ਰੁਪਈਏ ਦੀ ਆਤਮਕਥਾ
Rupye Di Atmakatha
ਸਾਮਾਨ ਖਰੀਦ ਕੇ ਮੈਂ ਰੁਪਈਆ ਦੁਕਾਨਦਾਰ ਨੂੰ ਦਿੱਤਾ ਪਰ ਉਸ ਰੁਪਈਆਂ ਮੈਨੂੰ ਵਾਪਸ ਮੋੜ ਦਿੱਤਾ ਕਿਉਂਕਿ ਇਹ ਕੁਝ ਪੁਰਾਣਾ ਤੋਂ ਫਟਿਆ ਹੋਇਆ ਸੀ । ਰੁਪਈਏ ਨੇ ਇਸ ਨੂੰ ਆਪਣੀ ਬੇਇੱਜ਼ਤੀ ਸਮਝਿਆਂ ਅਤੇ ਕਹਿਣ ਲੱਗਾ, “ਦੁਨੀਆ ਬਹੁਤ ਸੁਆਰਥੀ ਹੈ। ਪਿਤਾ ਪੁੱਤਰ ਨੂੰ ਪਾਲਦਾ ਪੋਸਦਾ, ਪੜ੍ਹਦਾ, ਲਿਖਾਂਦਾ ਤੇ ਵਿਆਹੁੰਦਾ ਹੈ। ਪਰ ਜਦੋਂ ਬੁਢਾਪਾ ਆਉਂਦਾ ਹੈ ਅਤੇ ਪਿਤਾ ਦੀ ਸੇਵਾ ਕਰਵਾਉਣ ਦੀ ਵਾਰੀ ਆਉਂਦੀ ਹੈ ਤਾਂ ਪੁੱਤਰ ਉਸ ਨੂੰ ਠੁਕਰਾ ਦਿੰਦਾ ਹੈ। ਇਥੋਂ ਤਕ ਕਿ ਉਸ ਨੂੰ ਆਪਣਾ ਪਿਤਾ ਮੰਨਣ ਤੋਂ ਵੀ ਇਨਕਾਰ ਕਰ ਦਿੰਦਾ ਹੈ। ਦੁਨੀਆਂ ਵਿਚ ਇਹ ਰੀਤ ਚਲੀ ਆਉਂਦੀ ਹੈ, ਮੈਂ ਵੇਖਦਾ ਆ ਰਿਹਾ ਹਾਂ ਅੱਜ ਮੇਰੇ ਤੇ ਬੁਢਾਪਾ ਆ ਗਿਆ ਹੈ। ਇਸ ਲਈ ਹਰ ਇਕ ਮੈਨੂੰ ਲੈਣ ਤੋਂ ਇਨਕਾਰ ਕਰ ਰਿਹਾ ਹੈ। ਮੈਂ ਵੀ ਜਵਾਨੀ ਦੇ ਨਜ਼ਾਰੇ ਵੇਖੇ ਹਨ।
“ਮੇਰਾ ਜਨਮ ਨਾਸਿਕ ਵਿਚ ਹੋਇਆ। ਮੈਨੂੰ ਉਹ ਦਿਨ ਚੰਗੀ ਤਰ੍ਹਾਂ ਯਾਦ ਹੈ ਜਦੋਂ ਮੈਂ ਛਾਪੇਖਾਨੇ ਵਿਚੋਂ ਨਿਕਲ ਕੇ ਬਾਹਰ ਆਇਆ ਸੀ, ਉਸ ਵੇਲੇ ਮੇਰਾ ਰੂਪ ਨਵੀਂ ਵਿਆਹੀ ਵਹੁਟੀ ਵਾਂਗ ਨਿਖਰਿਆ ਹੋਇਆ ਸੀ । ਜਿਸ਼ ਹਸਪਤਾਲ ਵਿਚ , ਮੇਰਾ ਜਨਮ ਹੋਇਆ ਉਸਨੂੰ ਟਕਸਾਲ ਕਹਿੰਦੇ ਹਨ। ਮੈਨੂੰ ਆਪਣਾ ਜਨਮ ਅਸਥਾਨ ਬੜਾ ਪਿਆਰਾ ਲਗਦਾ ਹੈ ਜਿਥੇ ਮਰ ਉਤੇ ਰੰਗ ਬਰੰਗੇ ਛਾਪੇ ਪਾਏ ਗਏ ਅਤੇ ਮੇਰੇ ਸੁਹੱਪਣ ਨੂੰ ਚਾਰ ਚੰਨ ਲੱਗ ਗਏ । ਆਖਿਰ ਮੈਨੂੰ ਆਪਣਾ ਜਨਮ ਸਥਾਨ ਛੱਡਣਾ ਪਿਆ। ਮੈਨੂੰ ਬੈਂਕ ਵਿਚ ਲਿਆਂਦਾ ਗਿਆ । ਇਥੇ ਮੈਨੂੰ ਵੱਡੇ-ਵੱਡੇ ਜੰਦਰਿਆਂ ਵਿਚ ਬੰਦ ਕਰ ਦਿੱਤਾ ਗਿਆ । ਮੇਰਾ ਸਾਹ ਘੁਟਣ ਲੱਗਿਆ । ਮੈਂ ਛੇਤੀ ਤੋਂ ਛੇਤੀ ਬਾਹਰ ਨਿਕਲਣ ਦੇ ਤਰੀਕੇ ਸੋਚਣ ਲੱਗਿਆ । ਮੈਂ ਹੱਥ ਜੋੜ ਕੇ ਰੱਬ ਨੂੰ ਬੇਨਤੀ ਕਰਨ ਲੱਗਾ ਕਿ ਖੁੱਲੀ ਹਵਾ ਵਿਚ ਜਾ ਬੈਠਾ ਪਰ ਮਜਬੂਰ ਸੀ ।
