਿਆ। ਇਸ ਦਿਨ ਤੋਂ ਰਾਸ਼ਟਰਪਤੀ ਦੇਸ ਦਾ ਸੰਵਿਧਾਨਿਕ ਮੁਖੀ ਬਣ ਗਿਆ। 


ਛੱਬੀ ਜਨਵਰੀ ਦਾ ਰਾਸ਼ਟਰੀ ਸਮਾਗਮ ਅਤੇ ਹੋਰ ਗਤੀਵਿਧੀਆਂ

ਪੰਦਰਾਂ ਅਗਸਤ ਵਾਂਗ ਛੱਬੀ ਜਨਵਰੀ ਦਾ ਦਿਵਸ ਵੀ ਸਾਰੇ ਦੇਸ ਵਿੱਚ ਮਨਾਇਆ ਜਾਂਦਾ ਹੈ। ਸਰਕਾਰੀ ਸੰਸਥਾਵਾਂ ਅਤੇ ਇਮਾਰਤਾਂ ਉੱਤੇ ਰਾਸ਼ਟਰੀ ਝੰਡਾ ਝੁਲਾਇਆ ਜਾਂਦਾ ਹੈ। ਵਿੱਦਿਅਕ ਸੰਸਥਾਵਾਂ ਵਿੱਚ ਇਹ ਦਿਨ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਮਨਾਇਆ ਜਾਂਦਾ ਹੈ। ਵੱਖ-ਵੱਖ ਨਗਰਾਂ ਤੋਂ ਇਲਾਵਾ ਜ਼ਿਲ੍ਹਾ ਪੱਧਰ ਉੱਤੇ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਦਿਨ ਸਰਕਾਰੀ ਦਫ਼ਤਰਾਂ ਅਤੇ ਵਿੱਦਿਅਕ ਸੰਸਥਾਵਾਂ ਨੂੰ ਇਹ ਦਿਨ ਮਨਾਉਣ ਲਈ ਛੁੱਟੀ ਹੁੰਦੀ ਹੈ। ਛੱਬੀ ਜਨਵਰੀ ਦੇ ਗਣਤੰਤਰ-ਦਿਵਸ ਦੇ ਮੌਕੇ 'ਤੇ ਸਮਾਚਾਰ ਪੱਤਰਾਂ ਅਤੇ ਰਸਾਲਿਆਂ ਵੱਲੋਂ ਵਿਸ਼ੇਸ਼ ਅੰਕ ਕੱਢੇ ਜਾਂਦੇ ਹਨ। ਰੇਡੀਓ ਅਤੇ ਟੈਲੀਵੀਜ਼ਨ ਤੋਂ ਖਾਸ ਪ੍ਰੋਗਾਮ ਦਿੱਤੇ ਜਾਂਦੇ ਹਨ। ਇਹਨਾਂ ਵਿੱਚ ਦੇਸ਼ ਦੀ ਅਜ਼ਾਦੀ ਦੀ ਲੜਾਈ ਅਤੇ ਅਜ਼ਾਦੀ ਲੈਣ ਪਿੱਛੋਂ ਸਾਡੀਆਂ ਪ੍ਰਾਪਤੀਆਂ ਬਾਰੇ ਭਾਸ਼ਣ ਆਦਿ ਹੁੰਦੇ ਹਨ। ਬਹੁਤ ਸਾਰੇ ਲੋਕ ਇਸ ਦਿਨ ਦਿੱਲੀ ਵਿਖੇ ਗਣਤੰਤਰ-ਸਮਾਰੋਹ ਵੇਖਣ ਜਾਂਦੇ ਹਨ। ਬਾਕੀ ਲੋਕ ਰੇਡੀਓ ਤੋਂ ਇਸ ਸਮਾਰੋਹ ਦਾ ਅੱਖੀ ਡਿੱਠਾ ਹਾਲ ਸੁਣਦੇ ਜਾਂ ਟੈਲੀਵੀਜ਼ਨ ਉੱਤੇ ਇਸ ਸਮਾਰੋਹ ਨੂੰ ਵੇਖਦੇ ਹਨ। ਛੱਬੀ ਜਨਵਰੀ ਦਾ ਗਣਤੰਤਰ-ਸਮਾਰੋਹ ਇੱਕ ਵਿਸ਼ੇਸ਼ ਖਿੱਚ ਰੱਖਦਾ ਹੈ। ਸਮਾਰੋਹ ਵਿੱਚ ਦੇਸ਼ ਦੇ ਰਾਸ਼ਟਰਪਤੀ ਇੱਕ ਸ਼ਾਨਦਾਰ ਬੱਘੀ ਰਾਹੀਂ ਪਹੁੰਚਦੇ ਹਨ। ਪ੍ਰਧਾਨ ਮੰਤਰੀ, ਉਹਨਾਂ ਦੇ ਸਹਿਯੋਗੀ ਮੰਤਰੀ ਅਤੇ ਤਿੰਨਾਂ ਸੈਨਾਵਾਂ ਦੇ ਮੁਖੀ ਉਹਨਾਂ ਦਾ ਸੁਆਗਤ ਕਰਦੇ ਹਨ। ਤਦ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਹੁੰਦੀ ਹੈ ਅਤੇ ਤੋਪਾਂ ਦੀ ਸਲਾਮੀ ਦਿੱਤੀ ਜਾਂਦੀ ਹੈ। ਇਹ ਸਾਰਾ ਦ੍ਰਿਸ਼ ਬਹੁਤ ਪ੍ਰਭਾਵਸ਼ਾਲੀ ਹੁੰਦਾ ਹੈ। ਇਸ ਮੌਕੇ 'ਤੇ ਦੇਸ਼ ਦੇ ਵੱਖ-ਵੱਖ ਪ੍ਰਾਂਤਾਂ ਤੋਂ ਕਲਾਕਾਰ-ਮੰਡਲੀਆਂ ਆਪਣੇ-ਆਪਣੇ ਸੱਭਿਆਚਾਰ ਦੀਆਂ ਝਲਕੀਆਂ ਪੇਸ਼ ਕਰਕੇ ਅਨੇਕਤਾ ਵਿੱਚ ਏਕਤਾ ਦੇ ਭਾਵ ਨੂੰ ਪ੍ਰਗਟਾਉਂਦੀਆਂ ਹਨ। ਦੇਸ ਦੀ ਫ਼ੌਜ ਦੇ ਤਿੰਨੇ ਅੰਗਾਂ-ਜਲ-ਸੈਨਾ, ਥਲ-ਸੈਨਾ ਅਤੇ ਵਾਯੂ-ਸੈਨਾ ਦੀ ਪਰੇਡ ਹੁੰਦੀ ਹੈ। ਇਸ ਪਰੇਡ ਵਿੱਚ ਐੱਨ. ਸੀ. ਸੀ. ਦੇ ਕੈਡਿਟ, ਸਕਾਊਟ ਅਤੇ ਗਾਈਡ ਵੀ ਭਾਗ ਲੈਂਦੇ ਹਨ। ਇਸ ਜਸ਼ਨ ਨੂੰ ਵੇਖਣ ਲਈ ਬਾਹਰਲੇ ਦੇਸ਼ਾਂ ਦੇ ਨੁਮਾਇੰਦੇ ਵੀ ਬੁਲਾਏ ਜਾਂਦੇ ਹਨ।


