ਮੇਰੀ ਮਨਪਸੰਦ ਪੁਸਤਕ
Meri Manpasand Pustak
ਹਰ ਮਨੁੱਖ ਨੂੰ ਇਸ ਸੰਸਾਰ ਅੰਦਰ ਕੋਈ ਨਾ ਕੋਈ ਵਸਤੁ, ਸ਼ੈਅ ਪਸੰਦ ਹੁੰਦੀ ਹੈ । ਇਸੇ ਤਰ੍ਹਾਂ ਮੈਨੂੰ ਵੀ ਜਿਹੜੀ ਚੀਜ਼ ਪਸੰਦ ਹੈ ਉਹ ਹੈ ਪੰਜਾਬੀ ਕਹਾਣੀਆਂ ਦੀ ਪੁਸਤਕ । ਮੈਂ ਖਾਲੀ ਸਮੇਂ ਵਿੱਚ ਲਾਇਬਰੇਰੀ ਅੰਦਰ ਬੈਠ ਕੇ ਇਹ ਕਹਾਣੀਆਂ ਦੀ ਪੁਸਤਕ ਪੜ੍ਹਦਾ ਹਾਂ ।
ਇਹ ਪੁਸਤਕ ਪੰਜਾਬੀ ਦੇ ਪ੍ਰਸਿੱਧ ਵਾਰਤਕਕਾਰ ਸ. ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਰਚਨਾ ਹੈ । ਇਹਨਾਂ ਕਹਾਣੀਆਂ ਵਿੱਚੋਂ ਮੈਨੂੰ ਭਾਬੀ ਮੈਨਾ ਕਹਾਣੀ ਬਹੁਤ ਹੀ ਪਸੰਦ ਆਉਂਦੀ ਹੈ । ਇਸ ਪੁਸਤਕ ਅੰਦਰ ਕੁਲ 10 ਕਹਾਣੀਆਂ ਹਨ । ਲੇਕਿਨ ਭਾਬੀ ਮੈਨਾ ਕਹਾਣੀ ਇਸ ਪੁਸਤਕ ਦੀ ਖਾਸ ਕਹਾਣੀ ਹੈ । ਮੈਂ ਇਸ ਕਿਤਾਬ ਨੂੰ ਕਿੰਨੀ ਹੀ ਵਾਰੀ ਪੜ ਚੁੱਕਿਆ ਹਾਂ । ਲੇਕਿਨ ਹਰ ਵਾਰੀ ਇਸ ਨੂੰ ਦੁਬਾਰਾ ਪੜਨ ਦਾ ਦਿਲ ਕਰਦਾ ਹੈ ।
ਇਸ ਪਾਠ ਪੁਸਤਕ ਦੀਆਂ ਕਹਾਣੀਆਂ ਸਾਨੂੰ ਸਮਾਜ ਦੀਆਂ ਤੰਗ ਵਲਗਣਾਂ ਚੋਂ ਬਾਹਰ ਕੱਢ ਕੇ ਖੁੱਲੇ ਅਸਮਾਨ ਵਿੱਚ ਉਡਾਰੀਆਂ ਮਾਰਨ ਦੀ ਪ੍ਰੇਰਨਾ ਦਿੰਦੀਆਂ ਹਨ । ਇਹਨਾਂ ਕਹਾਣੀਆਂ ਨੂੰ ਪੜ੍ਹ ਕੇ ਸਾਨੂੰ ਆਪਣੇ ਜੀਵਨ ਦੀ ਜਾਚ ਆਉਂਦੀ ਹੈ । ਇਸ ਦੀਆਂ ਸਾਰੀਆਂ ਕਹਾਣੀਆਂ ਸਮਾਜਿਕ ਕੁਰੀਤੀਆਂ ਤੇ ਚਾਨਣਾ ਪਾਉਂਦੀਆਂ ਹੋਈਆਂ ਸਾਨੂੰ ਇਕ ਨਵੀਂ ਸੇਧ ਦਿੰਦੀਆਂ ਹਨ |
