ਪੰਜਾਬ ਦੇ ਲੋਕ ਗੀਤ
Punjab De Lok Geet
ਜਿਹੜੇ ਗੀਤ ਲੋਕਾਂ ਦੇ ਅਚੇਤ ਮਨਾਂ ਵਿੱਚੋਂ ਆਪ ਮੁਹਾਰੇ ਨਿਕਲ ਪੈਣ ਉਨਾਂ ਨੂੰ ਲੋਕ ਗੀਤ ਆਖਿਆ ਜਾਂਦਾ ਹੈ । ਇਹਨਾਂ ਗੀਤਾਂ ਦੀ ਰਚਨਾ ਸਾਹਿਤਕਾਰਾਂ ਦੁਆਰਾ ਨਹੀਂ ਕੀਤੀ ਜਾਂਦੀ ਸਗੋਂ ਪੰਜਾਬ ਦੀਆਂ ਮੁਟਿਆਰਾਂ, ਗੱਭਰੂਆਂ ਤੇ ਔਰਤਾਂ ਦੁਆਰਾ ਕੀਤੀ ਜਾਂਦੀ ਹੈ । ਜਦੋਂ ਕੋਈ ਖੁਸ਼ੀ ਦਾ ਸਮਾਂ ਹੁੰਦਾ ਹੈ ਜਾਂ ਵਿਆਹ ਰੱਖਿਆ ਹੁੰਦਾ ਹੈ ਉਸ ਸਮੇਂ ਮੁਟਿਆਰਾਂ, ਔਰਤਾਂ ਤੇ ਗੱਭਰੂ ਜੁੜੇ ਹੁੰਦੇ ਹਨ ਢੋਲਕ ਵੱਜਦੀ ਹੈ । ਵਾਤਾਵਰਣ ਦੀ ਰੰਗਤ ਵੇਖ ਕੇ ਆਪ ਮੁਹਾਰੇ ਗੀਤ ਮੁੰਹਾਂ ਤੋਂ ਨਿਕਲਣੇ ਸ਼ੁਰੂ ਹੋ ਜਾਂਦੇ ਹਨ ।
ਪੰਜਾਬੀ ਲੋਕ ਗੀਤ ਸਾਡੇ ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਹਨ । ਇਹਨਾਂ ਗੀਤਾਂ ਨੂੰ ਸੁਣ ਕੇ ਸਾਨੂੰ ਪੰਜਾਬ ਦੇ ਪੁਰਾਣੇ ਇਤਿਹਾਸ ਦਾ ਪਤਾ ਲੱਗ ਜਾਂਦਾ ਹੈ । ਇਹਨਾਂ ਗੀਤਾਂ ਵਿਚ ਜੀਵਨ ਧੜਕਦਾ ਨਜ਼ਰ ਆਉਂਦਾ ਹੈ । ਪੰਜਾਬ ਦੇ ਦਰਿਆਵਾਂ ਦੀ ਰਵਾਨੀ, ਲਹਿ ਲਹਿ ਕਰਦੇ ਖੇਤਾਂ ਦੀ ਸੁਗੰਧੀ, ਹੀਰ ਰਾਂਝਿਆਂ ਦੀਆਂ ਨੁਹਾਰਾਂ, ਗੱਭਰੂਆਂ ਦੇ ਭੰਗੜੇ, ਪਿੰਡਾਂ ਦੇ ਮੇਲੇ ਇਹ ਸਭ ਸਾਫ਼ ਨਜ਼ਰੀ ਆਉਂਦੇ ਹਨ। ਪੰਜਾਬੀ ਲੋਕ ਗੀਤਾਂ ਦਾ ਖੇਤਰ ਬਹੁਤ ਹੀ ਵਿਸ਼ਾਲ ਹੈ । ਉਹ ਜੀਵਨ ਦੇ ਹਰ ਪੱਖ ਨੂੰ ਉਜਾਗਰ ਕਰਦੇ ਹਨ ।
ਪੰਜਾਬ ਨੂੰ ਜੇਕਰ ਲੋਕ ਗੀਤਾਂ ਦਾ ਦੇਸ ਵੀ ਕਹਿ ਲਿਆ ਜਾਵੇ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ। ਪੰਜਾਬੀ ਮਨੁੱਖ ਲੋਰੀਆਂ ਵਿੱਚ ਜੰਮਦਾ ਹੈ, ਬੋਲੀਆਂ ਤੇ ਟੱਪਿਆਂ ਵਿੱਚ ਜੁਆਨ ਹੁੰਦਾ ਹੈ, ਘੋੜੀਆਂ ਵਿੱਚ ਵਿਆਹਿਆ ਜਾਂਦਾ ਹੈ ਤੇ ਵੈਣਾਂ ਵਿੱਚ ਮਰ ਜਾਂਦਾ ਹੈ । ਜੀਵਨ ਦਾ ਕਿਹੜਾ ਪੱਖ ਜਿਹੜਾ ਕਿ ਇਹਨਾਂ ਗੀਤਾਂ ਵਿੱਚ ਸਾਨੂੰ ਨਜ਼ਰ ਨਹੀਂ ਆਉਂਦਾ ਹੈ । ਜਿਵੇਂ ਕਿ ਜਦੋਂ ਗਰਮੀਆਂ ਦੀ ਰੁੱਤ ਵਿੱਚ ਵਧੇਰੇ ਗਰਮੀ ਪੈਂਦੀ ਹੈ ਤਾਂ ਬੱਚੇ ਇੱਕਠੇ ਹੋ ਕੇ ਆਪਣੇ ਦਿਲਾਂ ਦੀ ਹੁਕ ਬਾਹਰ ਇਉਂ । ਕੱਢਦੇ ਹਨ :-
ਰੱਬਾ ਰੱਬਾ ਮੀਂਹ ਵਰਾ, ਸਾਡੀ ਕੋਠੀ ਦਾਣੇ ਪਾ ।
ਸਾਉਣ ਦੇ ਮਹੀਨੇ ਜਦੋਂ ਮੁਟਿਆਰਾਂ ਇਕੱਠੀਆਂ ਹੋ ਕੇ ਪੀਂਘਾਂ ਝੂਟਦੀਆਂ ਹਨ ਤੇ ਗਿੱਧਾ ਪਾਉਂਦੀਆਂ ਹਨ ਤਾਂ ਉਹ ਇਉਂ ਕਹਿੰਦੀਆਂ ਹਨ :-ਕੱਠੀਆਂ ਹੋਕੇ ਆਈਆਂ ਗਿੱਧੇ ਵਿੱਚ ਇਕੋ ਜਿਹੀਆਂ ਨਾਰਾਂ ।
ਚਾਨਣ ਦੇ ਵਿੱਚ ਇਉਂ ਚਮਕਣ ਜਿਉਂ ਸੋਨੇ ਦੀਆਂ ਤਾਰਾਂ ।
ਦੂਹਰੀਆਂ ਹੋ ਕੇ ਨੱਚਣ ਕੁੜੀਆਂ ਜਿਉਂ ਕੂੰਜਾਂ ਦੀ ਡਾਰਾਂ ।
ਜੋਰ ਜਵਾਨੀ ਦਾ ਮਿੱਤਰਾ ਲੁੱਟ ਲੈ ਮੌਜ ਬਹਾਰਾਂ ।
ਪੰਜਾਬੀ ਲੋਕ ਗੀਤ ਸਾਡੇ ਪੁਰਾਣੇ ਵਿਰਸੇ ਤੇ ਵੀ ਰੋਸ਼ਨੀ ਪਾਉਂਦੇ ਹਨ ਅਨਪੜ ਮਨੁੱਖਾਂ ਦੀ ਕਦਰ ਬੋਲੀ ਵਿੱਚ ਮੁਟਿਆਰਾਂ ਇਉਂ ਕਰਦੀ ਹਨ :-
ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਫੀਤਾ
ਮੈਂ ਨੀਂ ਤੇਰੇ ਘਰ ਵੱਸਣਾ ਤੂੰ ਬੀ.ਏ. ਪਾਸ ਨਹੀਂ ਕੀਤਾ ।
ਇਉਂ ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀ ਲੋਕ ਗੀਤ ਸਾਡੇ ਅਮੀਰ ਸੱਭਿਆਚਾਰ ਹਿੱਸਾ ਹਨ । ਡਾ. ਮਹਿੰਦਰ ਸਿੰਘ ਰੰਧਾਵਾ ਵਰਗੇ ਮਨੁੱਖਾਂ ਨੇ ਇਹਨਾਂ ਲੋਕ ਗੀਤਾਂ ਨੂੰ ਸੰਭਾਲਣ ਲਈ ਹੰਭਲਾ ਮਾਰਿਆ ਸੀ । ਜਿੰਨਾਂ ਦੇ ਸਦਕੇ ਸਾਨੂੰ ਲੋਕ ਗੀਤ ਪੜਨ, ਸੁਣਨ ਨੂੰ ਮਿਲ ਜਾਂਦੇ ਹਨ ।
0 Comments