Punjabi Essay, Lekh on "Ankhi Thida Mela", "ਅੱਖੀ ਡਿੱਠਾ ਮੇਲਾ " Punjabi Paragraph, Speech for Class 8, 9, 10, 11, 12 Students.

ਅੱਖੀ ਡਿੱਠਾ ਮੇਲਾ  
Ankhi Thida Mela




ਭੂਮਿਕਾ 
Introduction

ਮੇਲੇ ਵੇਖਣ ਦਾ ਮੈਨੂੰ ਬਹੁਤ ਸ਼ੌਕ ਹੈ। ਸਾਡੇ ਪਿੰਡ ਦੇ ਨੇੜੇ-ਨੇੜੇ ਸਾਲ ਵਿੱਚ ਕਈ ਮੇਲੇ ਲੱਗਦੇ ਹਨ। ਇਹਨਾਂ ਸਾਰਿਆਂ ਨੂੰ ਵੇਖਣ ਦਾ ਬੜਾ ਚਾਅ ਹੁੰਦਾ ਹੈ ਪਰ ਦਸਹਿਰੇ ਦਾ ਮੇਲਾ ਇਹਨਾਂ ਸਾਰਿਆਂ ਵਿਚੋਂ ਵੱਡਾ ਹੁੰਦਾ ਹੈ। ਮੈਨੂੰ ਇਸ ਦੀ ਸਭ ਤੋਂ ਵੱਧ ਖਿੱਚ ਹੁੰਦੀ ਹੈ। ਇਸ ਵਾਰੀ ਮੇਲੇ ਦੀ ਯਾਦ ਮੇਰੇ ਮਨ ਵਿੱਚ ਹੁਣ ਤੱਕ ਤਾਜ਼ਾ ਹੈ। 


ਮੇਲੇ ਦੀ ਆਮਦ 
The arrival of the fair 

ਅਸੀਂ ਇਸ ਮੇਲੇ ਦੀ ਕਾਫ਼ੀ ਸਮੇਂ ਤੋਂ ਉਡੀਕ ਕਰ ਰਹੇ ਸੀ। ਉਂਝ ਤਾਂ ਇਸ ਮੇਲੇ ਦਾ ਅਰੰਭ ਇੱਕ ਤਰ੍ਹਾਂ ਨਾਲ ਰਾਮ-ਲੀਲਾ ਨਾਲ ਹੀ ਹੋ ਗਿਆ ਸੀ। ਹਰ ਰੋਜ਼ ਸ਼ਾਮ ਨੂੰ ਖੂਬ ਰੌਣਕ ਹੁੰਦੀ ਹੈ। ਫਿਰ ਵੀ ਦੁਸਹਿਰੇ ਦੇ ਦਿਨ ਦੀ ਆਪਣੀ ਹੀ ਖਿੱਚ ਸੀ। ਘਰ ਵਿੱਚ ਉੱਗਦੇ ਜੋ ਸਾਨੂੰ ਆਉਣ ਵਾਲੇ ਮੇਲੇ ਦੀ ਯਾਦ ਦਿਵਾਉਂਦੇ। ਮੈਂ ਤੇ ਮੇਰੀ ਭੈਣ ਨੇ ਘਰਦਿਆਂ ਤੋਂ ਭਾਨ ਲੈ ਕੇ ਮੇਲੇ ਲਈ ਕਾਫ਼ੀ ਪੈਸੇ ਇਕੱਠੇ ਲਏ ਸਨ। ਸਕੂਲ ਵਿੱਚ ਅਤੇ ਘਰ ਵਿੱਚ ਅਸੀਂ ਰਾਮ-ਲੀਲ੍ਹਾ ਦੀਆਂ ਝਾਕੀਆਂ ਖੇਡਦੇ ਜਾਂ ਉਹਨਾਂ ਪਾਤਰਾਂ ਦੇ ਵਾਰਤਾਲਾਪ ਦੀਆਂ ਨਕਲਾਂ ਲਾਹੁੰਦੇ। ਇੰਝ ਪਤਾ ਹੀ ਨਾ ਲੱਗਾ ਕਿ ਮੇਲੇ ਦਾ ਦਿਨ ਕਦੋਂ ਆ ਗਿਆ। 


ਘਰ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਤਿਆਰ ਕਰਨਾ  
Preparing food at home

