ਸਰਦੀ ਦਾ ਦਿਨ
Sardi Da Din
ਸਮਾਂ ਪਰੀਵਰਤਨਸ਼ੀਲ ਹੈ । ਤਬਦੀਲੀ ਕੁਦਰਤ ਦਾ ਅਟੱਲ ਨਿਯਮ ਹੈ । ਸਮੇਂ ਦਾ ਚੱਕਰ ਪਾਸਾ ਬਦਲਦਾ ਰਹਿੰਦਾ ਹੈ। ਇੰਝ ਹੀ ਮੌਸਮ ਅਤੇ ਰੁੱਤ ਵੀ ਇਕੋ ਜਿਹੀ ਨਹੀਂ ਰਹਿੰਦੀ । ਇਸ ਵਿਚ ਵੀ ਤਬਦੀਲੀ ਹੁੰਦੀ ਰਹਿੰਦੀ ਹੈ । ਹਰ ਰੁੱਤ ਆ ਕੇ ਆਪਣਾ ਪੂਰਾ ਜੋਬਨ ਵਿਖਾ ਕੇ ਵਾਪਸ ਮੁੜ ਜਾਂਦੀ ਹੈ । ਦਸੰਬਰ ਅਤੇ ਜਨਵਰੀ ਦੇ ਮਹੀਨੇ ਅਤਿ ਸਰਦੀ ਦੇ ਹੁੰਦੇ ਹਨ।
20 ਦਸੰਬਰ ਨੂੰ ਜ਼ਿਆਦਾ ਹੀ ਸਰਦੀ ਦਾ ਦਿਨ ਸੀ । ਇਸ ਦਿਨ ਸਰਦੀ ਕਾਰਨ ਲੋਕਾਂ ਦੀ ਜ਼ਿੰਦ ਨੱਕ ਵਿਚ ਆਈ ਹੋਈ ਸੀ । ਮੈਨੂੰ ਸਰਦੀ ਕਾਰਨ ਕਾਂਬਾ ਲੱਗਾ ਹੋਇਆ ਸੀ ।
ਠੰਡ ਦੇ ਨਾਲ ਹੱਥ ਪੈਰ ਨੀਲੇ ਹੋ ਰਹੇ ਸਨ । ਮੇਰਾ ਸਰੀਰ ਇੰਝ ਪ੍ਰਤੀਤ ਹੁੰਦਾ ਸੀ ਜਿਵੇਂ ਬਰਫ਼ ਵਿਚ ਲੱਗਾ ਹੋਵੇ । ਮੈਂ ਸਵੇਰੇ ਉੱਠ ਕੇ ਦੇਖਿਆ ਕਿ ਹਰ ਪਾਸੇ ਧੁੰਦ ਹੀ ਧੁੰਦ ਛਾਈ ਹੋਈ ਸੀ । ਧੁੰਦ ਵਿਚੋਂ ਪਾਣੀ ਮੀਂਹ ਵਾਂਗ ਡਿੱਗ ਰਿਹਾ ਸੀ ।
ਮੇਰੇ ਮਾਤਾ ਜੀ ਨੇ ਪਹਿਲਾਂ ਹੀ ਹੀਟਰ ਲਗਾਇਆ ਹੋਇਆ ਸੀ । ਮੈਂ ਹੀਟਰ ਦੇ ਕੋਲ ਜਾ ਕੇ ਬੈਠ ਗਿਆ । ਮੇਰੇ ਮਾਤਾ ਜੀ ਨੇ ਮੈਨੂੰ ਪੀਣ ਲਈ ਗਰਮ-ਗਰਮ ਚਾਹ ਦਾ ਕੱਪ ਦਿੱਤਾ। ਫਿਰ ਮੈਂ ਸਕੂਲ ਜਾਣ ਲਈ ਤਿਆਰ ਹੋ ਗਿਆ|
ਮੈਂ ਗਰਮ ਕਮੀਜ਼ ਅਤੇ ਇਕ ਬਾਹਾਂ ਵਾਲਾ ਸਵੈਟਰ ਪਾ ਲਿਆ। ਪਰ ਫਿਰ ਵੀ ਠੰਢ ਕਾਰਨ ਮੈਨੂੰ ਕਾਂਬਾ ਛਿੜ ਗਿਆ । ਇਸ ਲਈ ਮੈਂ ਗਰਮ ਕੋਟ ਵੀ ਪਾ ਲਿਆ ਤੇ ਸਕੂਲ ਜਾਣ ਲਈ ਤਿਆਰ ਹੋ ਗਿਆ ।
