ਰੇਲਵੇ ਸਟੇਸ਼ਨ ਦਾ ਦ੍ਰਿਸ਼
Railway Station Da Drishya
ਰੇਲਗੱਡੀਆਂ ਦੀ ਆਵਾਜਾਈ, ਕੁੱਲੀਆਂ ਦੀ ਭੱਜ ਦੋੜ, ਚੀਜ਼ਾਂ ਵੇਚਣ ਵਾਲਿਆਂ ਦੀਆਂ ਅਵਾਜ਼ਾਂ, ਲੋਕਾਂ ਦੀ ਭੀੜ ਆਦਿ ਇਹਨਾਂ ਦਾ ਮਿਲਿਆ ਜਲਿਆ ਰੂਪ ਹੀ ਰੇਲਵੇ ਸਟੇਸ਼ਨ ਹੈ । ਰੇਲਵੇ ਸਟੇਸ਼ਨ ਦਾ ਸ਼ਹਿਰ ਦੇ ਜਨਜੀਵਨ ਵਿਚ ਆਪਣਾ ਵਿਸ਼ੇਸ਼ ਸਥਾਨ ਹੈ । ਰੇਲਵੇ ਸਟੇਸ਼ਨ ਤੇ ਇੱਕਠੀ . ਹੋਈ ਭੀੜ ਵੇਖ ਕੇ ਇੰਜ ਲਗਦਾ ਹੈ ਕਿ ਸਾਰਾ ਦਾ ਸਾਰਾ ਸ਼ਹਿਰ ਹੀ ਕਿਧਰੇ ਜਾ ਰਿਹਾ ਹੋਵੇ ।
ਇਕ ਦਿਨ ਮੈਨੂੰ ਆਪਣੇ ਇਕ ਰਿਸ਼ਤੇਦਾਰ ਨੂੰ ਸਟੇਸ਼ਨ ਤੋਂ ਲਿਆਉਣ ਜਾਣਾ ਪਿਆ । ਸਟੇਸ਼ਨ ਦੇ ਬਾਹਰ ਸਕੂਟਰਾਂ, ਕਾਰਾਂ, ਟੈਕਸੀਆਂ ਦੀ ਭੀੜ ਦੇਖ ਕੇ ਹੈਰਾਨ ਸੀ । ਮੈਂ ਪਲੇਟ ਫਾਰਮ ਟਿਕਟ ਲੈ ਕੇ ਬਹੁਤ ਮੁਸ਼ਕਿਲ ਨਾਲ ਉਥੇ ਤੱਕ ਪਹੁੰਚ ਸਕਿਆ । ਜਿਵੇਂ ਪਿੰਡ ਵਿਚ ਪਹੁੰਚਣ ਤੇ ਚਾਰੇ ਪਾਸੇ ਫ਼ਸਲਾਂ ਹੀ ਫਸਲਾਂ ਨਜ਼ਰ ਆਉਂਦੀਆਂ ਹਨ, ਉਸੇ ਤਰਾਂ ਸਟੇਸ਼ਨ ਦੇ ਚਾਰੇ ਪਾਸੇ ਸਿਰ ਹੀ ਸਿਰ ਨਜ਼ਰ ਆ ਰਹੇ ਸਨ । ਲੋਕਾਂ ਦਾ ਇਨਾਂ ਇੱਕਠ ਵੇਖ ਕੇ ਇਕ ਵਾਰੀ ਤਾਂ ਮੈਂ ਘਬਰਾ ਹੀ ਗਿਆ । ਚਾਰੋ ਪਾਸੇ ਲੋਕੀ ਤੇਜੀ ਨਾਲ ਇੱਧਰ ਉੱਧਰ ਭੱਜੇ ਜਾ ਰਹੇ ਸਨ । ਗੱਡੀਆਂ ਦੇ ਇੰਜਣ ਉੱਚੀ ਉੱਚੀ ਚੀਕਾਂ ਮਾਰ ਰਹੇ ਸਨ ਜਿਵੇਂ ਕਿ ਉਹ ਮੁਸਾਫ਼ਰਾਂ ਨੂੰ ਛੇਤੀ ਸਟੇਸ਼ਨ ਤੇ ਪੁੱਜਣ ਲਈ ਕਹਿ ਰਹੇ ਹੋਣ ।
ਪਲੇਟਫਾਰਮ ਤੇ ਛੋਟੀਆਂ-ਛੋਟੀਆਂ ਦੁਕਾਨਾਂ ਸਨ ਜਿਥੇ ਪਾਨ, ਚਾਹ, ਸਿਗਰਟ ਆਦਿ ਵੇਚੇ ਜਾ ਰਹੇ ਸਨ । ਕੁੱਝ ਲੋਕ ਖਾਣ ਦੀਆਂ ਚੀਜ਼ਾਂ ਖ਼ਰੀਦ ਰਹੇ ਸਨ। ਬਹੁਤੇ ਲੋਕ ਸਾਮਾਨ ਲੈ ਕੇ ਗੱਡੀ ਦੀ ਉਡੀਕ ਕਰ ਰਹੇ ਸਨ। ਕੁੱਝ ਲੋਕ ਅਖ਼ਬਾਰਾਂ ਅਤੇ ਰਸਾਲੇ ਆਦਿ ਪੜ ਰਹੇ ਸਨ । ਮੈਂ ਵੀ ਆਪਣੇ ਰਿਸ਼ਤੇਦਾਰ ਦੇ ਇੰਤਜ਼ਾਰ ਵਿਚ ਉੱਥੇ ਬੈਠ ਗਿਆ ।