ਸਵੇਰੇ ਘਰ ਵਿੱਚ ਦਸਹਿਰੇ ਦੇ ਤਿਉਹਾਰ ਦੀਆਂ ਰਸਮਾਂ ਲਈ ਕਈ ਤਰ੍ਹਾਂ ਦੀਆਂ ਖਾਣ ਵਾਲੀਆਂ ਚੀਜ਼ਾਂ ਬਣਾਈਆਂ ਗਈਆਂ। ਰਸੋਈ ਵੱਲੋਂ ਵੱਖ-ਵੱਖ ਤਰ੍ਹਾਂ ਦੀ ਖੁਸ਼ਬੋ ਦੀਆਂ ਲਪਟਾਂ ਦੱਸ ਰਹੀਆਂ ਸਨ ਕਿ ਅੱਜ ਦਸਹਿਰਾ ਹੈ। ਦੁਪਹਿਰ ਤੱਕ ਅਸੀਂ ਘਰ ਵਿੱਚ ਬਣੀਆਂ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਕਈ ਵਾਰੀ ਖਾਧੀਆਂ ਅਤੇ ਵਿੱਚ-ਵਿਚਾਲੇ ਮੇਲੇ ਵਾਲੇ ਮੈਦਾਨ ਵਿੱਚ ਵੀ ਚੱਕਰ ਲਾਉਂਦੇ ਰਹੇ। ਉੱਥੇ ਸਵੇਰ ਤੋਂ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਵੱਡੇ-ਵੱਡੇ ਪੁਤਲੇ ਖੜੇ ਕੀਤੇ ਜਾ ਰਹੇ ਸਨ। 


ਮੇਲੇ ਵਾਲੀ ਥਾਂ 'ਤੇ ਪਹੁੰਚਣਾ 
Arrive at the fairgrounds

ਦੁਪਹਿਰ ਪਿੱਛੋਂ ਅਸੀ ਮੇਲੇ ਵੱਲ ਚੱਲ ਪਏ। ਗਲੀਆਂ-ਬਜ਼ਾਰਾਂ ਵਿੱਚ ਮੇਲੇ ਨੂੰ ਜਾਂਦੇ ਲੋਕਾਂ ਦੀ ਭੀੜ ਸੀ। ਮੇਲੇ ਵਾਲੀ ਥਾਂ ਇੱਕ ਵੱਖਰਾ ਹੀ ਸੰਸਾਰ ਵੱਸਿਆ ਹੋਇਆ ਸੀ। ਪਿੰਡਾਂ ਵੱਲੋਂ ਵੀ ਹਰ ਉਮਰ ਦੇ ਲੋਕੀ ਰੰਗ-ਬਰੰਗੇ ਕੱਪੜਿਆਂ ਨਾਲ ਸਜੇ ਚਾਈਂ-ਚਾਈਂ ਮੇਲੇ ਵੱਲ ਆ ਰਹੇ ਸਨ। ਦੁਕਾਨਾਂ ਨਾਲ ਸਜੇ ਬਜ਼ਾਰ ਅਤੇ ਵੇਖਣ ਆਏ ਲੋਕ ਭਾਈਚਾਰਕ ਏਕੇ ਨੂੰ ਪ੍ਰਗਟਾ ਰਹੇ ਸਨ। 


ਮੇਲੇ ਦਾ ਦ੍ਰਿਸ਼ 
Scene of the fair

ਮੇਲੇ ਵਿੱਚ ਵੜਦਿਆਂ ਹੀ ਅਸੀਂ ਆਪਾ ਭੁੱਲ ਗਏ। ਚੁਫੇਰੇ ਸੈਂਕੜੇ ਹੀ ਚੀਜ਼ਾਂ ਸਾਡਾ ਧਿਆਨ ਮੱਲੋ-ਮੱਲੀ ਖਿੱਚ ਰਹੀਆਂ ਸਨ-ਖੁਸ਼ੀ ਵਿੱਚ ਖੀਵੀ ਹੋਈ ਗਹਿਮਾ-ਗਹਿਮ ਭੀੜ, ਛੋਟੀਆਂ-ਵੱਡੀਆਂ ਦੁਕਾਨਾਂ ਉੱਤੇ ਸਜੀਆਂ ਚੀਜ਼ਾਂ, ਚੰਡੋਲਾਂ ਉੱਤੇ ਖੁਸ਼ੀ ਵਿੱਚ ਕਿਲਕਾਰੀਆਂ ਮਾਰਦੇ ਝੂਟੇ ਲੈਂਦੇ ਬੱਚੇ, ਭੁਕਾਨਿਆਂ , ਪੀਪਈਆਂ , ਵਾਜਿਆਂ ਆਦਿ ਦਾ ਸ਼ੋਰ ਅਤੇ ਮੇਲੇ ਦੇ ਵਿਚਕਾਰ ਉੱਚੇ ਦਿਸਦੇ ਰਾਵਣ ਤੇ ਉਸ ਦੇ ਸਾਥੀਆਂ ਦੇ ਰੰਗ-ਬਰੰਗੇ ਪੁਤਲੇ। 


