ਮਨ-ਭਾਉਂਦਾ ਕਵੀ-ਭਾਈ ਵੀਰ ਸਿੰਘ
Mann Bhaunda Kavi - Bhai Veer Singh
ਪੰਜਾਬੀ ਸਾਹਿਤ ਦੇ ਆਕਾਸ਼ ਮੰਡਲ ਵਿੱਚ ਭਾਈ ਸਾਹਿਬ ਭਾਈ ਵੀਰ ਸਿੰਘ ਦਾ ਨਾਂ ਹਮੇਸ਼ਾ ਚਮਕਦਾ ਰਹੇਗਾ । ਆਪ ਆਧੁਨਿਕ ਕਵਿਤਾ ਦੇ ਪਿਤਾਮਾ ਦੇ ਤੌਰ ਤੇ ਜਾਣੇ ਜਾਂਦੇ ਹੋ ।
ਭਾਈ ਵੀਰ ਸਿੰਘ ਦਾ ਜਨਮ 5 ਦਸੰਬਰ 1872 ਈਸਵੀ ਨੂੰ ਡਾਕਟਰ ਚਰਨ ਸਿੰਘ ਦੇ ਘਰ ਅੰਮ੍ਰਿਤਸਰ ਵਿਖੇ ਹੋਇਆ । ਬਚਪਨ ਦਾ ਬਹੁਤਾ ਸਮਾਂ ਆਪ ਦਾ ਆਪਣੇ ਮਾਮਾ ਹਜ਼ਾਰਾ ਸਿੰਘ ਪਾਸ ਗੁਜਰਿਆ । ਜਿਸ ਸਦਕਾ ਉਹਨਾਂ ਦੇ ਅਧਿਆਤਮ ਦਾ ਪ੍ਰਭਾਵ ਭਾਈ ਸਾਹਿਬ ਉੱਤੇ ਬਹੁਤ ਹੀ ਪਿਆ।
ਆਪ ਨੇ ਮੁੱਢਲੀ ਵਿੱਦਿਆ ਤੋਂ ਬਾਅਦ ਮਿਸ਼ਨ ਹਾਈ ਸਕੂਲ ਤੋਂ ਦਸਵੀਂ ਪਾਸ ਕੀਤੀ । ਆਪ ਨੇ ਵੇਖਿਆ ਕਿ ਚੰਗੇ ਵਿਦਵਾਨ ਪੰਜਾਬੀ ਨੂੰ ਗੰਵਾਰੁ ਬੋਲੀ ਸਮਝਦੇ ਸਨ ਤੇ ਪੰਜਾਬੀ ਵਿੱਚ ਰਚਨਾ ਨੂੰ ਲਿਖਣਾ ਬਦਨਾਮੀ ਸਮਝਦੇ ਸਨ, ਇਸ ਲਈ ਆਪ ਦੇ ਪੰਜਾਬੀ ਮਨ ਨੇ ਹੰਭਲਾ ਮਾਰਿਆ ਤੇ ਆਪ ਨੇ ਪੰਜਾਬੀ ਭਾਸ਼ਾ ਦੀ ਉੱਨਤੀ ਦਾ ਬੀੜਾ ਚੁੱਕ ਲਿਆ । ਆਪ ਨੇ ‘ਖਾਲਸਾ ਟਰੈਕਟ ਸੁਸਾਇਟੀ' ਬਣਾਈ ਜਿਸ ਨੇ ਹਜ਼ਾਰਾਂ ਟਰੈਕਟ ਪੰਜਾਬੀ ਵਿੱਚ ਲਿਖ ਕੇ ਲੋਕਾਂ ਵਿੱਚ ਵੰਡੇ ਤੇ ਉਹਨਾਂ ਵਿੱਚੋਂ ਬਹੁਤੇ ਆਪ ਦੇ ਹੀ ਲਿਖੇ ਹੋਏ ਹੁੰਦੇ ਸਨ ।
ਭਾਈ ਵੀਰ ਸਿੰਘ ਨੇ ਪੰਜਾਬੀ ਵਿੱਚ ਕਈ ਵੰਨਗੀਆਂ ਦੀ ਸਾਹਿਤ ਰਚਨਾ ਕੀਤੀ । ਆਪ ਨੇ ਨਵੀਂ ਵਾਰਤਕ, ਨਵੀਂ ਕਹਾਣੀ, ਨਵਾਂ ਨਾਵਲ, ਨਵਾਂ ਨਾਟਕ ਤੇ ਹੋਰ ਅਨੇਕਾਂ ਵਿਸ਼ਿਆਂ ਉੱਤੇ ਲਿਖਿਆ ।
