ਡਾ. ਮਨਮੋਹਨ ਸਿੰਘ
Dr. Manmohan Singh
ਡਾ. ਮਨਮੋਹਨ ਸਿੰਘ ਦਾ ਜਨਮ ਵਰਤਮਾਨ ਪਾਕਿਸਤਾਨ ਵਿੱਚ ਲਾਹੌਰ ਤੇ ਇਸਲਾਮਾਬਾਦ ਸਥਿਤ ਗਾਹ ਪਿੰਡ ਵਿੱਚ ਸੰਨ 1932 ਵਿੱਚ ਹੋਇਆ। ਉਹਨਾਂ ਦੇ ਪਿਤਾ ਦਾ ਨਾਂ ਸਰਦਾਰ ਗੁਰਮੁਖ ਸਿੰਘ ਕੋਹਲੀ ਸੀ। ਇਹਨਾਂ ਦੀ ਮਾਤਾ ਦਾ ਨਾਂ ਕ੍ਰਿਸ਼ਨਾ ਕੌਰ ਸੀ ਜਿਹੜੀ ਵਧੇਰੇ ਧਾਰਮਿਕ ਖਿਆਲਾਂ ਦੀ ਸੀ। ਉਹ ਆਪਣੇ ਦੱਸ ਭੈਣ ਭਰਾਵਾਂ ਵਿੱਚ ਸਭ ਤੋਂ ਵੱਡੇ ਸਨ। ਵੰਡ ਤੋਂ ਬਾਅਦ ਉਹਨਾਂ ਦਾ ਪਰਿਵਾਰ ਅੰਮ੍ਰਿਤਸਰ ਦੇ ਤੰਗ-ਬਾਜ਼ਾਰ ਵਿੱਚ ਖੋਤੀਵਾਲਾ ਵਿਖੇ ਆ ਕੇ ਰਹਿਣ ਲੱਗਿਆ ਤੇ ਉਹਨਾਂ ਦੇ ਪਿਤਾ ਜੀ ਡਰਾਈ ਫਰੂਟ ਦੇ ਕਾਰੋਬਾਰ ਵਿੱਚ ਲੱਗ ਗਏ। ਉਹ ਬਚਪਨ ਵਿੱਚ ਹੀ ਸ਼ਾਂਤ, ਗੰਭੀਰ ਤੇ ਉੱਚੀ ਸੋਚ ਦੇ ਮਾਲਕ ਸਨ। ਬਚਪਨ ਵਿੱਚ ਉਹਨਾਂ ਨੂੰ ਪੜ੍ਹਾਈ ਦੇ ਅਲਾਵਾ ਹੋਰ ਕਿਸੇ ਤਰ੍ਹਾਂ ਦਾ ਸ਼ੌਕ ਨਹੀਂ ਸੀ। ਉਹਨਾਂ ਨੇ ਗਿਆਨ ਆਸ਼ਰਮ ਤੇ ਹਿੰਦੂ ਮਹਾਂਸਭਾ ਤੋਂ ਆਰੰਭਿਕ ਸਿੱਖਿਆ ਪ੍ਰਾਪਤ ਕੀਤੀ ਸੀ। ਉਸ ਤੋਂ ਬਾਅਦ ਖਾਲਸਾ ਕਾਲਜ ਹੋਸ਼ਿਆਰਪੁਰ ਤੋਂ ਅਰਥਸ਼ਾਸਤਰ ਵਿਸ਼ੇ ਵਿੱਚ ਪਹਿਲੀ ਸ਼੍ਰੇਣੀ ਅੰਦਰ ਐੱਮ.ਏ. ਦੀ ਪ੍ਰੀਖਿਆ ਪਾਸ ਕੀਤੀ। ਇਹਨਾਂ ਨੇ ਅਰਥਸ਼ਾਸਤਰ ਦੀ ਵਿੱਦਿਆ ਕੈਂਬਰਿਜ ਤੇ ਆਕਸਫੌਰਡ ਤੋਂ ਹਾਸਿਲ ਕੀਤੀ। ਨੌਜਵਾਨ ਅਵਸਥਾ ਅੰਦਰ ਹੀ ਆਪ ਨੇ ਪੀਐੱਚ.ਡੀ. ਦੀ ਡਿਗਰੀ ਹਾਸਲ ਕਰ ਲਈ ਸੀ।
ਉਹਨਾਂ ਦੀ ਸੂਝ-ਬੂਝ ਤੇ ਚੰਗੀ ਪ੍ਰਤਿਭਾ ਨੂੰ ਵੇਖ ਕੇ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਦਾ ਆਰਥਿਕ ਸਲਾਹਕਾਰ ਨਿਯੁਕਤ ਕੀਤਾ ਗਿਆ। ਉਹਨਾਂ ਦੀ ਯੋਗਤਾ ਨੂੰ ਮੁੱਖ ਰੱਖ ਕਿ ਭਾਰਤ ਸਰਕਾਰ ਨੇ ਰਿਜਰਵ ਬੈਂਕ ਦਾ ਗਵਰਨਰ ਨਿਯੁਕਤ ਕੀਤਾ।