ਮੇਲੇ ਵਿੱਚ ਅਨੰਦ ਮਾਣਨਾ 
Enjoy the fair

ਅਸੀਂ ਇੱਕ ਦੂਜੇ ਦੇ ਹੱਥਾਂ ਨੂੰ ਕੰਘੀ ਪਾ ਕੇ ਮੇਲੇ ਦੇ ਇੱਕ ਪਾਸਿਓਂ ਤੁਰਦੇ-ਤੁਰਦੇ ਦੂਜੇ ਪਾਸੇ ਤੱਕ ਗਏ। ਮਨ ਨਹੀਂ ਸੀ ਰੱਜਦਾ। ਮੁੜ-ਮੁੜ ਮੇਲੇ ਵਿੱਚ ਘੁੰਮਣ, ਕਦੇ ਲੋਕਾਂ ਨੂੰ ਅਤੇ ਕਦੇ ਵਿਕਣ ਵਾਲੀਆਂ ਚੀਜ਼ਾਂ ਨੂੰ ਵੇਖਣ ਨੂੰ ਜੀਅ ਕਰਦਾ ਸੀ। ਕੋਲ ਜਿੰਨੇ ਪੈਸੇ ਸਨ, ਅਸੀ ਖਾਣ ਵਾਲੀਆਂ ਚੀਜ਼ਾਂ 'ਤੇ ਹੀ ਖ਼ਰਚ ਕਰ ਦਿੱਤੇ। ਸਾਡੇ ਕੋਲ ਹੋਰ ਪੈਸੇ ਹੁੰਦੇ ਤਾਂ ਅਸੀਂ ਉਹ ਵੀ ਖ਼ਰਚ ਦਿੰਦੇ। ਇਹ ਮੇਲਾ ਸੀ, ਇੱਥੇ ਆਪਣੇ ਆਪ ਦੀ ਸੁੱਧ ਤਾਂ ਰਹਿੰਦੀ ਹੀ ਨਹੀਂ। ਵੱਡੀ ਉਮਰ ਦੇ ਲੋਕ ਆਪਣੇ ਬੱਚਿਆਂ ਲਈ ਨਿੱਕੀਆਂਨਿੱਕੀਆਂ ਚੀਜ਼ਾਂ ਖਰੀਦ ਰਹੇ ਸਨ। ਚੂੜੀਆਂ ਅਤੇ ਹੋਰ ਘਰੇਲੂ ਵਸਤਾਂ ਦੀਆਂ ਦੁਕਾਨਾਂ ਉੱਤੇ ਇਸਤਰੀਆਂ ਦੀ ਭੀੜ ਸੀ। ਸਾਰਾ ਮੇਲਾ ਇੱਕ ਸੀ ਪਰ ਤਾਂ ਵੀ ਵੱਖ-ਵੱਖ ਥਾਂਵਾਂ 'ਤੇ ਘੇਰਿਆਂ ਵਿੱਚ ਲੋਕਾਂ ਦੀ ਭੀੜ ਲੱਗੀ ਹੋਈ ਸੀ। ਕੁਝ ਪਰ੍ਹਾਂ, ਖਿਡਾਰੀ ਖੇਡ ਵਿਖਾ ਰਹੇ ਸਨ ਅਤੇ ਖੇਡ-ਪ੍ਰੇਮੀ ਉਹਨਾਂ ਦੁਆਲੇ ਜੁੜੇ ਹੋਏ ਸਨ। ਕੁਝ ਉਰ੍ਹਾਂ ਇੱਕ ਮਦਾਰੀ ਆਪਏ ਤਮਾਸ਼ੇ ਨਾਲ਼ ਭੀੜ ਨੂੰ ਕੀਲੀ ਖੜ੍ਹਾ ਸੀ। ਹਰ ਉਮਰ ਦੇ ਲੋਕ ਉਸ ਦੀ ਹਰ ਖੇਡ ਦਾ ਅਨੰਦ ਮਾਣ ਰਹੇ ਸਨ। ਇੱਕ ਵੈਦ ਜਿਹਾ ਆਦਮੀ ਟੋਟਕੇ ਦੱਸ-ਹੱਸ ਕੇ ਆਪਣੀਆਂ ਦਵਾਈਆਂ ਵੇਚ ਰਿਹਾ ਸੀ। ਗੱਲ ਕੀ, ਹਰ ਵੇਖਣ ਵਾਲਾ ਅਤੇ ਖ਼ਰੀਦਣ ਵਾਲਾ, ਮੇਲੇ ਦਾ ਅੰਗ ਸੀ।



