Punjabi Essay, Lekh on "Mera Manbhaunda Sahitkar", "ਮੇਰਾ ਮਨਭਾਉਂਦਾ ਸਾਹਿਤਕਾਰ" Punjabi Paragraph, Speech for Class 8, 9, 10, 11, 12 Students.

ਮੇਰਾ ਮਨਭਾਉਂਦਾ ਸਾਹਿਤਕਾਰ 
Mera Manbhaunda Sahitkar



ਜਾਣ-ਪਛਾਣ 

ਮੈਨੂੰ ਸਾਹਿਤ ਪੜ੍ਹਨ ਦਾ ਬਹੁਤ ਸ਼ੌਕ ਹੈ। ਉਂਝ ਤਾਂ ਬਹੁਤ ਸਾਰੇ ਸਾਹਿਤਕਾਰ ਮੇਰੇ ਪਸੰਦੀਦਾ ਹਨ ਪਰ ਨਾਨਕ ਸਿੰਘ ਨਾਵਲਕਾਰ ਮੇਰੇ ਮਨਭਾਉਂਦੇ ਸਾਹਿਤਕਾਰ ਹਨ। ਨਾਨਕ ਸਿੰਘ ਪੰਜਾਬੀ ਦਾ ਪ੍ਰਸਿੱਧ ਨਾਵਲਕਾਰ ਹੋਇਆ ਹੈ। ਉਹ ਪੰਜਾਬੀ ਵਿੱਚ ਸਭ ਤੋਂ ਵੱਧ ਨਾਵਲ ਲਿਖਣ ਵਾਲਾ ਅਤੇ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਨਾਵਲਕਾਰ ਹੈ। ਉਸ ਦੇ ਨਾਵਲਾਂ ਬਾਰੇ ਆਮ ਪਾਠਕਾਂ ਦਾ ਪ੍ਰਭਾਵ ਹੈ ਕਿ ਉਹ ਇੱਕ ਵਾਰੀ ਪੜ੍ਹਨੇ ਸ਼ੁਰੂ ਕੀਤੇ ਜਾਣ ਤਾਂ ਮੁੱਕਣ ਤੱਕ ਛੱਡਣ ਨੂੰ ਮਨ ਨਹੀਂ ਕਰਦਾ। ਨਾਨਕ ਸਿੰਘ ਪੰਜਾਬੀ ਦਾ ਹਰਮਨ-ਪਿਆਰਾ ਲੇਖਕ ਹੋਇਆ ਹੈ। 


ਜਨਮ ਅਤੇ ਮਾਤਾ-ਪਿਤਾ 

ਨਾਨਕ ਸਿੰਘ ਦਾ ਜਨਮ ਮਾਤਾ ਲੱਛਮੀ ਦੀ ਕੁੱਖੋਂ 5 ਜੁਲਾਈ, 1897 ਈ : ਨੂੰ ਪਿੰਡ ਚੱਕ ਹਮੀਦ, ਜ਼ਿਲ੍ਹਾ ਜਿਹਲਮ (ਹੁਣ ਪਾਕਿਸਤਾਨ ) ਵਿੱਚ ਹੋਇਆ। ਉਸ ਦੇ ਪਿਤਾ ਦਾ ਨਾਂ ਸੀ ਬਹਾਦਰ ਚੰਦ ਸੂਰੀ ਸੀ ਜੋਕਿ ਇੱਕ ਵਪਾਰੀ ਸਨ। | ਬਚਪਨ ਵਿੱਚ ਨਾਨਕ ਸਿੰਘ ਦਾ ਨਾਂ ਹੰਸ ਰਾਜ ਸੀ ਉਸ ਨੇ ਪਿੰਡ ਦੇ ਸਕੂਲ ਤੋਂ ਪੰਜਵੀਂ ਪਾਸ ਕੀਤੀ। ਜਦੋਂ ਉਹ ਛੇਵੀਂ ਵਿੱਚ ਪੜ੍ਹਦਾ ਸੀ ਤਾਂ ਉਸ ਦੇ ਪਿਤਾ ਜੀ ਦੀ ਮੌਤ ਹੋ ਗਈ। ਇਸ ਲਈ ਉਸ ਨੂੰ ਪੜ੍ਹਾਈ ਵਿਚਾਲੇ ਛੱਡ ਕੇ ਰੋਜ਼ੀ ਕਮਾਉਣ ਲਈ ਕਿਰਤ ਕਰਨੀ ਪਈ। | ਉਸ ਨੇ ਹਲਵਾਈ ਦੀ ਦੁਕਾਨ ਉੱਤੇ ਭਾਂਡੇ ਮਾਂਜੇ ਅਤੇ ਮੇਲਿਆਂ ਵਿੱਚ ਜਾ ਕੇ ਕੁਲਫ਼ੀਆਂ ਤੱਕ ਵੇਚੀਆਂ।


