ਵਿਦਿਆਰਥੀ ਅਤੇ ਅਨੁਸ਼ਾਸਨ
Vidyarthi ate Anushasan
ਭੁਮਿਕਾ - ਵਿਦਿਆਰਥੀ ਜੀਵਨ ਮਨੁੱਖ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹੁੰਦਾ ਹੈ। ਇਹ ਉਹ ਸਮਾਂ ਹੁੰਦਾ ਹੈ ਜਿਸ ਦੌਰਾਨ ਮਨੁੱਖ ਦੇ ਚਰਿੱਤਰ ਦਾ ਨਿਰਮਾਣ ਹੁੰਦਾ ਹੈ। ਚਰਿੱਤਰ ਚੰਗੇ ਗੁਣਾਂ ਅਤੇ ਚੰਗੀਆਂ ਆਦਤਾਂ ਦਾ ਸਮੂਹ ਹੈ। ਜਿਹੋ ਜਿਹੀਆਂ ਆਦਤਾਂ ਵਿਦਿਆਰਥੀ ਜੀਵਨ ਵਿੱਚ ਬਣ ਜਾਂਦੀਆਂ ਹਨ ਉਹੋ ਜਿਹਾ ਹੀ ਮਨੁੱਖ ਦਾ ਚਰਿੱਤਰ ਬਣ ਜਾਂਦਾ ਹੈ। ਅਨੁਸ਼ਾਸਨ ਚੰਗੇ ਚਰਿੱਤਰ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ। ਅਨੁਸ਼ਾਸਨ ਤੋਂ ਭਾਵ ਹੈ ਨਿਯਮਾਂ ਦਾ ਪਾਲਣ ਕਰਨਾ ਅਤੇ ਆਪਣੇ ਮਨ ਦੇ ਘੋੜੇ ਦੀਆਂ ਵਾਗਾਂ ਨੂੰ ਨਿਯਮਿਤ ਰੱਖਣਾ। ਜ਼ਿੰਦਗੀ ਦੇ ਹਰੇਕ ਪੜਾਅ ਉੱਤੇ ਅਨੁਸ਼ਾਸਨ ਦਾ ਮਹੱਤਵ ਹੈ ਅਤੇ ਹਰ ਮੋੜ ਉੱਤੇ ਇਸ ਦੀ ਲੋੜ ਹੈ।
ਅਨੁਸ਼ਾਸਨ ਕੀ ਹੈ? - ਅਨੁਸ਼ਾਸਨ ਅਜਿਹਾ ਵਿਲੱਖਣ ਗੁਣ ਹੈ ਜਿਸ ਦਾ ਵਿਦਿਆਰਥੀ ਜੀਵਨ ਵਿੱਚ ਬਹੁਤ ਜ਼ਿਆਦਾ ਮਹੱਤਵ ਹੈ । ਸਮੇਂ ਸਿਰ ਜਾਗਣਾ, ਸਮੇਂ ਸਿਰ ਸੌਣਾ, ਅਧਿਆਪਕਾਂ ਵੱਲੋਂ ਦਿੱਤਾ ਗਿਆ ਕੰਮ ਸਮੇਂ ਸਿਰ ਕਰਨਾ, ਸਮੇਂ ਸਿਰ ਸਕੂਲ ਪਹੁੰਚ ਕੇ ਇਕਾਗਰਤਾ ਨਾਲ ਪੜ੍ਹਾਈ ਕਰਨਾ ਅਤੇ ਨਿਮਰਤਾ ਨਾਲ ਅਧਿਆਪਕ ਤੋਂ ਆਪਣੀਆਂ ਸਮੱਸਿਆਵਾਂ ਦੇ ਹੱਲ ਪੁੱਛਣਾ , ਇੱਕ ਅਨੁਸ਼ਾਸਿਤ ਵਿਦਿਆਰਥੀ ਦੇ ਲੱਛਣ ਹਨ। ਚੰਗਾ ਵਿਦਿਆਰਥੀ ਸਿਰਫ਼ ਸਕੂਲ ਵਿੱਚ ਹੀ ਨਹੀਂ, ਸਗੋਂ ਘਰ ਵਿੱਚ ਅਤੇ ਆਪਣੇ ਆਲੇਦੁਆਲੇ ਵਿੱਚ ਵੀ ਅਨੁਸ਼ਾਸਨ ਦਾ ਪਾਲਣ ਕਰਦਾ ਹੈ।