ਗੱਡੀ ਦਾ ਇੰਤਜ਼ਾਰ ਕਰਨ ਵਾਲੇ ਕੁੱਲੀ ਸਿਰਾਂ ਤੇ ਸਮਾਨ ਲੱਦੀ ਇਧਰ ਉਧਰ ਜਾ ਰਹੇ ਸਨ । ਉਹਨਾਂ ਤੋਂ ਇਲਾਵਾ ਕੁੱਝ ਪੁਲਿਸ ਵਾਲੇ ਵੀ ਉੱਥੇ ਸਨ । ਕਈ ਗੱਡੀਆਂ ਦੇ ਇੰਜਣਾਂ ਵਿਚ ਪਾਣੀ ਭਰਿਆ ਜਾ ਰਿਹਾ ਸੀ ਅਤੇ ਕਿਧਰੇ ਮਾਲ ਗੱਡੀਆਂ ਵਿਚ ਸਮਾਨ ਚੜਾਇਆ ਜਾ ਰਿਹਾ ਸੀ । ਥਾਂ ਥਾਂ ਤੇ ਭਿਖਾਰੀ ਭਿਖਿਆ ਮੰਗ ਰਹੇ ਸਨ । ਉਹਨਾਂ ਨੂੰ ਦੇਖ ਕੇ ਉਹਨਾਂ ਦੇ ਜੀਵਨ ਉਤੇ ਬਹੁਤ ਤਰਸ ਆ ਰਿਹਾ ਸੀ ।
ਥੋੜੀ ਦੇਰ ਵਿਚ ਹੀ ਰੇਲ ਗੱਡੀ ਆ ਗਈ । ਭੀੜ ਵਿਚ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ । ਲੋਕ ਇਕ ਦੂਜੇ ਨੂੰ ਧੱਕੇ ਮਾਰਦੇ ਅੱਗੇ ਵੱਧ ਰਹੇ ਸਨ । ਮੈਂ ਵੀ ਇੱਧਰ ਉਧਰ ਧੱਕੇ ਮਾਰਦਾ ਅੱਗੇ ਵੱਧ ਕੇ ਆਪਣੇ ਰਿਸ਼ਤੇਦਾਰ ਨੂੰ ਦੇਖਣ ਲਗਿਆ । ਉਹ ਮੈਨੂੰ ਕੁੱਲੀ. ਨਾਲ ਆਉਂਦੇ ਨਜ਼ਰ ਆਏ । ਮੈਂ ਸੁੱਖ ਦਾ ਸਾਹ ਲਿਆ ।
ਪਲੇਟਫਾਰਮ ਦਾ ਦ੍ਰਿਸ਼ ਕਿਸੇ ਮੇਲੇ ਤੋਂ ਘੱਟ ਨਹੀਂ ਹੁੰਦਾ । ਇੱਥੇ ਰੰਗ ਬਿਰੰਗੇ ਕੱਪੜਿਆਂ ਵਿਚ ਇਸਤਰੀ-ਪੁਰਖੇ, ਬੱਚੇ-ਬੁੱਢੇ ਸਭ ਪ੍ਰਕਾਰ ਦੇ ਲੋਕ ਮਿਲਦੇ ਹਨ। ਸਭ ਦੇ ਕੋਲ ਕੁੱਝ ਨਾ ਕੁੱਝ ਸਾਮਾਨ ਹੁੰਦਾ ਹੈ । ਰੇਲਵੇ ਸਟੇਸ਼ਨ ਤੋਂ ਸਹੀ ਸਲਾਮਤ ਆਪਣੇ ਸਮਾਨ ਸਹਿਤ ਵਾਪਸ ਆ ਜਾਣਾ ਇਕ ਮੋਰਚਾ ਜਿੱਤ ਕੇ ਆਉਣ ਦੇ ਬਰਾਬਰ ਹੁੰਦਾ ਹੈ । ਇਸੇ ਪ੍ਰਕਾਰ ਮੈਂ ਆਪਣੇ ਰਿਸ਼ਤੇਦਾਰ ਨਾਲ ਇਹ ਮੋਰਚਾ ਜਿੱਤ ਕੇ ਸਹੀ ਸਲਾਮਤ ਘਰ ਵਾਪਸ ਆ ਗਿਆ ।
2 Comments
Nice
ReplyDeleteThq ....g
ReplyDelete