ਇਸ ਪੁਸਤਕ ਦੀਆਂ ਬਹੁਤੀਆਂ ਕਹਾਣੀਆਂ ਪ੍ਰੀਤ ਕਹਾਣੀਆਂ ਹਨ ਤੇ ਉਹਨਾਂ ਦਾ ਮੁੱਖ ਵਿਸ਼ਾ ਪਿਆਰ ਦਾ ਹੈ । ਲੇਖਕ ਇਹ ਦੱਸਣਾ ਚਾਹੁੰਦਾ ਹੈਕਿ-ਪਿਆਰ ਉਮਰਾਂ ਨਹੀਂ ਵੇਖਦਾ, ਦੇਸ ਕੌਮ ਦੀਆਂ ਹੱਦਾਂ ਨਹੀਂ ਵੇਖਦਾ, ਸਮੇਂ ਦੇ ਗੇੜ ਵਿੱਚ ਨਹੀਂ ਪੈਂਦਾ । ਲੇਕਿਨ ਫੇਰ ਵੀ ਕਈ ਕਹਾਣੀਆਂ ਨੇ ਸਮਾਜਿਕ ਕੁਰੀਤੀਆਂ ਨੂੰ ਚੰਗੇ ਤੌਰ ਤੇ ਚਿੱਤਰਿਆ ਹੈ । ਜਿਵੇਂ ਕਿ ਭਾਬੀ ਮੈਨਾ ਕਹਾਣੀ ਵਿੱਚ ਸਮਾਜ ਇਕ ਵਿਧਵਾ ਨੂੰ ਦੁਬਾਰਾ ਵਿਆਹ ਕਰਾਉਣ ਦੀ ਇਜਾਜ਼ਤ ਨਹੀਂ ਦਿੰਦਾ ਹੈ । ਸਗੋਂ ਸਮਾਜ ਵੱਲੋਂ ਉਸ ਉਪਰ ਸਖ਼ਤ ਨਿਗਾਹ ਰੱਖੀ ਜਾਂਦੀ ਹੈ ਕਿ ਉਹ ਛੋਟੇ ਜਿਹੇ ਬੱਚੇ ਨਾਲ ਪਿਆਰ ਦੀ ਖੁੱਲ ਵੀ ਨਹੀਂ ਲੈ ਸਕਦੀ । ਗੁਰਬਖਸ਼ ਸਿੰਘ ਦੀਆਂ ਇਹਨਾਂ ਕਹਾਣੀਆਂ ਦਾ ਮੁੱਖ ਮਕਸਦ ਹੀ ਇਹ ਹੈ ਕਿ ਸਮਾਜ ਨੂੰ ਛੋਟੀਆਂ ਛੋਟੀਆਂ ਕੁਰੀਤੀਆਂ ਤੋਂ ਉਪਰ ਚੁੱਕਣਾ ਹੈ ।
ਇਹਨਾਂ ਕਹਾਣੀਆਂ ਦੀ ਪੁਸਤਕ ਵਿੱਚ ਪੰਜਾਬੀ ਦੀ ਸਰਲ ਭਾਸ਼ਾ ਦਾ ਪ੍ਰਯੋਗ ਕੀਤਾ ਗਿਆ ਹੈ । ਵੈਸੇ ਵੀ ਸਾਹਿਤਕਾਰ ਰਬਖਸ਼ ਸਿੰਘ ਨੂੰ ਸ਼ਬਦਾਂ ਦਾ ਜਾਦੂਗਰ ਕਹਿੰਦੇ ਹਨ । ਉਸ ਦੀਆਂ ਕਹਾਣੀਆਂ ਦੇ ਪਾਤਰ ਉਪਰਲੀ ਸ਼੍ਰੇਣੀ ਦੇ ਹੋਣ ਜਾਂ ਫੇਰ ਮਜ਼ਦੂਰ ਸ਼੍ਰੇਣੀ ਦੇ ਉਹ ਸਾਰੇ ਹੀ ਸੁਹਜ ਸੁਆਦ ਵਾਲੇ ਅਤੇ ਜਜ਼ਬਾਤੀ ਨਾਲ ਭਰੇ ਹੁੰਦੇ ਹਨ । ਇਹਨਾਂ ਪਾਤਰਾਂ ਦੀ ਬੋਲੀ ਕੰਨਾ ਵਿੱਚ ਮਿਸ਼ਰੀ ਘੋਲਦੀ ਪ੍ਰਤੀਤ ਹੁੰਦੀ ਹੈ । ਕਈ ਥਾਂ ਉੱਤੇ ਅੰਗਰੇਜ਼ੀ, ਉਰਦੂ, ਫਾਰਸੀ ਦੇ ਸ਼ਬਦ ਵਰਤੇ ਗਏ ਹਨ । ਵਾਕ ਆਮ ਤੌਰ ਉੱਤੇ ਉਕਾਉਣ ਵਾਲੇ ਨਹੀਂ ਹੁੰਦੇ ਸਗੋਂ ਰੌਚਕਤਾ ਭਰਪੂਰ ਹੁੰਦੇ ਹਨ ।
ਜ਼ਿੰਦਗੀ ਦੀਆਂ ਛੋਟੀਆਂ ਛੋਟੀਆਂ ਲਿਖੀਆਂ ਨਿੱਕੀਆਂ ਕਹਾਣੀਆਂ ਬਹੁਤ ਹੀ ਖਿੱਚ ਭਰਪੂਰ ਹਨ। ਇਸੇ ਲਈ ਸਾਨੂੰ ਇਹ ਕਹਾਣੀਆਂ ਜ਼ਿੰਦਗੀਆਂ ਨੂੰ ਜਿਉਣ ਦੀ ਜਾਂਚ ਸਿਖਾਉਂਦੀਆਂ ਹਨ ।
0 Comments