ਵਾਰਤਕ ਦੇ ਖੇਤਰ ਵਿੱਚ ਆਪ ਦੇ ‘ਗੁਰੂ ਨਾਨਕ ਚਮਤਕਾਰ’ ਤੇ ‘ਕਲਗੀਧਰ ਚਮਤਕਾਰ' ਬਹੁਤ ਪ੍ਰਸਿੱਧ ਹਨ । ਇਹ ਉਸ ਸਮੇਂ ਦੇ ਵਾਰਤਕ ਦੇ ਵਧੀਆ ਨਮੂਨੇ ਸਨ । ਇਹਨਾਂ ਪੁਸਤਕਾਂ ਵਿੱਚ ਗੁਰੂ ਸਾਹਿਬਾਨ ਦੀਆਂ ਜੀਵਨੀਆਂ ਤੋਂ ਬਿਨਾਂ ਉਹਨਾਂ ਦੀਆਂ ਸਿਖਿਆਵਾਂ ਵੀ ਦਿੱਤੀਆਂ ਗਈਆਂ ਸਨ । ਉਹਨਾਂ ਦੇ ਪ੍ਰਸਿੱਧ ਨਾਵਲਾਂ ਵਿੱਚ ਸੁੰਦਰੀ, ਵਿਜੈ ਸਿੰਘ, ਸੁਭਾਗ ਜੀ ਦਾ ਸੁਧਾਰ ਅਤੇ ਹੱਥੀਂ ਬਾਬਾ ਨੌਧ ਸਿੰਘ ਤੇ ਸਤਵੰਤ ਕੌਰ ਹਨ । ਇਹ ਨਾਵਲ ਸਾਰੇ ਧਾਰਮਿਕ ਜੀਵਨ ਨਾਲ ਸੰਬੰਧਤ ਹਨ ।
ਰਾਣਾ ਸੂਰਤ ਸਿੰਘ, ਲਹਿਰਾਂ ਦੇ ਹਾਰ, ਬਿਜਲੀਆਂ ਦੇ ਹਾਰ, ਮਟਕ ਹੁਲਾਰੇ, ਪੀਰ ਵੀਣਾ, ਕੰਬਦੀ ਕਲਾਈ, ਕੰਤ ਸਹੇਲੀ ਤੇ ਮੇਰੇ ਸਾਈਆਂ ਜੀਉ ਆਪ ਦੇ ਪ੍ਰਸਿੱਧ ਕਾਵਿ ਸੰਗ੍ਰਹਿ ਹਨ ।
ਮੇਰੇ ਸਾਈਆਂ ਜੀਉ ਕਾਵਿ-ਸੰਗ੍ਰਹਿ ਦੇ ਬਦਲੇ ਵਿੱਚ ਭਾਰਤ ਸਰਕਾਰ ਨੇ ਆਪ ਨੂੰ ਪੰਜਾਹ ਹਜ਼ਾਰ ਰੁਪਏ ਦਾ ਇਨਾਮ ਵੀ ਦਿੱਤਾ ਸੀ। ਆਮ ਤੌਰ ਤੇ ਭਾਈ ਵੀਰ ਸਿੰਘ ਨੂੰ ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਦੇ ਤੌਰ ਉੱਤੇ ਜਾਣਿਆ ਜਾਂਦਾ ਹੈ । ਉਹਨਾਂ ਦੀ ਕਵਿਤਾਵਾਂ ਦਾ ਪ੍ਰਭਾਵ ਏਨਾਂ ਜ਼ੋਰਦਾਰ ਹੁੰਦਾ ਸੀ ਕਿ ਉਹਨਾਂ ਦੀਆਂ ਸਤਰਾਂ ਨੂੰ ਪੜ੍ਹਦੇ ਹੀ ਉਹ ਯਾਦ ਹੋ ਜਾਂਦੀਆਂ ਸਨ ਜਿਵੇ:-
ਹੋਸ਼ਾਂ ਨਾਲੋਂ ਮਸਤੀ ਚੰਗੀ ਰੱਖਦੀ ਸਦਾ ਟਿਕਾਣੇ ।
1952 ਵਿੱਚ ਆਪ ਪੰਜਾਬ ਵਿਧਾਨ ਪ੍ਰੀਸ਼ਦ ਅਤੇ ਦੋ ਵਰਿਆਂ ਬਾਅਦ ਸਾਹਿਤ ਅਕਾਦਮੀ ਦੇ ਮੈਂਬਰ ਨਾਮਜ਼ਦ ਹੋਏ । ਅੰਤ 1957 ਵਿਚ ਆਪ ਨੇ ਅਕਾਲ ਚਲਾਣਾ ਕਰ ਗਏ । ਭਾਈ ਵੀਰ ਸਿੰਘ ਨਵੀਨ ਕਵਿਤਾ ਦੇ ਮੋਢੀ ਸਨ । ਇਹਨਾਂ ਗੁਣਾਂ ਕਰਕੇ ਹੀ ਭਾਈ ਵੀਰ ਸਿੰਘ ਮੇਰਾ ਮਨ ਭਾਉਂਦਾ ਕਵੀ ਹੈ ।
0 Comments