ਇਕ ਦਿਨ ਇਕ ਕੰਜੂਸ ਆਦਮੀ ਬੈਂਕ ਵਿਚ ਆਇਆ । ਉਹ ਚੈਕ ਦੇ ਕੇ ਮੈਨੂੰ ਬੈਂਕ ਵਿਚੋਂ ਮੇਰੇ ਦੂਜੇ ਸਾਥੀਆਂ ਨਾਲ ਲੈ ਗਿਆ। ਮੈਂ ਰੱਬ ਦਾ ਸ਼ੁਕਰ ਕੀਤਾ ਕਿ ਹੁਣ ਮੈਨੂੰ ਬਾਹਰ ਦੀ ਖੁਲੀ ਹਵਾ ਮਿਲੇਗੀ ਪਰ ਹੋਇਆ ਇਸ ਦੇ ਉਲਟ। ਉਸ ਬੇਰਹਿਮ ਨੇ ਮੈਨੂੰ ਟਰੰਕ ਵਿਚ ਬੰਦ ਕਰਕੇ ਰੱਖ ਦਿੱਤਾ। ਹੁਣ ਮੇਰੀ ਪਹਿਲਾਂ ਤੋਂ ਵੀ ਬੁਰੀ ਹਾਲਤ ਹੋਈ ।
ਹਰ ਰੋਜ਼ ਉਹ ਬੇਰਹਿਮ ਆਦਮੀ ਟਰੰਕ ਖੋਲ੍ਹਦਾ ਅਤੇ ਮੇਰੇ ਕੁਝ ਸਾਥੀਆਂ ਨੂੰ ਕੱਢ ਕੇ ਲੈ ਜਾਂਦਾ । ਇਕ ਦਿਨ ਮੇਰੀ ਵਾਰੀ ਵੀ ਆ ਗਈ । ਮੈਂ ਸੋਚਿਆ ਕਿ ਹੋ ਮੈਨੂੰ ਜੇਲ ਤੋਂ ਛੁੱਟੀ ਮਿਲ ਜਾਏਗੀ । ਪਰ ਮੈਂ ਇਹ ਨਹੀਂ ਸੀ ਜਾਣਦਾ ਕਿ ਮੈਂ ਨਸੀਬਾਂ ਵਿਚ ਆਜ਼ਾਦੀ ਅਜੇ ਨਹੀਂ ਲਿਖੀ । ਮੈਂ ਜਿਸ ਆਦਮੀ ਨੂੰ ਦਿੱਤਾ ਗਿਆ ਉਸ ਨੇ ਵੀ ਮੇਰੀ ਹਾਲਤ ਤੇ ਤਰਸ ਨਾ ਕੀਤਾ । ਇਸ ਤਰ੍ਹਾਂ ਮੇਰਾ ਬਚਪਨ ਜੇਲ੍ਹ ਵਿਚ ਹੀ ਬੀਤਿਆ।
ਕਈ ਵਾਰ ਮੇਰੇ ਕਾਰਨ ਝਗੜੇ ਹੋ ਪੈਂਦੇ । ਹਰ ਕੋਈ ਮੈਨੂੰ ਆਪਣੇ ਕੋਲ ਲੈ ਜਾਣ ਦੀ ਕੋਸ਼ਿਸ਼ ਕਰਦਾ । ਮੇਰੇ ਕਾਰਨ ਲੋਕ ਮਰਨ ਮਾਰਨ ਨੂੰ ਤਿਆਰ ਹੋ ਜਾਂਦੇ । ਹਰ ਕੋਈ ਮੈਨੂੰ ਲੈ ਕੇ ਖੁਸ਼ ਹੁੰਦਾ । ਮੈਂ ਇਸ ਨੂੰ ਆਪਣੀ ਇੱਜ਼ਤ ਸਮਝਦਾ ਸੀ। ਹਰ ਕੋਈ ਮੇਰੀ ਬਹੁਤ ਕਦਰ ਕਰਦਾ ।
ਕਈਆਂ ਹੱਥਾਂ ਵਿਚੋਂ ਲੰਘਣ ਕਾਰਨ ਮੇਰਾ ਰੂਪ ਵਿਗੜਨ ਲੱਗਾ ਪਰ ਮੇਰੀ ਕਦਰ ਨਹੀਂ ਘਟੀ ! ਮੈਂ ਗ਼ਰੀਬਾਂ ਤੇ ਅਮੀਰਾਂ ਹਰ ਤਰਾਂ ਦੇ ਆਦਮੀਆਂ ਦੀਆਂ ਜੇਬਾਂ ਵੇਖੀਆਂ ਹਨ। ਹਰ ਥਾਂ ਬਿਨਾਂ ਟਿਕਟ ਸਫ਼ਰ ਕੀਤਾ ਹੈ। ਜ਼ਿੰਦਗੀ ਦੇ ਚੰਗੇ ਤੇ ਭੈੜੇ ਦਿਨ ਵੇਖੇ ਹਨ। ਪਰ ਹੁਣ ਮੇਰੀ ਅਣਖ ਨੂੰ ਵੱਟਾ ਲੱਗ ਰਿਹਾ ਹੈ। ਮੈਂ ਇਹ ਕਿਵੇਂ ਸਹਾਰ ਸਕਦਾ ਹਾਂ । ਹੁਣ ਮੈਂ ਆਪਣੀ ਜ਼ਿੰਦਗੀ ਤੋਂ ਤੰਗ ਆ ਗਿਆ ਹਾਂ ।
0 Comments