ਵਿਸ਼ੇਸ਼ ਸਨਮਾਨ ਅਤੇ ਕਵੀ ਦਰਬਾਰ

ਇਸ ਦਿਵਸ 'ਤੇ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੇ ਨਾਗਰਿਕਾਂ ਨੂੰ ਰਾਸ਼ਟਰਪਤੀ ਵੱਲੋਂ ਸਨਮਾਨਿਤ ਕੀਤਾ ਜਾਂਦਾ ਹੈ। ਫ਼ੌਜ ਅਤੇ ਪੁਲਿਸ ਦੇ ਚੋਣਵੇਂ ਕਰਮਚਾਰੀਆਂ ਨੂੰ ਉਹਨਾਂ ਦੀ ਸ਼ਾਨਦਾਰ ਸੇਵਾ ਬਦਲੇ ਸਨਮਾਨ ਦਿੱਤਾ ਜਾਂਦਾ ਹੈ ਅਤੇ ਕਈਆਂ ਨੂੰ ਤਰੱਕੀ ਦਿੱਤੀ ਜਾਂਦੀ ਹੈ। ਇਸ ਅਵਸਰ 'ਤੇ ਵਿਸ਼ੇਸ਼ ਕਵੀ-ਦਰਬਾਰ ਹੁੰਦੇ ਹਨ ਜਿਨ੍ਹਾਂ ਵਿੱਚ ਸਾਰਿਆਂ ਪੁੱਤਾਂ ਦੇ ਪ੍ਰਤਿਨਿਧ ਕਵੀ ਆਪਣੀਆਂ ਰਚਨਾਵਾਂ ਪੜ੍ਹ ਕੇ ਸੁਣਾਉਂਦੇ ਹਨ। ਇਸ ਪ੍ਰਕਾਰ ਇਹ ਦਿਨ ਵਿਸ਼ੇਸ਼ ਸਮਾਗਮਾਂ ਅਤੇ ਜਸ਼ਨਾਂ ਦਾ ਹੁੰਦਾ