ਅਨੁਸ਼ਾਸਨ ਦੀ ਲੋੜ - ਕੁਝ ਵਿਦਿਆਰਥੀ ਫੋਕੀ ਹਉਮੈਂ ਦਾ ਸ਼ਿਕਾਰ ਹੋ ਕੇ ਅਨੁਸ਼ਾਸਨ ਨੂੰ ਗੁਲਾਮੀ ਸਮਝਣ ਲੱਗਦੇ ਹਨ। ਇਹ ਗ਼ਲਤ ਧਾਰਨਾ ਹੈ। ਸਮੁੱਚੀ ਕੁਦਰਤ ਨਿਯਮਾਂ ਵਿੱਚ ਬੱਝੀ ਚੱਲ ਰਹੀ ਹੈ। ਦਿਨ ਚੜ੍ਹਦਾ ਹੈ, ਰਾਤ ਪੈਂਦੀ ਹੈ ਅਤੇ ਤਰਤੀਬ ਅਨੁਸਾਰ ਮੌਸਮ ਬਦਲਦੇ ਹਨ। ਸਮੁੱਚਾ ਬ੍ਰਹਿਮੰਡ ਅਨੁਸ਼ਾਸਨਬੱਧ ਹੈ। ਕੁਦਰਤ ਦਾ ਅਨੁਸ਼ਾਸਨ ਰਤਾ ਕੁ ਵੀ ਭੰਗ ਹੋਵੇ ਤਾਂ ਪਰਲੋ ਦੀ ਸਥਿਤੀ ਬਣ ਜਾਂਦੀ ਹੈ। ਜ਼ਿੰਦਗੀ ਦਾ ਅਨੰਦ ਲੈਣ ਲਈ ਅਨੁਸ਼ਾਸਨ ਜ਼ਰੂਰੀ ਹੈ। ਨਿਯਮਬੱਧਤਾ ਗੁਲਾਮੀ ਨਹੀਂ ਹੁੰਦੀ। ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਅਜ਼ਾਦੀ ਦੀਆਂ ਵੀ ਆਪਣੀਆਂ ਸੀਮਾਵਾਂ ਹੁੰਦੀਆਂ ਹਨ। ਬੇਮੁਹਾਰੀ ਅਜ਼ਾਦੀ ਬਰਬਾਦੀ ਦਾ ਕਾਰਨ ਬਣ ਸਕਦੀ ਹੈ। ਕੁਝ ਵਿਦਿਆਰਥੀ ਅਧਿਆਪਕ ਦਾ ਕਹਿਣਾ ਨਾ ਮੰਨਣ ਅਤੇ ਸਕੂਲ ਦਾ ਵਿੱਦਿਅਕ ਮਾਹੌਲ ਭੰਗ ਕਰਨ ਨੂੰ ਆਪਣੀ ਸ਼ਾਨ ਸਮਝਣ ਲੱਗਦੇ ਹਨ ਅਤੇ ਬੇਸਮਝੀ ਵਿੱਚ ਆਪਣਾ ਭਵਿੱਖ ਬਰਬਾਦ ਕਰ ਲੈਂਦੇ ਹਨ।
ਅਨੁਸ਼ਾਸਨ ਦੀ ਕਮੀ - ਵਰਤਮਾਨ ਸਮੇਂ ਵਿੱਚ ਵਿਦਿਆਰਥੀਆਂ ਵਿੱਚ ਅਨੁਸ਼ਾਸਨਹੀਣਤਾ ਵਧ ਰਹੀ ਹੈ। ਪਦਾਰਥਵਾਦੀ ਯੁੱਗ ਵਿੱਚ ਵਿੱਦਿਆ ਵਪਾਰ ਬਣ ਗਈ ਹੈ। ਅਧਿਆਪਕ ਅਤੇ ਵਿਦਿਆਰਥੀ ਵਿੱਚ ਪਹਿਲਾਂ ਵਰਗੀ ਨੇੜਤਾ ਨਹੀਂ ਰਹੀ। ਅੱਜ ਅਧਿਆਪਕ ਵਿਦਿਆਰਥੀ ਦੀ ਭਲਾਈ ਲਈ ਵੀ ਉਸ ਨੂੰ ਝਿੜਕ ਨਹੀਂ ਸਕਦਾ। ਭਾਵੇਂ ਮਨੋਵਿਗਿਆਨਿਕ ਦ੍ਰਿਸ਼ਟੀਕੋਣ ਤੋਂ ਇਹ ਠੀਕ ਹੈ ਪਰ ਕੁਝ ਸਿੱਖਿਆ-ਸ਼ਾਸਤਰੀ ਇਹ ਮੰਨਦੇ ਹਨ ਕਿ ਚੰਗੇ ਕੰਮਾਂ ਲਈ ਇਨਾਮ ਅਤੇ ਗ਼ਲਤ ਲਈ ਸਜ਼ਾ ਦਾ ਵਿਧਾਨ ਹੋਣਾ ਜ਼ਰੂਰੀ ਹੈ ਕਿਉਂਕਿ ਇਸ ਨਾਲ ਵਿਦਿਆਰਥੀਆਂ ਨੂੰ ਅਨੁਸ਼ਾਸਨ ਵਿੱਚ ਰੱਖਿਆ ਜਾ ਸਕਦਾ ਹੈ, ਪਰ ਲਾਜ਼ਮੀ ਸਿੱਖਿਆ ਦੇ ਕਨੂੰਨ ਅਧੀਨ ਵਿਦਿਆਰਥੀਆਂ ਨੂੰ ਸਜ਼ਾ ਦੇਣ ਦੀ ਥਾਂ ਉਹਨਾਂ ਵਿੱਚ ਸ਼ੈ-ਅਨੁਸ਼ਾਸਨ ਪੈਦਾ ਕਰਨ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਸਿੱਖਿਆ ਪ੍ਰਨਾਲੀ ਅਤੇ ਮੁਲਾਂਕਣ - ਅਨੁਸ਼ਾਸਨਹੀਣਤਾ ਲਈ ਪਰੀਖਿਆ-ਪ੍ਰਨਾਲੀ ਨੂੰ ਵੀ ਦੋਸ਼ੀ ਮੰਨਿਆ ਜਾਂਦਾ ਹੈ। ਵਿਦਿਆਰਥੀ ਦੁਆਰਾ ਪ੍ਰਾਪਤ ਕੀਤੇ ਅੰਕਾਂ ਨੂੰ ਹੀ ਉਸਦੇ ਚੰਗੇ ਜਾਂ ਮਾੜੇ ਹੋਣ ਦਾ ਆਧਾਰ ਮੰਨਿਆ ਜਾਂਦਾ ਹੈ ਅਤੇ ਬਾਕੀ ਗੁਣ ਜਾਂ ਔਗੁਣ ਅੱਖੋਂ ਪਰੋਖੇ ਕਰ ਦਿੱਤੇ ਜਾਂਦੇ ਹਨ, ਪਰ ਕੁਝ ਸਾਲਾਂ ਤੋਂ ਲਗਾਤਾਰ ਸਮੁੱਚਾ ਮੁੱਲਾਂਕਣ ( CCE ) ਪ੍ਰਨਾਲੀ ਲਾਗੂ ਹੋ ਗਈ ਹੈ ਜਿਸ ਵਿੱਚ ਵਿਦਿਆਰਥੀ ਦੀ ਸਰਬ ਪੱਖੀ ਕਾਰਜਸ਼ੀਲਤਾ ਦੇ ਆਧਾਰ ਉੱਤੇ ਮੁਲਾਂਕਣ ਕੀਤਾ ਜਾਂਦਾ ਹੈ। ਇਸ ਪ੍ਰਨਾਲੀ ਦੇ ਲਾਗੂ ਹੋਣ ਨਾਲ ਵਿਦਿਆਰਥੀਆਂ ਵਿੱਚ ਵਧ ਰਹੀ ਅਨੁਸ਼ਾਸਨਹੀਣਤਾ ਵਿੱਚ ਸੁਧਾਰ ਹੋਣ ਦੀ ਆਸ ਹੈ।
ਸਮਾਜ ਦੀ ਜੁੰਮੇਵਾਰੀ - ਸਮਾਜ ਵੀ ਵਿਦਿਆਰਥੀਆਂ ਵਿੱਚ ਅਨੁਸ਼ਾਸਨਹੀਣਤਾ ਪੈਦਾ ਕਰਨ ਲਈ ਜੁੰਮੇਵਾਰ ਹੈ। ਪਦਾਰਥਵਾਦੀ ਯੁੱਗ ਵਿੱਚ ਬੰਦੇ ਦੀ ਕੀਮਤ ਉਸ ਦੀਆਂ ਨੈਤਿਕ ਕਦਰਾਂ-ਕੀਮਤਾਂ ਨਾਲ ਨਹੀਂ ਸਗੋਂ ਉਸ ਦੇ ਪੈਸੇ ਅਤੇ ਰੁਤਬੇ ਨੂੰ ਦੇਖ ਕੇ ਪਾਈ ਜਾਂਦੀ ਹੈ। ਬਹੁਤੇ ਮਾਪੇ ਵੀ ਆਪਣੇ ਬੱਚਿਆਂ ਨੂੰ ਨੈਤਿਕਤਾ ਸਿਖਾਉਣ ਪੱਖੋਂ ਅਵੇਸਲੇ ਹਨ। ਉਹਨਾਂ ਦਾ ਬਹੁਤਾ ਧਿਆਨ ਇਸ ਪੱਖ ਉੱਤੇ ਹੀ ਕੇਂਦਰਿਤ ਰਹਿੰਦਾ ਹੈ ਕਿ ਬੱਚਾ ਚੰਗੇ ਨੰਬਰਾਂ ਵਿੱਚ ਵੱਡੀਆਂ ਡਿਗਰੀਆਂ ਪ੍ਰਾਪਤ ਕਰਕੇ ਚੰਗੀ ਕਮਾਈ ਕਰਨ ਯੋਗ ਹੋ ਜਾਵੇ। ਅਜਿਹੇ ਆਲੇ-ਦੁਆਲੇ ਵਿੱਚ ਵਿਦਿਆਰਥੀ ਅਨੁਸ਼ਾਸਨ ਦੀ ਪਰਵਾਹ ਨਹੀਂ ਕਰਦੇ।