ਪੁਤਲਿਆਂ ਨੂੰ ਅੱਗ ਲਾਉਣਾ 
Burning idols

ਸ਼ਾਮ ਹੋ ਗਈ ਸੀ। ਸਭ ਦਾ ਧਿਆਨ ਪੁਤਲਿਆਂ ਦੇ ਸਾੜੇ ਜਾਣ ਵੱਲ ਮੁੜ ਰਿਹਾ ਸੀ। ਵੇਖਦਿਆਂ ਹੀ ਰਾਮ, ਲਛਮਣ ਅਤੇ ਹਨੂਮਾਨ ਬਣੇ ਕਲਾਕਾਰ ਨੱਚਦੇ-ਟੱਪਦੇ ਪੁਤਲਿਆਂ ਕੋਲ ਪਹੁੰਚ ਗਏ। ਉਹ ਉੱਚੀ-ਉੱਚੀ ਵਾਰਤਾਲਾਪ ਕਰ ਰਹੇ ਸਨ ਜੋ ਸਾਨੂੰ ਸੁਣਾਈ ਨਹੀਂ ਸੀ ਦਿੰਦੇ। ਕੁਝ ਸਮੇਂ ਪਿੱਛੋਂ ਪੁਤਲਿਆਂ ਨੂੰ ਅੱਗ ਲਾਈ ਗਈ। ਉਹਨਾਂ ਵਿੱਚ ਰੱਖੇ ਪਟਾਕਿਆਂ ਦੇ ਫਟਣ ਦੀਆਂ ਅਵਾਜ਼ਾਂ ਲਗਾਤਾਰ ਆਉਣ ਲੱਗੀਆਂ ਅਤੇ ਨਾਲ਼ ਹੀ ਭੀੜ ਦਾ ਸ਼ੋਰ ਉੱਚਾ ਹੋਇਆ।


ਘਰ ਨੂੰ ਵਾਪਸੀ 
Return home

ਇਸ ਤੋਂ ਪਿੱਛੋਂ ਲੋਕ ਆਪੋ-ਆਪਣੇ ਘਰਾਂ ਨੂੰ ਜਾਣ ਲੱਗ ਪਏ। ਮੈਦਾਨ ਤੋਂ ਨਿਕਲਨ ਵਾਲੇ ਰਾਹਾਂ ਉੱਤੇ ਲੋਕਾਂ ਦਾ ਹੜ੍ਹ ਵਗਣ ਲੱਗ ਪਿਆ। ਮੈਂ ਤੇ ਮੇਰੀ ਭੈਣ ਗੁਆਚ ਜਾਣ ਦੇ ਡਰੋਂ ਬੜੀ ਸਾਵਧਾਨੀ ਨਾਲ ਇੱਕ ਦੂਜੇ ਦਾ ਹੱਥ ਫੜੀ ਘਰ ਨੂੰ ਮੁੜ ਪਏ। ਕੁਝ ਲੋਕਾਂ ਨੇ ਮੇਲੇ ਤੋਂ ਖਰੀਦੀਆਂ ਚੀਜ਼ਾਂ ਹੱਥਾਂ ਵਿੱਚ ਚੁੱਕੀਆਂ ਹੋਈਆਂ ਸਨ। ਸਾਡੇ ਹੱਥ ਖ਼ਾਲੀ ਸਨ, ਪਰ ਸਾਡਾ ਮਨ ਮੇਲੇ ਦੇ ਸੁਆਦ ਨਾਲ ਭਰਿਆ ਹੋਇਆ ਸੀ। ਘਰ ਆ ਕੇ ਕਿੰਨੀ ਦੇਰ ਅਸੀ ਇੱਕ-ਦੂਜੇ ਤੋਂ ਕਾਹਲੇ, ਮੇਲੇ ਦੀਆਂ ਗੱਲਾਂ ਘਰਦਿਆਂ ਨੂੰ ਦੱਸਦੇ ਰਹੇ।


Post a Comment

4 Comments