ਲਿਪੀ ਕੀ ਹੈ ?
Lipi Ki Hai?
ਲਿਪੀ, ਭਾਸ਼ਾ ਨੂੰ ਲਕੀਰਾਂ ਵਿੱਚ ਚਿਤਰਿਤ ਕਰਨ ਦੀ ਕਲਾ ਹੈ “ਜਾਂ ਲਿਖਣ ਦਾ ਇੱਕ ਵਿਓਂਤਬੱਧ ਤਰੀਕਾ। ਜੇ ਜ਼ਰਾ ਹੋਰ ਡੂੰਘਾਈ ਨਾਲ ਵੇਖੀਏ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਲਿਪੀ ਉਚਰਿਤ ਧੁਨੀਆਂ ਨੂੰ ਅੰਕਿਤ ਕਰਨ ਲਈ ਚਿੰਨ੍ਹਾਂ ਤੇ ਨਿਸ਼ਾਨਾਂ ਦੇ ਲਕੀਰ ਦਾ ਇੱਕ ਢੰਗ ਹੈ ਜਾਂ ਲਿਪੀ ਮਨੁੱਖੀ ਸੰਘ ਵਿੱਚੋਂ ਨਿਕਲੇ ਬੋਲਾਂ ਨੂੰ ਚਿੱਤਰਾਂ, ਲਕੀਰਾਂ, ਸੰਕੇਤਾਂ ਜਾਂ ਚਿੰਨ੍ਹਾਂ ਵਿੱਚ ਉਲੀਕਣ ਦੀ ਇੱਕ ਵਿਧੀ ਹੈ।
ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਲਿਪੀ ਜਾਂ ਲਿਖਣ-ਕਲਾ ਬੋਲੀ ਦੀ ਸੰਕੇਤਿਕ ਪਤਿਨਿਧ ਹੁੰਦੀ ਹੈ ਜਿਹੜੀ ਕਿ ਆਉਣ ਵਾਲੀਆਂ ਪੀੜੀਆਂ ਲਈ ਸੰਭਾਲੀ ਜਾ ਸਕਦੀ ਹੈ। ਇਸ ਤਰ੍ਹਾਂ ਸਮੁੱਚੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਲਿਪੀ ਅਜਿਹੇ ਸੰਕੇਤਾਂ ਤੇ ਚਿੰਨ੍ਹਾਂ ਦੀ ਵਿਉਂਤਬੰਦੀ ਹੈ, ਜਿਨ੍ਹਾਂ ਨਾਲ ਸੁਣਨਯੋਗ ਬੋਲੀ ਨੂੰ ਵੇਖਣ ਯੋਗ ਬਣਾਇਆ ਜਾ ਸਕਦਾ ਹੈ ਭਾਵ ਲਿਖਿਆ ਜਾਂਦਾ ਹੈ, ਇਸ ਲਿਖੇ ਨੂੰ ਪੜ੍ਹ ਕੇ ਮੁੜ ਉਚਾਰਿਆ ਜਾ ਸਕਦਾ ਹੈ।
ਜਿੱਥੇ ਬੋਲੀ ਭਾਵਾਂ ਦੀ ਪੁਸ਼ਾਕ ਹੈ ਉੱਥੇ ਲਿਪੀ ਬੋਲੀ ਦੀ ਪੁਸ਼ਾਕ ਹੈ। ਬੱਲੀ ਦਾ ਜਨਮ ਮਨ ਦੇ ਭਾਵਾਂ ਨੂੰ ਕੰਠ ਚੋਂ ਨਿਕਲੀਆਂ ਧੁਨੀਆਂ ਦੁਆਰਾ ਬਾਹਰ ਪ੍ਰਗਟ ਕਰਨ ਵਾਸਤੇ ਹੋਇਆ ਹੈ ਪਰ ਲਿਪੀ ਦਾ ਜਨਮ ਧੁਨੀਆਂ ਨੂੰ ਚਿੱਤਰਾਂ ਜਾਂ ਚਿੰਨ੍ਹਾਂ ਨਾਲ ਪ੍ਰਗਟ ਕਰਨ ਵਾਸਤੇ ਹੋਇਆ ਹੈ। ਲਿਪੀ ਦੀ ਕਲਾ ਮਨੁੱਖ ਦੀ ਸਭ ਤੋਂ ਵੱਡੀ ਕਾਢ ਹੈ। ਜੇ ਲਿਪੀ ਨਾ ਹੁੰਦੀ ਤਾਂ ਮੂੰਹ ਵਿੱਚੋਂ ਨਿਕਲੇ ਬੋਲ ਝਟ ਪਟ ਹੀ ਉੱਡ-ਪੁੱਡ ਜਾਂਦੇ ਤੇ ਪੀੜੀਆਂ ਦਾ ਗਿਆਨ ਸਾਡੇ ਤੱਕ ਨਾ ਪਹੁੰਚਦਾ। ਸੱਚ ਮੁੱਚ ਲਿਪੀ ਬਿਨਾਂ ਬੋਲੀ ਵੀ ਪਿਗਲੀ ਹੈ।
ਇੱਕ ਗੱਲ ਹੋਰ ਵੀ ਹੈ ਜਿਵੇਂ ਮੂੰਹ-ਜ਼ਬਾਨੀ ਉਚਾਰੀਆਂ ਧੁਨੀਆਂ ਅਤੇ ਉਹਨਾਂ ਦੇ ਅਰਥਾਂ ਦੇ ਦਰਮਿਆਨ ਜੋ ਰਿਸ਼ਤਾ ਹੁੰਦਾ ਹੈ, ਉਹ ਆਪਹੁਦਰਾ ਪਰ ਸਮਾਜਕ ਤੌਰ ਤੇ ਪ੍ਰਵਾਨ ਹੁੰਦਾ ਹੈ। ਇਸੇ ਤਰ੍ਹਾਂ ਭਾਸ਼ਾ-ਧੁਨੀਆਂ ਅਤੇ ਲਿਪੀ ਚਿੰਨ੍ਹਾਂ ਦਾ ਆਪ ਵਿਚਲਾ ਰਿਸ਼ਤਾ ਵੀ ਆਪਹੁਦਰਾ ਪਰ ਪਰੰਪਰਿਕ ਤੌਰ 'ਤੇ ਪ੍ਰਵਾਨ ਹੁੰਦਾ ਹੈ।
2 Comments
Punjabiandtheother
ReplyDeletePanjabi lipi
ReplyDelete