ਛੱਬੀ ਜਨਵਰੀ ਮਨਾਉਣ ਦਾ ਖਾਸ ਮਨੋਰਥ

ਛੱਬੀ ਜਨਵਰੀ ਦਾ ਦਿਨ ਮਨਾਉਣ ਦੇ ਖਾਸ ਮਨੋਰਥ ਹਨ। ਇਸ ਮੌਕੇ 'ਤੇ ਉਹਨਾਂ ਸਾਰੇ ਸੁਤੰਤਰਤਾ ਸੰਗਰਾਮੀਆਂ ਦੀਆਂ ਸੇਵਾਵਾਂ ਨੂੰ ਯਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਅਣਗਿਣਤ ਕਸ਼ਟ ਝੱਲ ਕੇ ਦੇਸ਼ ਨੂੰ ਅਜ਼ਾਦ ਕਰਵਾਇਆ। ਇਸ ਦੇ ਨਾਲ਼ ਹੀ ਅਜ਼ਾਦ ਭਾਰਤ ਵਿੱਚ ਪੈਦਾ ਹੋਏ ਨਾਗਰਿਕਾਂ ਨੂੰ ਦ੍ਰਿੜ ਕਰਵਾਇਆ ਜਾਂਦਾ ਹੈ। ਕਿ ਜਿਹੜੀ ਅਜ਼ਾਦੀ ਨੂੰ ਉਹ ਮਾਣ ਰਹੇ ਹਨ, ਉਹ ਸੌਖੀ ਪ੍ਰਾਪਤ ਨਹੀਂ ਹੋਈ। ਇਸ ਅਜ਼ਾਦੀ ਲਈ ਦੇਸ਼ ਦੇ ਹਰ ਕੋਨੇ ਦੇ ਭਾਰਤੀਆਂ ਨੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਹਨ, ਉਹਨਾਂ ਦਾ ਸਾਡੇ ਸਿਰ ਰਿਣ ਹੈ। ਇਹ ਰਿਣ ਤਦ ਹੀ ਚੁਕਾਇਆ ਜਾ ਸਕਦਾ ਹੈ ਜੇ ਇਸ ਅਜ਼ਾਦੀ ਨੂੰ ਕਾਇਮ ਰੱਖਦੇ ਹੋਏ ਦੇਸ ਨੂੰ ਸਮਰੱਥ ਅਤੇ ਖੁਸ਼ਹਾਲ ਬਣਾਇਆ ਜਾਵੇ। 


ਸਾਰ-ਅੰਸ਼

ਪੰਦਰਾਂ ਅਗਸਤ ਅਤੇ ਛੱਬੀ ਜਨਵਰੀ ਦੇ ਦਿਨ ਆਪਣੀਆਂ ਪ੍ਰਾਪਤੀਆਂ ਦਾ ਲੇਖਾ-ਜੋਖਾ ਕਰਨ ਦੇ ਮੌਕੇ ਹੁੰਦੇ ਹਨ। ਆਗੂਆਂ ਵੱਲੋਂ ਦੇਸ਼ ਦੇ ਹਰ ਨਾਗਰਿਕ ਦੀ ਭਲਾਈ ਅਤੇ ਚੰਗੇਰੇ ਜੀਵਨ ਲਈ ਆਪਣੀ ਜੁੰਮੇਵਾਰੀ ਮਹਿਸੂਸ ਕੀਤੀ ਜਾਂਦੀ ਹੈ। ਇਸ ਦੇ । | ਨਾਲ ਹੀ ਹਰ ਨਾਗਰਿਕ ਵੱਲੋਂ ਭਵਿਖ ਵਿੱਚ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਵਧੇਰੇ ਸਰਗਰਮ ਹੋਣ ਦਾ ਨਿਸ਼ਚਾ ਕੀਤਾ ਜਾਂਦਾ ਹੈ। ਵਿਸ਼ੇਸ਼ ਕਰਕੇ ਦੇਸ਼ ਦੇ ਨੌਜਵਾਨਾਂ ਨੂੰ ਉਹਨਾਂ ਦੇ ਫ਼ਰਜ਼ਾਂ ਬਾਰੇ ਚਿਤੰਨ ਕਰਕੇ ਦੇਸ ਦੇ ਨਿਰਮਾਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਇਹ ਗੋਰਵਮਈ ਦਿਨ ਸਾਡੇ ਹੋਰ ਤਿਉਹਾਰਾਂ ਵਾਂਗ ਸਾਡੇ ਸੱਭਿਆਚਾਰ ਦਾ ਅੰਗ ਬਣ ਰਹੇ ਹਨ।

Post a Comment

0 Comments