ਸਾਹਿਤ ਲਿਖਣ ਦੀ ਸ਼ੁਰੂਆਤ 

ਤੇਰਾਂ ਸਾਲਾਂ ਦੀ ਉਮਰ ਵਿੱਚ ਉਸ ਨੇ ਕਵਿਤਾ ਲਿਖਣੀ ਸ਼ੁਰੂ ਕੀਤੀ। 1911 ਈ. ਵਿੱਚ ਜਦੋਂ ਉਹ ਚੌਦਾਂ ਸਾਲਾਂ ਦਾ ਸੀ, ਉਸ ਦਾ ਪਹਿਲਾ ਕਾਵਿ ਸੰਗ੍ਰਹਿ, “ਸੀਹਰਫ਼ੀ ਹੰਸਰਾਜ' ਛਪਿਆ ਜੋ ਬਹੁਤ ਸਲਾਹਿਆ ਗਿਆ। ਇਸ ਤੋਂ ਬਾਅਦ ਉਸ ਨੇ ਧਾਰਮਿਕ ਗੀਤ ਲਿਖੇ ਜੋ “ਸਤਿਗੁਰ ਮਹਿਮਾ' ਨਾਂ ਹੇਠ ਛਪੇ। ਇਹ ਗੀਤ ਵੀ ਉਸ ਸਮੇਂ ਬਹੁਤ ਹਰਮਨ-ਪਿਆਰੇ ਹੋਏ। 1922 ਈ. ਵਿੱਚ ਉਹ ‘ਗੁਰੂ ਕੇ ਬਾਗ ਦੇ ਮੋਰਚੇ ਸਮੇਂ ਜੇਲ੍ਹ ਗਿਆ। ਉੱਥੇ ਉਸ ਨੇ ਪ੍ਰੇਮ ਚੰਦ ਦੇ ਨਾਵਲ ਪੜ੍ਹੇ ਜਿਨ੍ਹਾਂ ਤੋਂ ਉਸ ਨੂੰ ਨਾਵਲ ਲਿਖਣ ਦੀ ਪ੍ਰੇਰਨਾ ਮਿਲੀ। ਇੱਥੇ ਹੀ ਉਸ ਨੇ ਆਪਣਾ ਪਹਿਲਾ ਨਾਵਲ ‘ਅੱਧ ਖਿੜੀ ਕਲੀ' ਲਿਖਿਆ ਜੋ ਪਿੱਛੋਂ ‘ਅੱਧ ਖਿੜਿਆ ਫੁੱਲ' ਨਾਂ ਹੇਠ ਛਪਿਆ। 


ਵਿਆਹ ਅਤੇ ਹੋਰ ਰਚਨਾਵਾਂ 

1924 ਈ . ਵਿੱਚ ਉਸ ਦਾ ਵਿਆਹ ਰਾਜ ਕੌਰ ਨਾਲ ਹੋ ਗਿਆ। ਇਸ ਅਰਸੇ ਵਿੱਚ ਉਸਨੇ ‘ਮਤਰੇਈ ਮਾਂ’, ‘ਕਾਲ ਚੱਕਰ’, ‘ਪ੍ਰੇਮ ਸੰਗੀਤ ਆਦਿ ਨਾਵਲ ਲਿਖੇ। 1931 ਈ. ਦੇ ਨੇੜੇ ਨਾਨਕ ਸਿੰਘ ਨੇ ‘ਚਿੱਟਾ ਲਹੂ ਲਿਖਿਆ। ਇਸ ਨਾਵਲ ਨਾਲ ਉਹ ਨਾਵਲਕਾਰ ਦੇ ਤੌਰ 'ਤੇ ਪ੍ਰਸਿੱਧ ਹੋ ਗਿਆ। ਕੁਝ ਵਰ੍ਹੇ ਪਿੱਛੋਂ ਨਾਨਕ ਸਿੰਘ ਦਾ ਸੰਪਰਕ ਗੁਰਬਖ਼ਸ਼ ਸਿੰਘ ਪ੍ਰੀਤਲੜੀ ਨਾਲ਼ ਬਇਆ। ਉਹ ਗੁਰਬਖ਼ਸ਼ ਸਿੰਘ ਦੇ ‘ਸੰਸਾਰ ਪ੍ਰੀਤ ਮੰਡਲ ਦਾ ਮੈਂਬਰ ਬਣ ਕੇ ਪ੍ਰੀਤਨਗਰ ਰਹਿਣ ਲੱਗਾ। ਉੱਥੇ ਉਸ ਨੇ ਐਕਟਿਵਿਟੀ ਸਕੂਲ ਵਿੱਚ ਕੁਝ ਸਮਾਂ ਅਧਿਆਪਕ ਦੇ ਤੌਰ 'ਤੇ ਕੰਮ ਵੀ ਕੀਤਾ। ਉਹ ਗੁਰਬਖ਼ਸ਼ ਸਿੰਘ ਦੇ ਪੀਤ-ਫ਼ਲਸਫ਼ੇ ਤੋਂ ਪ੍ਰਭਾਵਿਤ ਹੋਇਆ। ਇਸ ਦੌਰਾਨ ਉਸ ਨੇ “ਗਰੀਬ ਦੀ ਦੁਨੀਆ’, ‘ਪਿਆਰ ਦੀ ਦੁਨੀਆ’ ਅਤੇ ‘ਜੀਵਨ ਸੰਗਰਾਮ ਨਾਵਲ ਲਿਖੇ। 


ਦੇਸ ਦੀ ਵੰਡ ਦਾ ਪ੍ਰਭਾਵ 

ਦੇਸ-ਵੰਡ ਸਮੇਂ ਨਾਨਕ ਸਿੰਘ ਅੰਮ੍ਰਿਤਸਰ ਰਹਿ ਰਿਹਾ ਸੀ। ਉਸ ਨੇ ਫ਼ਿਰਕੂ ਫ਼ਸਾਦਾਂ ਦੇਆਨਕ ਦ੍ਰਿਸ਼ਾਂ ਨੂੰ ਅੱਖੀ ਡਿੱਠਾ ਅਜਿਹੇ ਦ੍ਰਿਸ਼ ਤੱਕ ਕੇ ਉਹ ਹਲੂਇਆ ਗਿਆ ਅਤੇ ਉਸ ਦੇ ਮਨ ਉੱਤੇ ਇਹਨਾਂ ਦੇ ਅਮਿੱਟ ਪ੍ਰਭਾਵ ਪਏ। ਇਹਨਾਂ ਪ੍ਰਭਾਵਾਂ ਨੂੰ ਉਸ ਨੇ ਆਪਣੇ ਨਾਵਲਾਂ ‘ਖੂਨ ਦੇ ਸੋਹਿਲੇ, “ਅੱਗ ਦੀ ਖੇਡ ’, ‘ਮੰਝਦਾਰ ਅਤੇ ‘ਚਿੱਤਰਕਾਰ ਵਿੱਚ ਉਲੀਕਿਆ।


ਪ੍ਰਸਿੱਧ ਰਚਨਾਵਾਂ 

1971 ਈ . ਤੱਕ, ਆਪਣੇ ਅੰਤਲੇ ਵਰ੍ਹੇ ਉਸ ਨੇ ਪ੍ਰੀਤਨਗਰ ਵਿੱਚ ਹੀ ਬਿਤਾਏ। ਉਸ ਦੇ ਕੁਝ ਹੋਰ ਪ੍ਰਸਿੱਧ ਨਾਵਲ ਹਨ ; ‘ਪਵਿੱਤਰ ਪਾਪੀ, “ਆਦਮ ਖੋਰ’, ‘ਸੰਗਮ’, ‘ਪੁਜਾਰੀ', 'ਟੁੱਟੀ ਵੀਣਾ’, ‘ਗੰਗਾ ਜਲੀ ਵਿੱਚ ਸ਼ਰਾਬ’, ‘ਇੱਕ ਮਿਆਨ ਦੋ ਤਲਵਾਰਾਂ’, ‘ਕੋਈ ਹਰਿਆ ਬੂਟ ਰਹਿਓ ਰੀ”, “ਗਗਨ ਦਮਾਮਾ ਬਾਜਿਓ। ਉਸ ਦੇ ਨਾਵਲ ‘ਇੱਕ ਮਿਆਨ ਦੋ ਤਲਵਾਰਾਂ ਨੂੰ ਸਾਹਿਤ ਅਕਾਡਮੀ ਵੱਲੋਂ ਇਨਾਮ ਮਿਲਿਆ ਹੈ। ਉਸ ਦੇ ਨਾਵਲ ‘ਪਵਿੱਤਰ ਪਾਪੀ ਉੱਤੇ ਇਸੇ ਨਾਂ ਦੀ ਫ਼ਿਲਮ ਵੀ ਬਣ ਚੁੱਕੀ ਹੈ। ਨਾਨਕ ਸਿੰਘ ਨੇ ਨਾਵਲਾਂ ਤੋਂ ਬਿਨਾਂ ਕਹਾਣੀਆਂ ਵੀ ਲਿਖੀਆਂ ਹਨ। ਉਸ ਦੇ ਨਾਵਲਾਂ ਵਾਂਗ ਇਹ ਵੀ ਬਹੁਤ ਰੋਚਕ ਹਨ। ਨਾਨਕ ਸਿੰਘ ਨੇ ਸਮਾਂ ‘ਲੋਕ ਸਾਹਿਤ' ਨਾਂ ਦਾ ਮਾਸਿਕ ਪੱਤਰ ਵੀ ਸੰਪਾਦਿਤ ਅਤੇ ਪ੍ਰਕਾਸ਼ਿਤ ਕੀਤਾ। 