ਜਦੋਂ ਕੇਂਦਰ ਵਿੱਚ ਨਰਸਿੰਹਾ ਰਾਓ ਦੇਸ਼ ਦੇ ਪ੍ਰਧਾਨਮੰਤਰੀ ਬਣੇ ਤਾਂ ਡਾ. ਮਨਮੋਹਨ ਸਿੰਘ ਦੇ ਵਿੱਤ ਸੰਬੰਧੀ ਗਿਆਨ ਦਾ ਫਾਇਦਾ ਚੁੱਕਣ ਲਈ ਉਹਨਾਂ ਨੂੰ ਭਾਰਤ ਸਰਕਾਰ ਦਾ ਵਿੱਤ ਮੰਤਰੀ ਨਿਯੁਕਤ ਕੀਤਾ ਗਿਆ। ਇਥੋਂ ਹੀ ਉਹਨਾਂ ਨੇ ਭਾਰਤੀ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ।
ਸੰਨ 2004 ਦੇ ਚੌਦਵੀਂ ਲੋਕਸਭਾ ਚੋਣਾਂ ਵਿੱਚ ਕਾਂਗੇਸ ਦੀ ਜਿੱਤ ਹੋਣ ਤੇ ਡਾ. ਮਨਮੋਹਨ ਨੂੰ ਭਾਰਤ ਦਾ ਪ੍ਰਧਾਨਮੰਤਰੀ ਚੁਣਿਆ ਗਿਆ। 22 ਮਈ, 2004 ਨੂੰ ਭਾਰਤ ਦੇ ਰਾਸ਼ਟਰਪਤੀ ਨੇ ਡਾ. ਮਨਮੋਹਨ ਸਿੰਘ ਨੂੰ ਪ੍ਰਧਾਨਮੰਤਰੀ ਦੇ ਰੂਪ ਵਿੱਚ ਸਹੁੰ ਚੁਕਾਈ।
ਦੇਸ਼ ਦੀ ਬਾਗਡੋਰ ਸੰਭਾਲਦੇ ਹੀ ਉਹਨਾਂ ਨੇ ਇਹ ਐਲਾਨ ਕੀਤਾ ਕਿ ਦੇਸ਼ ਵਿੱਚ ਬਣਨ ਵਾਲੀ ਸਰਕਾਰ ਆਮ ਮਨੁੱਖ ਦੀ ਸਰਕਾਰ ਹੈ। ਉਹਨਾਂ ਨੇ ਕਿਹਾ ਕਿ ਸਾਡਾ ਮੁੱਖ ਏਜੰਡਾ ਭਾਰਤ ਦਾ ਆਰਥਿਕ ਵਿਕਾਸ, ਕਿਸਾਨਾਂ ਦੀ ਦਸ਼ਾ ਨੂੰ ਸੁਧਾਰਣਾ ਤੇ ਨਿੱਕੇ-ਵੱਡੇ ਉਦਯੋਗਾਂ ਨੂੰ ਪ੍ਰੋਤਸਾਹਣ ਦੇਣਾ ਹੈ ਤੇ ਇਸ ਦੇ ਨਾਲ ਹੀ ਵਿਦੇਸ਼ੀ ਨਿਵੇਸ਼ ਵਾਸਤੇ ਨਵੀਂ ਨੀਤੀ ਤਿਆਰ ਕਰਨਾ ਤੇ ਟੈਕਸ-ਪ੍ਰਣਾਲੀ ਨੂੰ ਨਵੇਂ ਸਿਰਿਓਂ ਘੋਖਣਾ ਹੈ।
ਅੱਜ ਸੰਪੂਰਣ-ਦੇਸ਼ ਕਾਮਨਾ ਕਰਦਾ ਹੈ ਕਿ ਇਹਨਾਂ ਦੇ ਸ਼ਾਸਨਕਾਲ ਵਿੱਚ ਦੇਸ਼ ਉੱਨਤੀ ਦੇ ਸ਼ਿਖਰ ਤੇ ਪਹੁੰਚ ਜਾਏਗਾ ਤੇ ਪੂਰੀ ਦੁਨੀਆਂ ਵਿੱਚ ਧਰੂ ਤਾਰੇ ਵਾਂਗ ਚਮਕਦਾ ਰਹੇਗਾ।
0 Comments