ਬੱਚਿਆਂ 'ਤੇ ਸਿਨਮੇ ਅਤੇ ਟੈਲੀਵੀਜ਼ਨ ਦੇ ਪ੍ਰਭਾਵ - ਸਿਨਮਾ ਅਤੇ ਟੈਲੀਵੀਜ਼ਨ ਦੇ ਪ੍ਰਭਾਵ ਸਦਕਾ ਅੱਜ ਦੇ ਵਿਦਿਆਰਥੀ ਫ਼ੈਸ਼ਨ ਵੱਲ ਵਧੇਰੇ ਖਿੱਚੇ ਜਾ ਰਹੇ ਹਨ। ਸਕੂਲਾਂ ਵਿੱਚ ਨਿਯਮਾਂ ਅਨੁਸਾਰ ਵਰਦੀ ਪਹਿਨਣਾ ਉਹਨਾਂ ਨੂੰ ਚੰਗਾ ਨਹੀਂ ਲੱਗਦਾ। ਸਾਦਗੀ ਅੱਜ ਦੇ ਵਿਦਿਆਰਥੀ ਦੇ ਜੀਵਨ ਵਿੱਚੋਂ ਮਨਫ਼ੀ ਹੁੰਦੀ ਜਾ ਰਹੀ ਹੈ। ਕੁਝ ਸ਼ਰਾਰਤੀ ਲੋਕਾਂ ਦੇ ਢਹੇ ਚੜ੍ਹ ਕੇ ਕਈ ਵਿਦਿਆਰਥੀ ਨਸ਼ਿਆਂ ਦੀ ਦਲਦਲ ਵਿੱਚ ਫਸ ਜਾਂਦੇ ਹਨ। ਵਿਦਿਆਰਥੀ-ਜੀਵਨ ਵਿੱਚ ਹੀ ਨਸ਼ਿਆਂ ਦੇ ਆਦੀ ਹੋਏ ਬੱਚੇ ਸਦਗੁਣਾਂ ਤੋਂ ਦੂਰ ਹੋ ਜਾਂਦੇ ਹਨ।
ਸਾਰੰਸ਼ - ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਿਰਫ਼ ਵਿਦਿਆਰਥੀਆਂ ਲਈ ਹੀ ਨਹੀਂ ਸਗੋਂ ਸਭ ਲਈ ਅਨੁਸ਼ਾਸਨ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੈ। ਜਿਵੇਂ ਢਿੱਲੀਆਂ ਤਾਰਾਂ ਵਾਲੀ ਵੀਣਾ ਵਿੱਚੋਂ ਸੰਗੀਤ ਪੈਦਾ ਨਹੀਂ ਹੁੰਦਾ ਅਤੇ ਘੇਰੇ ਵਿੱਚ ਬੰਨ੍ਹ ਕੇ ਰੱਖੇ ਬਿਨਾਂ ਭਾਫ਼, ਇੰਜਣ ਨਹੀਂ ਚਲਾ ਸਕਦੀ ਬਿਲਕੁਲ ਇਵੇਂ ਹੀ ਅਨੁਸ਼ਾਸਨਹੀਣ ਵਿਦਿਆਰਥੀ ਆਪਣੀ ਮੰਜ਼ਲ ਪ੍ਰਾਪਤ ਨਹੀਂ ਕਰ ਸਕਦੇ। ਸਫ਼ਲਤਾ ਦਾ ਸੁਆਦ ਚੱਖਣ ਲਈ ਅਤੇ ਦੇਸ਼ ਦੇ ਚੰਗੇ ਨਾਗਰਿਕ ਬਣਨ ਲਈ ਅਨੁਸ਼ਾਸਨ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ।
4 Comments
This is long
ReplyDeleteThis is to long plese send shorly
DeleteThanks g thanku very much g
ReplyDeleteSo nice and good it gives ideas to students how to write essays
ReplyDelete