ਮਾਨਵਵਾਦੀ ਅਤੇ ਸੁਧਾਰਵਾਦੀ ਲੇਖਕ 

ਨਾਨਕ ਸਿੰਘ ਨੇ ਆਪਣੀਆਂ ਰਚਨਾਵਾਂ ਵਿੱਚ ਆਪਣੇ ਸਮੇਂ ਦੇ ਸਮਾਜ ਦੀਆਂ ਲਗ-ਪਗ ਸਾਰੀਆਂ ਸਮੱਸਿਆਵਾਂ ਨੂੰ ਛੂਹਿਆ। ਉਸ ਨੇ ਊਚ-ਨੀਚ, ਜਾਤ-ਪਾਤ, ਫ਼ਿਰਕਾਪ੍ਰਸਤੀ ਅਤੇ ਮਨੁੱਖਾਂ ਵਿਚਕਾਰ ਹਰ ਪ੍ਰਕਾਰ ਦੇ ਵਿਤਕਰੇ ਦੀ ਨਿਖੇਧੀ ਕੀਤੀ।ਉਹ ਗਰੀਬਾਂ, ਮਜ਼ਲੂਮਾਂ ਅਤੇ ਵਿਸ਼ੇਸ਼ ਕਰਕੇ ਇਸਤਰੀਆਂ ਦੇ ਦੁੱਖ-ਦਰਦ ਨੂੰ ਬਿਆਨ ਕਰਦਾ ਸੀ। ਮੁੱਖ ਤੌਰ 'ਤੇ ਉਹ ਮਾਨਵਵਾਦੀ ਅਤੇ ਸੁਧਾਰਵਾਦੀ ਲੇਖਕ ਸੀ। ਨਾਨਕ ਸਿੰਘ ਦੀ ਸ਼ਖ਼ਸੀਅਤ ਉਸ ਦੀਆਂ ਲਿਖਤਾਂ ਵਿੱਚ ਅਤੇ ਉਸ ਦੇ ਸਿਰਜੇ ਪਾਤਰਾਂ ਵਿੱਚ ਝਲਕਦੀ ਹੈ। ਆਪਣੇ ਨਿੱਜੀ ਜੀਵਨ ਵਿੱਚ ਉਹ ਸ਼ਾਂਤ ਸੁਭਾਅ ਅਤੇ ਸਾਦਾ ਆਦਤਾਂ ਵਾਲਾ ਮਨੁੱਖ ਸੀ। ਉਹ ਸੰਕਟਾਂ ਅਤੇ ਮੁਸੀਬਤਾਂ ਵਿੱਚ ਵੀ ਚੜ੍ਹਦੀ ਕਲਾ ਵਿੱਚ ਰਹਿੰਦਾ ਸੀ ਉਹ ਬੜਾ ਮਿਹਨਤੀ ਮਨੁੱਖ ਸੀ। ਭਾਵੇਂ ਉਸ ਦੀ ਸਕੂਲੀ ਵਿੱਦਿਆ ਬੜੀ ਨਿਗੂਣੀ ਸੀ ਪਰ ਸੈ-ਅਧਿਐਨ ਸਦਕਾ ਉਹ ਇੱਕ ਪੋੜ ਸਾਹਿਤਕਾਰ ਬਣ ਗਿਆ। 


ਸਾਰੰਸ਼ 

ਨਾਨਕ ਸਿੰਘ ਲਗਨ ਅਤੇ ਸਿਰੜ ਵਾਲਾ ਸਾਹਿਤਕਾਰ ਸੀ। ਉਸ ਨੇ ਆਪਣੇ ਆਖਰੀ ਸਮੇਂ ਤੱਕ ਸਾਹਿਤ-ਰਚਨਾ ਕਰਕੇ ਪੰਜਾਬੀ ਸਾਹਿਤ ਨੂੰ ਅਮੀਰ ਕੀਤਾ। ਪੰਜਾਬੀ ਬੋਲੀ ਨੂੰ ਆਪਣੇ ਅਜਿਹੇ ਸਪੂਤਾਂ 'ਤੇ ਹਮੇਸ਼ਾਂ ਮਾਣ ਰਹੇਗਾ।




Post a Comment

0 Comments