ਇਸ ਲਈ ਮੈਂ ਆਪਣਾ ਸਾਈਕਲ ਬਹੁਤ ਹੌਲੀ ਹੌਲੀ ਚਲਾ ਰਿਹਾ ਸਾਂ। ਸੜਕ ਤੇ ਟਾਵੇਂ-ਟਾਵੇਂ ਲੋਕ ਹੀ ਦਿਖਾਈ ਦਿੰਦੇ ਸਨ। ਟਰੱਕਾਂ , ਕਾਰਾਂ, ਸਕੂਟਰਾਂ ਵਾਲਿਆਂ ਨੇ ਬੱਤੀਆਂ ਜਗਾਈਆਂ ਹੋਈਆਂ ਸਨ ।
ਜਦੋਂ ਮੈਂ ਸਕੂਲ ਪੁੱਜਾ ਤਾਂ ਮੈਂ ਦੇਖਿਆ ਕਿ ਹਾਜ਼ਰੀ ਬਹੁਤ ਘੱਟ ਸੀ । ਪਾਰਥਨਾ ਵੇਲੇ ਵਿਦਿਆਰਥੀ ਥਰਥਰ ਕੰਬ ਰਹੇ ਸਨ । ਉਨਾਂ ਦੇ ਮੂੰਹੋਂ ਇਕ ਸ਼ਬਦ ਵੀ ਨਹੀਂ ਨਿਕਲਦਾ ਸੀ । ਜਮਾਤਾਂ ਵਿਚ ਆ ਕੇ ਅਸੀਂ ਸੁੰਗੜ ਕੇ ਬੈਠ ਗਏ । ਠੰਢ ਕਾਰਨ ਲਿਖਣਾ ਤਾਂ ਇਕ ਪਾਸੇ ਰਿਹਾ ਪੈਨ ਫੜਨਾ ਵੀ ਔਖਾ ਸੀ । ਜਿਵੇਂ-ਜਿਵੇਂ ਕਰਕੇ ਮੈਂ ਚਾਰ ਵਜੇ ਤਕ ਇਹ ਸਰਦੀ ਦਾ ਭਵ-ਸਾਗਰ ਪਾਰ ਕੀਤਾ ਅਤੇ ਸਿੱਧਾ ਘਰ ਪੂਜਾ ।
ਮੈਂ ਜਦ ਘਰ ਪੁੱਜਾ ਤਾਂ ਮੇਰੇ ਮਾਤਾ ਜੀ ਨੇ ਪਹਿਲਾਂ ਹੀ ਹੀਟਰ ਲਗਾਇਆ ਹੋਇਆ ਸੀ । ਮੈਂ ਸਕੂਲੋਂ ਜਾਂਦਾ ਹੀ ਹੀਟਰ ਦੇ ਦੁਆਲੇ ਬੈਠ ਗਿਆ ਅਤੇ ਗਰਮ-ਗਰਮ ਚਾਹ ਪੀਤੀ ।
ਠੰਢੀ-ਠੰਢੀ ਹਵਾ ਚੱਲਣ ਕਾਰਨ ਰਾਤ ਨੂੰ ਸਰਦੀ ਹੋਰ ਵੀ ਵਧ ਗਈ । ਮੈਂ ਰੋਟੀ ਖਾ ਕੇ ਰਜ਼ਾਈ ਵਿਚ ਬੈਠ ਕੇ ਸਕੂਲ ਦਾ ਕੰਮ . ਕੀਤਾ । ਸਰਦੀ ਅਤੇ ਧੁੰਦ ਹਾਲੇ ਵੀ ਪੂਰੇ ਜ਼ੋਰਾਂ ਤੇ ਸੀ । ਇਹ 20 ਦਸੰਬਰ ਦਾ ਦਿਨ ਜ਼ਿਆਦਾ ਸਰਦੀ ਦਾ ਦਿਨ ਸੀ ।
0 Comments